
Number Plate Violation : ਅਪਰਾਧ ਨੂੰ ਰੋਕਣ, ਜਨਤਕ ਸੁਰੱਖਿਆ ਯਕੀਨੀ ਬਣਾਉਣ, ਵਾਹਨਾਂ ਦੀ ਸਹੀ ਪਛਾਣ ਨੂੰ ਆਸਾਨ ਬਣਾਉਣ ਅਤੇ ਆਵਾਜਾਈ ਨਿਯਮਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਉਦੇਸ਼ ਨਾਲ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਅਹਿਮ ਹੁਕਮ ਜਾਰੀ ਕੀਤਾ ਹੈ। ਪੁਲਿਸ ਕਮਿਸ਼ਨਰ, ਜਲੰਧਰ, ਸਤਿੰਦਰ ਸਿੰਘ (ਆਈ.ਪੀ.ਐਸ.) ਵੱਲੋਂ ‘ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ’ (BNSS), 2023 ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਜਲੰਧਰ ਕਮਿਸ਼ਨਰੇਟ ਦੀਆਂ ਹੱਦਾਂ ਅੰਦਰ ਆਉਂਦੇ ਸਾਰੇ ਪੈਟਰੋਲ ਪੰਪਾਂ, ਡੀਜ਼ਲ ਵੰਡ ਕੇਂਦਰਾਂ ਅਤੇ ਸੀ.ਐਨ.ਜੀ. (CNG) ਸਟੇਸ਼ਨਾਂ ਨੂੰ ਕੁਝ ਖਾਸ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।
ਮੁੱਖ ਹਦਾਇਤਾਂ
ਜਿਨ੍ਹਾਂ ਵਾਹਨਾਂ ਲਈ ‘ਹਾਈ-ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ’ (HSRP) ਲਾਜ਼ਮੀ ਹੈ, ਜੇਕਰ ਉਹ ਵੈਧ HSRP ਤੋਂ ਬਿਨਾਂ ਚੱਲ ਰਹੇ ਹਨ, ਤਾਂ ਉਨ੍ਹਾਂ ਨੂੰ ਬਾਲਣ ਦੀ ਸਪਲਾਈ ਨਹੀਂ ਕੀਤੀ ਜਾਣੀ ਚਾਹੀਦੀ।
ਜਿਨ੍ਹਾਂ ਵਾਹਨਾਂ ‘ਤੇ ਰਜਿਸਟ੍ਰੇਸ਼ਨ ਨੰਬਰ ਪਲੇਟ ਨਹੀਂ ਲੱਗੀ ਹੈ, ਉਨ੍ਹਾਂ ਨੂੰ ਬਾਲਣ (ਪੈਟਰੋਲ, ਡੀਜ਼ਲ ਜਾਂ ਸੀ.ਐਨ.ਜੀ.) ਦੀ ਸਪਲਾਈ ਨਹੀਂ ਕੀਤੀ ਜਾਣੀ ਚਾਹੀਦੀ।
ਜੇਕਰ ਨੰਬਰ ਪਲੇਟ ਟੁੱਟੀ ਹੋਈ, ਖਰਾਬ, ਮੁੜੀ ਹੋਈ, ਪੜ੍ਹਨਯੋਗ ਨਾ ਹੋਵੇ, ਉਸ ਨਾਲ ਛੇੜਛਾੜ ਕੀਤੀ ਗਈ ਹੋਵੇ, ਬਦਲੀ ਗਈ ਹੋਵੇ ਜਾਂ ਜਾਣਬੁੱਝ ਕੇ ਉਸ ਵਿੱਚ ਤਬਦੀਲੀ ਕੀਤੀ ਗਈ ਹੋਵੇ, ਤਾਂ ਵੀ ਬਾਲਣ ਦੀ ਸਪਲਾਈ ਨਹੀਂ ਕੀਤੀ ਜਾਣੀ ਚਾਹੀਦੀ।
ਹਰੇਕ ਪੈਟਰੋਲ ਪੰਪ ਅਤੇ ਸੀ.ਐਨ.ਜੀ. ਸਟੇਸ਼ਨ ‘ਤੇ ਗਾਹਕਾਂ ਦੀ ਜਾਣਕਾਰੀ ਲਈ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਇੱਕ ਸਪੱਸ਼ਟ ਨੋਟਿਸ ਲਗਾਇਆ ਜਾਣਾ ਚਾਹੀਦਾ ਹੈ।
