skip to content

Last Updated: November 17, 2026

Dainik Savera Times Logo

The One 2: ਛੱਠ ਮੌਕੇ ਏਕਤਾ ਕਪੂਰ ਵੱਲੋਂ ‘ਦ ਵਨ’ ਦੇ ਸੀਕਵਲ ਦਾ ਐਲਾਨ, ਕਿਹਾ- ਕਹਾਣੀ ਅਜੇ ਬਾਕੀ ਹੈ

16 November 2026 ਅੱਪਡੇਟ ਕੀਤਾ ਗਿਆ

The One 2: ਛੱਠ ਮੌਕੇ ਏਕਤਾ ਕਪੂਰ ਵੱਲੋਂ ‘ਦ ਵਨ’ ਦੇ ਸੀਕਵਲ ਦਾ ਐਲਾਨ, ਕਿਹਾ- ਕਹਾਣੀ ਅਜੇ ਬਾਕੀ ਹੈ

The One 2: ਸਿਧਾਰਥ ਮਲਹੋਤਰਾ ਅਤੇ ਤਮੰਨਾ ਭਾਟੀਆ ਦੀ ਅਦਾਕਾਰੀ ਵਾਲੀ ਫਿਲਮ ‘ਦ ਵਨ’ ਨੂੰ ਦਰਸ਼ਕਾਂ ਵੱਲੋਂ ਮਿਲੇ ਚੰਗੇ ਹੁੰਗਾਰੇ ਤੋਂ ਬਾਅਦ ਨਿਰਮਾਤਾਵਾਂ ਨੇ ਇਸ ਦੀ ਕਹਾਣੀ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਛਠ ਪੂਜਾ ਦੇ ਸ਼ੁਭ ਮੌਕੇ ’ਤੇ ਸੋਮਵਾਰ ਨੂੰ ਏਕਤਾ ਕਪੂਰ ਨੇ ਫਿਲਮ ਦੇ ਦੂਜੇ ਭਾਗ ਦਾ ਐਲਾਨ ਕਰ ਦਿੱਤਾ। ਇਸ ਖ਼ਬਰ ਨਾਲ ਫਿਲਮ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਸ ਐਲਾਨ ਦੇ ਨਾਲ ਨਿਰਮਾਤਾਵਾਂ ਨੇ ਛਠ ਪੂਜਾ ਮਨਾਉਂਦੇ ਲੋਕਾਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ। ਇਸ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਕਿ ‘ਦ ਵਨ’ ਦੀ ਕਹਾਣੀ ਹਾਲੇ ਖ਼ਤਮ ਨਹੀਂ ਹੋਈ। ਵੀਡੀਓ ਰਾਹੀਂ ਫਿਲਮ ਦੀ ਰਹੱਸਮਈ ਦੁਨੀਆ ਦੀ ਅਗਲੀ ਕੜੀ ਬਾਰੇ ਸੰਕੇਤ ਦਿੱਤਾ ਗਿਆ ਹੈ।

ਸਾਂਝੇ ਕੀਤੇ ਗਏ ਵੀਡੀਓ ਵਿੱਚ ਇੱਕ ਛੋਟੀ ਬੱਚੀ ਤਿਤਲੀ ਦੇ ਪਿੱਛੇ ਦੌੜਦੀ ਨਜ਼ਰ ਆਉਂਦੀ ਹੈ, ਜਦਕਿ ਉਸ ਦੇ ਪਿੱਛੇ ਕੁਝ ਰਹੱਸਮਈ ਤਾਕਤਾਂ ਮੌਜੂਦ ਦਿਖਾਈ ਦਿੰਦੀਆਂ ਹਨ। ਵੀਡੀਓ ਦਾ ਸਭ ਤੋਂ ਦਿਲਚਸਪ ਪਲ ਉਸ ਵੇਲੇ ਆਉਂਦਾ ਹੈ, ਜਦੋਂ ਬੱਚੀ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ। ਇਹ ਦ੍ਰਿਸ਼ ਪਹਿਲੀ ਫਿਲਮ ਦੇ ਕਲਾਈਮੈਕਸ ਦੀ ਯਾਦ ਦਿਵਾਉਂਦਾ ਹੈ ਅਤੇ ਅਗਲੇ ਭਾਗ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰਦਾ ਹੈ।

