ਯੂਗਾਂਡਾ ਦੇ ਗੌਡਫ੍ਰੇ ਬਾਗੁਮਾ ਦੀ ਕਹਾਣੀ ਦੁਨੀਆ ਭਰ ਵਿੱਚ ਹੈਰਾਨ ਕਰਨ ਵਾਲੀ ਅਤੇ ਪ੍ਰੇਰਣਾਦਾਇਕ ਮੰਨੀ ਜਾਂਦੀ ਹੈ। 2002 ਵਿੱਚ ਇੱਕ ਮੁਕਾਬਲੇ ਦੌਰਾਨ “ਦੁਨੀਆ ਦਾ ਸਭ ਤੋਂ ਬਦਸੂਰਤ ਆਦਮੀ” ਦਾ ਖਿਤਾਬ ਜਿੱਤਣ ਵਾਲੇ ਬਾਗੁਮਾ ਨੂੰ ਬਚਪਨ ਤੋਂ ਹੀ ਇੱਕ ਦੁਰਲੱਭ ਜੈਨੇਟਿਕ ਬਿਮਾਰੀ ਫਾਈਬਰੋਡੀਸਪਲੇਸੀਆ ਓਸੀਫਿਕਸ ਪ੍ਰੋਗਰੈਸਿਵ (FOP), ਜਿਸਨੂੰ “ਸਟੋਨ ਮੈਨ ਸਿੰਡਰੋਮ” ਵੀ ਕਿਹਾ ਜਾਂਦਾ ਹੈ, ਨੇ ਪ੍ਰਭਾਵਿਤ ਕੀਤਾ ਹੋਇਆ ਹੈ।
ਇਹ ਬਿਮਾਰੀ ਹੌਲੀ-ਹੌਲੀ ਮਾਸਪੇਸ਼ੀਆਂ ਅਤੇ ਨਰਮ ਟਿਸ਼ੂਜ਼ ਨੂੰ ਹੱਡੀਆਂ ਵਿੱਚ ਬਦਲ ਦਿੰਦੀ ਹੈ, ਜਿਸ ਕਾਰਨ ਸਰੀਰ ਦੀ ਹਿਲਜੁਲ ਬਹੁਤ ਸੀਮਿਤ ਹੋ ਜਾਂਦੀ ਹੈ। ਗਰਦਨ ਅਤੇ ਮੋਢਿਆਂ ਤੋਂ ਸ਼ੁਰੂ ਹੋਣ ਵਾਲੀ ਇਹ ਬਿਮਾਰੀ ਸਮੇਂ ਦੇ ਨਾਲ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਰੋਜ਼ਾਨਾ ਜੀਵਨ ਨੂੰ ਬਹੁਤ ਮੁਸ਼ਕਲ ਬਣਾ ਦਿੰਦੀ ਹੈ।
ਬਚਪਨ ਵਿੱਚ ਲੋਕਾਂ ਵੱਲੋਂ ਤਾਅਨੇ ਅਤੇ ਅਪਮਾਨ ਦਾ ਸਾਹਮਣਾ ਕਰਨ ਦੇ ਬਾਵਜੂਦ ਬਾਗੁਮਾ ਨੇ ਕਦੇ ਹਿੰਮਤ ਨਹੀਂ ਹਾਰੀ। ਉਸਨੂੰ ਕਈ ਅਪਮਾਨਜਨਕ ਨਾਵਾਂ ਨਾਲ ਬੁਲਾਇਆ ਜਾਂਦਾ ਸੀ, ਪਰ ਉਸਨੇ ਆਪਣੀ ਜ਼ਿੰਦਗੀ ਨੂੰ ਸਕਾਰਾਤਮਕ ਦਿਸ਼ਾ ਵਿੱਚ ਲੈ ਜਾਣ ਦਾ ਫੈਸਲਾ ਕੀਤਾ। ਸੰਗੀਤ ਅਤੇ ਕਾਮੇਡੀ ਉਸਦੇ ਜੀਵਨ ਦਾ ਸਹਾਰਾ ਬਣੇ, ਜਿਸ ਨਾਲ ਉਸਨੇ ਆਪਣੇ ਦਰਦ ਨੂੰ ਸ਼ਬਦਾਂ ਅਤੇ ਹਾਸੇ ਵਿੱਚ ਬਦਲ ਦਿੱਤਾ।
ਬਾਗੁਮਾ ਨੇ ਦੋ ਵਿਆਹ ਕੀਤੇ ਹਨ ਅਤੇ ਉਹ 8 ਬੱਚਿਆਂ ਦਾ ਪਿਤਾ ਹੈ। ਨਿੱਜੀ ਜੀਵਨ ਵਿੱਚ ਸੰਘਰਸ਼ਾਂ ਦੇ ਬਾਵਜੂਦ ਉਹ ਅੱਜ ਇੱਕ ਸਫਲ ਸਥਾਨਕ ਗਾਇਕ ਅਤੇ ਸਟੈਂਡ-ਅੱਪ ਕਾਮੇਡੀਅਨ ਵਜੋਂ ਜਾਣਿਆ ਜਾਂਦਾ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਮਿਲਿਆ ਖਿਤਾਬ ਉਸਦੀ ਜ਼ਿੰਦਗੀ ਲਈ ਇੱਕ ਨਵਾਂ ਮੋੜ ਸਾਬਤ ਹੋਇਆ, ਜਿਸ ਨੇ ਉਸਦਾ ਆਤਮਵਿਸ਼ਵਾਸ ਵਾਪਸ ਲਿਆਇਆ। ਅੱਜ ਗੌਡਫ੍ਰੇ ਬਾਗੁਮਾ ਦੀ ਕਹਾਣੀ ਇਹ ਸਿੱਖਾਉਂਦੀ ਹੈ ਕਿ ਦਿੱਖ ਨਹੀਂ, ਸਗੋਂ ਹੌਂਸਲਾ ਅਤੇ ਜ਼ਿੰਦਗੀ ਪ੍ਰਤੀ ਰਵੱਈਆ ਹੀ ਅਸਲ ਤਾਕਤ ਹੁੰਦੀ ਹੈ।
ਮੋਦੀ ਕੈਬਨਿਟ ‘ਚ ਵੱਡੇ ਫੇਰਬਦਲ ਦੀ ਚਰਚਾ ਤੇਜ਼, ਮਾਨਸੂਨ ਸੈਸ਼ਨ ਤੋਂ ਬਾਅਦ ਹੋ ਸਕਦਾ ਹੈ ਵਿਸਥਾਰ

