skip to content

Last Updated: October 7, 2026

Dainik Savera Times Logo

Jalandhar Crime: ਦਿਨ-ਦਿਹਾੜੇ ਘਰ ਵਿੱਚ ਦਾਖ਼ਲ ਹੋਏ ਚੋਰ, 9 ਲੱਖ ਦੇ ਗਹਿਣੇ-ਨਕਦੀ ਲੈ ਕੇ ਫਰਾਰ; ਮੰਦਰ ਦੀ ਤਿਜੋਰੀ ਵੀ ਖੰਗਾਲੀ

7 hours ਪਹਿਲਾ

Jalandhar Crime: ਦਿਨ-ਦਿਹਾੜੇ ਘਰ ਵਿੱਚ ਦਾਖ਼ਲ ਹੋਏ ਚੋਰ, 9 ਲੱਖ ਦੇ ਗਹਿਣੇ-ਨਕਦੀ ਲੈ ਕੇ ਫਰਾਰ; ਮੰਦਰ ਦੀ ਤਿਜੋਰੀ ਵੀ ਖੰਗਾਲੀ

Jalandhar: ਥਾਣਾ ਨੰਬਰ-2 ਦੇ ਅਧੀਨ ਆਉਂਦੇ ਇਲਾਕੇ ਵਿੱਚ ਦਿਨ-ਦਿਹਾੜੇ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਚੋਰ ਸਵੇਰੇ ਪੈਟਰੋਲ ਪੰਪ ਨੇੜੇ ਗਲੀ ਵਿੱਚ ਸਥਿਤ ਇੱਕ ਘਰ ਵਿੱਚ ਦਾਖ਼ਲ ਹੋਏ ਅਤੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਕੰਮ ‘ਤੇ ਗਏ ਹੋਏ ਸਨ।

ਜਾਣਕਾਰੀ ਮੁਤਾਬਕ, ਪਰਿਵਾਰ ਦੀ ਇੱਕ ਮਹਿਲਾ ਕਰੀਬ 12 ਵਜੇ ਘਰ ਪਹੁੰਚੀ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਚੈੱਕ ਕਰਨ ‘ਤੇ ਪਤਾ ਲੱਗਾ ਕਿ ਉਸ ਵਿੱਚ ਰੱਖੇ ਗਹਿਣੇ ਅਤੇ ਨਕਦੀ ਗਾਇਬ ਸਨ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਥਾਣਾ ਨੰਬਰ-2 ਦੀ ਪੁਲਿਸ ਨੂੰ ਦਿੱਤੀ ਗਈ।

ਪੀੜਤ ਪਰਿਵਾਰ ਦੇ ਮੈਂਬਰ ਸਨੀ ਨੇ ਦੱਸਿਆ ਕਿ ਉਹ ਸਵੇਰੇ ਕਰੀਬ 11 ਵਜੇ ਕੰਮ ‘ਤੇ ਗਏ ਸਨ। ਉਨ੍ਹਾਂ ਦੀ ਪਤਨੀ ਦੇਵੀ ਤਾਲਾਬ ਹਸਪਤਾਲ ਵਿੱਚ ਦਵਾਈ ਦੀ ਦੁਕਾਨ ‘ਤੇ ਨੌਕਰੀ ਕਰਦੀ ਹੈ, ਜਦਕਿ ਉਨ੍ਹਾਂ ਦੀ ਮਾਤਾ ਦਸ਼ਮੇਸ਼ ਬੇਕਰੀ ਵਿੱਚ ਕੰਮ ਕਰਦੀ ਹੈ। ਪਰਿਵਾਰ ਦੇ ਸਾਰੇ ਮੈਂਬਰ ਘਰ ਨੂੰ ਤਾਲਾ ਲਗਾ ਕੇ ਆਪਣੇ-ਆਪਣੇ ਕੰਮ ‘ਤੇ ਗਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਘਰ ਵਿੱਚ ਚੋਰੀ ਹੋਣ ਦੀ ਸੂਚਨਾ ਮਿਲੀ।