ਪੈਟਰੋਲ ਪੰਪਾਂ ‘ਤੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰੇ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਰਾਹੀਂ ਵਾਹਨਾਂ ਦੇ ਆਉਣ-ਜਾਣ ਦੇ ਸਥਾਨਾਂ, ਬਾਲਣ ਭਰਨ ਵਾਲੇ ਖੇਤਰ ਅਤੇ ਨੰਬਰ ਪਲੇਟਾਂ ਦੀ ਰਿਕਾਰਡਿੰਗ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਸੀ.ਸੀ.ਟੀ.ਵੀ. ਫੁਟੇਜ ਨੂੰ ਘੱਟੋ-ਘੱਟ ਦੋ ਮਹੀਨਿਆਂ ਲਈ ਸੰਭਾਲ ਕੇ ਰੱਖਿਆ ਜਾਣਾ ਚਾਹੀਦਾ ਹੈ।
ਜੇਕਰ ਕੋਈ ਵਾਹਨ ਬਿਨਾਂ ਨੰਬਰ ਪਲੇਟ, ਬਿਨਾਂ ਲਾਜ਼ਮੀ HSRP, ਜਾਂ ਖਰਾਬ/ਛੇੜਛਾੜ ਕੀਤੀ ਨੰਬਰ ਪਲੇਟ ਨਾਲ ਪੈਟਰੋਲ ਪੰਪ ‘ਤੇ ਆਉਂਦਾ ਹੈ, ਤਾਂ ਪੰਪ ਦੇ ਮਾਲਕ ਜਾਂ ਮੈਨੇਜਰ ਨੂੰ ਤੁਰੰਤ ਨੇੜਲੇ ਪੁਲਿਸ ਸਟੇਸ਼ਨ ਜਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਸੰਭਵ ਹੋਵੇ, ਵਾਹਨ ਦੀ ਕਿਸਮ/ਮਾਡਲ, ਰੰਗ, ਚੱਲਣ ਦੀ ਦਿਸ਼ਾ ਅਤੇ ਪਛਾਣ ਸੰਬੰਧੀ ਹੋਰ ਵੇਰਵੇ ਦਰਜ ਕੀਤੇ ਕਰਕੇ ਉਸਦੀ ਰਿਕਾਰਡਿੰਗ ਤੇ ਸੀਸੀਟੀਵੀ ਫੁਟੇਜ਼ ਸੰਭਾਲ ਕੇ ਰੱਖਣੀ ਹੋਵੇਗੀ।
ਉਲੰਘਣਾਵਾਂ ਵਿਰੁੱਧ ਕਾਰਵਾਈ
ਮੋਟਰ ਵਹੀਕਲਜ਼ ਐਕਟ 1988, BNS ਦੀ ਧਾਰਾ 223 ਅਤੇ ਹੋਰ ਲਾਗੂ ਨਿਯਮਾਂ ਦੇ ਤਹਿਤ ਨਿਰਧਾਰਤ ਰਜਿਸਟ੍ਰੇਸ਼ਨ ਪਲੇਟਾਂ ਬਾਰੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਜਾਂ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਇਹ ਹੁਕਮ 21 ਸਤੰਬਰ 2026 ਤੋਂ ਲਾਗੂ ਹੋਵੇਗਾ ਅਤੇ 20 ਨਵੰਬਰ 2026 ਤੱਕ ਲਾਗੂ ਰਹੇਗਾ, ਬਸ਼ਰਤੇ ਇਸ ਮਿਤੀ ਤੋਂ ਪਹਿਲਾਂ ਇਸ ਵਿੱਚ ਕੋਈ ਸੋਧ ਨਾ ਕੀਤੀ ਜਾਵੇ, ਇਸਨੂੰ ਰੱਦ ਨਾ ਕੀਤਾ ਜਾਵੇ ਜਾਂ ਇਸਦੀ ਮਿਆਦ ਨਾ ਵਧਾਈ ਜਾਵੇ। ਪੁਲਿਸ ਕਮਿਸ਼ਨਰ, ਜਲੰਧਰ ਵਾਹਨ ਮਾਲਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਵਾਹਨਾਂ ‘ਤੇ ਸਹੀ ਅਤੇ ਜਾਇਜ਼ ਨੰਬਰ ਪਲੇਟਾਂ/HSRPs ਲਗਾਉਣ ਅਤੇ ਆਵਾਜਾਈ ਤੇ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਕੇ ਪੁਲਿਸ ਦਾ ਸਹਿਯੋਗ ਕਰਨ।

मेष: दिन शुभ रहेगा...