ਬਾਲਾਜੀ ਮੋਸ਼ਨ ਪਿਕਚਰਜ਼ ਅਤੇ TVF ਹੁਣ ‘ਦ ਵਰਲਡ ਆਫ ਵਨ’ ਨੂੰ ਹੋਰ ਵਿਸਤਾਰ ਦੇਣ ਦੀ ਤਿਆਰੀ ਵਿੱਚ ਹਨ। ਇਸ ਫਿਲਮੀ ਦੁਨੀਆ ਦੀ ਕਹਾਣੀ ਰਹੱਸਮਈ ਜੰਗਲ, ਦੇਵੀ, ਪੁਰਾਤਨ ਮਾਨਤਾਵਾਂ ਅਤੇ ਉਸ ਸੰਸਾਰ ਦੀ ਰੱਖਿਆ ਕਰਨ ਵਾਲੀਆਂ ਅਲੌਕਿਕ ਸ਼ਕਤੀਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਛਠ ਪੂਜਾ ਨੂੰ ਵੀ ਇਸ ਕਹਾਣੀ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ।

ਇਸ ਤੋਂ ਪਹਿਲਾਂ ਸਿਧਾਰਥ ਮਲਹੋਤਰਾ ਨੇ ਛਠ ਪੂਜਾ ਦੇ ਮੌਕੇ ’ਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਨੇ ਲਿਖਿਆ ਕਿ ਕੁਝ ਕਹਾਣੀਆਂ ਅਜਿਹੀਆਂ ਹੁੰਦੀਆਂ ਹਨ, ਜੋ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਵੀ ਮਨ ਵਿੱਚ ਵੱਸੀਆਂ ਰਹਿੰਦੀਆਂ ਹਨ ਅਤੇ ‘ਦ ਵਨ’ ਉਨ੍ਹਾਂ ਲਈ ਅਜਿਹੀ ਹੀ ਫਿਲਮ ਹੈ। ਉਨ੍ਹਾਂ ਮੁਤਾਬਕ ਇਸ ਫਿਲਮ ਰਾਹੀਂ ਦੇਸ਼ ਦੀਆਂ ਲੋਕ-ਕਥਾਵਾਂ, ਆਸਥਾ ਅਤੇ ਸੱਭਿਆਚਾਰਕ ਰਵਾਇਤਾਂ ਨੂੰ ਸਮਝਣ ਦਾ ਮੌਕਾ ਮਿਲਿਆ।

ਅਦਾਕਾਰ ਨੇ ਇਹ ਵੀ ਕਿਹਾ ਕਿ ਦੇਸ਼ ਭਰ ਦੇ ਦਰਸ਼ਕਾਂ ਵੱਲੋਂ ਛਠ ਪੂਜਾ ਦੀ ਅਸਲ ਝਲਕ ਨੂੰ ਪਸੰਦ ਕਰਨਾ ਉਨ੍ਹਾਂ ਲਈ ਖ਼ਾਸ ਅਹਿਸਾਸ ਹੈ। ਦੀਪਕ ਮਿਸ਼ਰਾ ਦੇ ਨਿਰਦੇਸ਼ਨ ਹੇਠ ਬਣੀ ‘ਦ ਵਨ’ ਦੀ ਕਹਾਣੀ ਅਰੁਣਾਭ ਕੁਮਾਰ ਨੇ ਲਿਖੀ ਹੈ। ਸ਼ੋਭਾ ਕਪੂਰ, ਏਕਤਾ ਕਪੂਰ, ਅਰੁਣਾਭ ਕੁਮਾਰ ਅਤੇ ਨੀਰਜ ਕੋਠਾਰੀ ਵੱਲੋਂ ਸਾਂਝੇ ਤੌਰ ’ਤੇ ਨਿਰਮਿਤ ਇਹ ਫਿਲਮ 25 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.