ਅੰਤਰਰਾਸ਼ਟਰੀ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੱਖਣੀ ਅਫ਼ਰੀਕਾ ਵਿੱਚ ਹੋਣ ਵਾਲੇ G-20 ਸੰਮੇਲਨ ਦੀ ਬਾਈਕਾਟ ਕਰਨ ਦਾ ਐਲਾਨ, ਅੰਤਰਰਾਸ਼ਟਰੀ ਰਾਜਨੀਤਿਕ ਮੰਚ ‘ਤੇ ਇੱਕ ਗੰਭੀਰ ਅਤੇ ਵਿਵਾਦਪੂਰਨ ਫੈਸਲਾ ਮੰਨਿਆ ਜਾ ਰਿਹਾ ਹੈ। ਟਰੰਪ ਨੇ ਘੋਸ਼ਣਾ ਕੀਤੀ ਹੈ ਕਿ ਸੰਮੇਲਨ ਵਿੱਚ ਕੋਈ ਵੀ ਅਮਰੀਕੀ ਸਰਕਾਰੀ ਅਧਿਕਾਰੀ ਸ਼ਿਰਕਤ ਨਹੀਂ ਕਰੇਗਾ, ਜਿਸ ਨਾਲ ਦੱਖਣੀ ਅਫ਼ਰੀਕਾ ਅਤੇ ਅਮਰੀਕਾ ਵਿਚਕਾਰ ਪਹਿਲਾਂ ਹੀ ਚੱਲ ਰਹੇ ਤਣਾਅ ਨੂੰ ਹੋਰ ਵਧਾਵਾ ਮਿਲਿਆ ਹੈ। ਟਰੰਪ ਨੇ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਦੱਖਣੀ ਅਫ਼ਰੀਕਾ ਵਿੱਚ ਗੋਰੇ ਕਿਸਾਨਾਂ ਵਿਰੁੱਧ ਹਿੰਸਾ, ਜ਼ਮੀਨਾਂ ‘ਤੇ ਜਬਰਨ ਕਬਜ਼ਾ, ਹਮਲੇ ਅਤੇ ਕਤਲ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜੋ ਕਿ ਉਨ੍ਹਾਂ ਦੇ ਅਨੁਸਾਰ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਉਨ੍ਹਾਂ ਨੇ G-20 ਸੰਮੇਲਨ ਦੇ ਆਯੋਜਨ ਨੂੰ “ਸ਼ਰਮਨਾਕ” ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਅਮਰੀਕਾ ਦੀ ਸ਼ਿਰਕਤ ਨਾ ਕਰਨਾ ਹੀ ਉਚਿਤ ਹੈ।
ਇਸ ਸਬੰਧੀ ਦੱਖਣੀ ਅਫ਼ਰੀਕਾ ਦੀ ਸਰਕਾਰ ਨੇ ਟਰੰਪ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਉਨ੍ਹਾਂ ਨੂੰ “ਰਾਜਨੀਤਿਕ ਪ੍ਰਚਾਰ” ਅਤੇ “ਅਧੂਰੇ ਤੱਥਾਂ” ‘ਤੇ ਆਧਾਰਿਤ ਦੱਸਿਆ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਟਰੰਪ ਦੇ ਬਿਆਨਾਂ ਨੂੰ ਗਲਤ ਜਾਣਕਾਰੀ ਤੇ ਆਧਾਰਿਤ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਗੋਰੇ ਲੋਕਾਂ ਦਾ ਜੀਵਨ ਪੱਧਰ ਅਜੇ ਵੀ ਬਹੁਗਿਣਤੀ ਆਬਾਦੀ ਨਾਲੋਂ ਉੱਚਾ ਹੈ ਅਤੇ ਉਨ੍ਹਾਂ ਵਿਰੁੱਧ ਵਿਤਕਰੇ ਦੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟਰੰਪ ਜਾਣਬੁੱਝ ਕੇ ਦੱਖਣੀ ਅਫ਼ਰੀਕਾ ਦੀ ਛਵੀ ਨੂੰ ਖਰਾਬ ਕਰ ਰਹੇ ਹਨ ਜੋ ਕਿ ਅੰਤਰਰਾਸ਼ਟਰੀ ਤਨਾਹ ‘ਤੇ ਅਨੁਚਿਤ ਹੈ।
ਸਾਰਾ credit ਨਿਤੀਸ਼ ਕੁਮਾਰ ਨੂੰ ਜਾਵੇਗਾ: ਰਾਜਨਾਥ ਸਿੰਘ ਦਾ ਸਪਸ਼ਟੀਕਰਨ