ਉੱਥੇ ਹੀ ਪਰਿਵਾਰ ਦੀ ਮੈਂਬਰ ਚੰਚਲ ਨੇ ਦੱਸਿਆ ਕਿ ਉਹ ਦਸ਼ਮੇਸ਼ ਬੇਕਰੀ ਵਿੱਚ ਨੌਕਰੀ ਕਰਦੀ ਹੈ। ਕਰੀਬ 12 ਵਜੇ ਜਦੋਂ ਉਹ ਘਰ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਾ ਹੋਇਆ ਸੀ। ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਅਤੇ ਗੁਆਂਢ ਦੇ ਇੱਕ ਨੌਜਵਾਨ ਨੂੰ ਬੁਲਾ ਕੇ ਘਰ ਦੀ ਜਾਂਚ ਕੀਤੀ। ਅੰਦਰ ਜਾ ਕੇ ਦੇਖਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ਦਾ ਲਾਕਰ ਟੁੱਟਿਆ ਹੋਇਆ ਸੀ। ਚੋਰ ਆਪਣੇ ਕੁਝ ਔਜ਼ਾਰ ਵੀ ਮੌਕੇ ‘ਤੇ ਛੱਡ ਗਏ।

ਪੀੜਤ ਪਰਿਵਾਰ ਮੁਤਾਬਕ, ਚੋਰ ਕਰੀਬ 8 ਤੋਂ 9 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਵਾਰਦਾਤ ਉਸ ਸਮੇਂ ਹੋਈ, ਜਦੋਂ ਘਰ ਦੇ ਮੈਂਬਰ ਕੰਮ ‘ਤੇ ਜਾਣ ਤੋਂ ਕਰੀਬ ਇੱਕ ਘੰਟੇ ਬਾਅਦ ਤੱਕ ਬਾਹਰ ਸਨ। ਪਰਿਵਾਰ ਦੀ ਨੂੰਹ ਨੇ ਦੋਸ਼ ਲਗਾਇਆ ਕਿ ਚੋਰਾਂ ਨੇ ਘਰ ਦੇ ਨਾਲ-ਨਾਲ ਮੰਦਰ ਨੂੰ ਵੀ ਨਿਸ਼ਾਨਾ ਬਣਾਇਆ। ਮਹਿਲਾ ਮੁਤਾਬਕ, ਚੋਰ ਮੰਦਰ ਦੀ ਤਿਜੋਰੀ ਵਿੱਚੋਂ ਕਰੀਬ 20 ਤੋਂ 25 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਸ ਦੌਰਾਨ ਮੰਦਰ ਵਿੱਚ ਰੱਖੀਆਂ ਧਾਰਮਿਕ ਪੁਸਤਕਾਂ ਵੀ ਜ਼ਮੀਨ ‘ਤੇ ਸੁੱਟ ਦਿੱਤੀਆਂ ਗਈਆਂ।

ਪਰਿਵਾਰ ਨੇ ਇਲਾਕੇ ਵਿੱਚ ਨਸ਼ੇੜੀਆਂ ਦੀ ਮੌਜੂਦਗੀ ਦਾ ਦੋਸ਼ ਲਗਾਉਂਦਿਆਂ ਖਦਸ਼ਾ ਜਤਾਇਆ ਕਿ ਵਾਰਦਾਤ ਕਿਸੇ ਇੱਕ-ਦੋ ਵਿਅਕਤੀਆਂ ਨੇ ਨਹੀਂ, ਸਗੋਂ ਇੱਕ ਗਿਰੋਹ ਨੇ ਕੀਤੀ ਹੈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੋਂ ਕਾਫ਼ੀ ਸਮੇਂ ਬਾਅਦ ਤੱਕ ਕੋਈ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ ਸੀ। ਫਿਲਹਾਲ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.