ਟਰੰਪ ਪ੍ਰਸ਼ਾਸਨ ਨੇ ਪਿਛਲੇ ਕੁਝ ਸਾਲਾਂ ਵਿੱਚ ਵਾਰ-ਵਾਰ ਇਹ ਸੰਕੇਤ ਦਿੱਤਾ ਹੈ ਕਿ ਦੱਖਣੀ ਅਫ਼ਰੀਕਾ ਦੇ ਗੋਰੇ ਕਿਸਾਨ, ਜੋ ਕਿ ਉਨ੍ਹਾਂ ਦੇ ਅਨੁਸਾਰ ਜ਼ੁਲਮ ਦਾ ਸ਼ਿਕਾਰ ਹਨ, ਅਮਰੀਕਾ ਵਿੱਚ ਸ਼ਰਣ ਲਈ ਯੋਗ ਹੋ ਸਕਦੇ ਹਨ। ਇਹ ਦਲੀਲ ਉਸ ਸਮੇਂ ਹੋਰ ਵੀ ਵਿਵਾਦਪੂਰਨ ਹੋ ਜਾਂਦੀ ਹੈ ਜਦੋਂ ਅਮਰੀਕਾ ਨੇ ਸ਼ਰਨਾਰਥੀਆਂ ਦੀ ਕੁੱਲ ਗਿਣਤੀ ਵਿੱਚ ਵੱਡੀ ਕਮੀ ਕੀਤੀ ਹੈ, ਪਰ ਕੁਝ ਅਧਿਕਾਰੀਆਂ ਨੇ ਇਹ ਮੰਨਿਆ ਕਿ “ਗੋਰੇ ਦੱਖਣੀ ਅਫ਼ਰੀਕੀਆਂ” ਨੂੰ ਵਿਸ਼ੇਸ਼ ਸੁਰੱਖਿਆ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਨੀਤੀ ਨੇ ਦੱਖਣੀ ਅਫ਼ਰੀਕਾ ਵਿੱਚ ਗੁੱਸੇ ਨੂੰ ਹੋਰ ਵਧਾਇਆ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਿਕ ਤਣਾਅ ਨੂੰ ਹੋਰ ਗੰਭੀਰ ਬਣਾਇਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਟਰੰਪ ਨੇ ਦੱਖਣੀ ਅਫ਼ਰੀਕਾ ਨੂੰ ਲੈ ਕੇ ਵਿਵਾਦਪੂਰਨ ਬਿਆਨ ਦਿੱਤਾ ਹੋਵੇ। 2018 ਵਿੱਚ ਵੀ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਦੱਖਣੀ ਅਫ਼ਰੀਕਾ ਵਿੱਚ ਗੋਰੇ ਕਿਸਾਨਾਂ ਦੀ “ਜ਼ਮੀਨ ਜ਼ਬਤ” ਅਤੇ “ਵੱਡੇ ਪੱਧਰ ‘ਤੇ ਹੱਤਿਆ” ਹੋ ਰਹੀ ਹੈ, ਜਿਸ ਕਾਰਨ ਦੱਖਣੀ ਅਫ਼ਰੀਕਾ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਤੋਂ ਸਪੱਸ਼ਟੀਕਰਨ ਮੰਗਿਆ ਸੀ। ਇਸ ਤਰ੍ਹਾਂ ਦੇ ਬਿਆਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਵਿਦੇਸ਼ ਨੀਤੀ ਦੇ ਮੋਰਚੇ ‘ਤੇ ਵਿਸ਼ਵਾਸ ਦੀ ਘਾਟ ਪੈਦਾ ਕੀਤੀ ਹੈ।
ਪਹਾੜਾਂ ਦੀ ਬਰਫ਼ਬਾਰੀ ਨੇ ਮੈਦਾਨੀ ਇਲਾਕੇ ਠਾਰੇ, ਕੁਝ ਹਿੱਸਿਆਂ ‘ਚ ਮੀਂਹ ਦੀ ਸੰਭਾਵਨਾ
ਟਰੰਪ ਨੇ ਹਾਲ ਹੀ ਵਿੱਚ ਮਿਆਮੀ ਵਿੱਚ ਹੋਈ ਇੱਕ ਰੈਲੀ ਦੌਰਾਨ ਕਿਹਾ ਕਿ “ਦੱਖਣੀ ਅਫ਼ਰੀਕਾ ਨੂੰ G-20 ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ,” ਜੋ ਕਿ ਉਨ੍ਹਾਂ ਦੀ ਨਾਰਾਜ਼ਗੀ ਅਤੇ ਅਸੰਤੋਸ਼ ਨੂੰ ਦਰਸਾਉਂਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ G-20 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ, ਜਿਸ ਵਿੱਚ “ਵਿਭਿੰਨਤਾ, ਸਮਾਵੇਸ਼ ਅਤੇ ਜਲਵਾਯੂ ਪਰਿਵਰਤਨ” ‘ਤੇ ਚਰਚਾ ਹੋਣੀ ਸੀ। ਇਹ ਸਾਰੇ ਕਦਮ ਵਾਸ਼ਿੰਗਟਨ ਅਤੇ ਪ੍ਰੀਟੋਰੀਆ ਵਿਚਕਾਰ ਵਿਗੜਦੇ ਸਬੰਧਾਂ ਦੀ ਪਛਾਣ ਕਰਾਉਂਦੇ ਹਨ, ਜੋ ਕਿ ਭਵਿੱਖ ਵਿੱਚ ਦੋਵਾਂ ਦੇਸ਼ਾਂ ਦੀ ਰਾਜਨੀਤਿਕ ਅਤੇ ਆਰਥਿਕ ਸਾਂਝ ‘ਤੇ ਪ੍ਰਭਾਵ ਪਾ ਸਕਦੇ ਹਨ। G-20 ਸੰਮੇਲਨ ਦੀ ਬਾਈਕਾਟ ਨਾ ਸਿਰਫ਼ ਇੱਕ ਰਾਜਨੀਤਿਕ ਸੰਕੇਤ ਹੈ, ਬਲਕਿ ਇਹ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਆ ਰਹੇ ਬਦਲਾਅ ਅਤੇ ਉਸ ਦੇ ਰਾਜਨੀਤਿਕ ਰੁਝਾਨਾਂ ਦੀ ਵੀ ਪਛਾਣ ਕਰਾਉਂਦਾ ਹੈ।

