ਪੰਜਾਬ ਡੈਸਕ : ਅਮ੍ਰਿੰਤਸਰ ਦੇ ਸਰਕਾਰੀ ਹਸਪਤਾਲ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਨਾਲ ਲੱਗਦੇ ਸਟੋਰ ਵਿੱਚ ਅੱਜ ਤੜਕਸਾਰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹਸਪਤਾਲ ਵਿਚ ਚਾਰੇ ਪਾਸੇ ਧੂੰਆ ਹੀ ਧੂੰਆ ਹੋ ਗਿਆ, ਜਿਸ ਨੂੰ ਵੇਖ ਕੇ ਮਰੀਜ਼ ਦਹਿਸ਼ਤ ਵਿੱਚ ਆ ਗਏ। ਇਲਾਜ ਲਈ ਆਏ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਨੂੰ ਦੌੜੇ। ਹਸਪਤਾਲ ਦੇ ਠੇਕਾ ਅਧਾਰਿਤ ਸਫ਼ਾਈ ਸੇਵਕਾਂ ਵੱਲੋਂ ਮੁਸਤੈਦੀ ਵਰਤਦਿਆਂ ਹੋਇਆ ਅੱਗ ‘ਤੇ ਕਾਬੂ ਪਾਇਆ ਗਿਆ।

ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕੁਝ ਹੀ ਦੇਰ ਵਿੱਚ ਸਿਵਲ ਸਰਜਨ ਡਾਕਟਰ ਸਵਰਨਜੀਤ ਧਵਨ ਵੀ ਮੌਕੇ ‘ਤੇ ਪੁੱਜ ਗਏ।  ਮਿਲੀ ਜਾਣਕਾਰੀ ਅਨੁਸਾਰ,  ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਦੇ ਨੇੜੇ ਪੈਂਦੇ ਸਟੋਰ ਵਿੱਚ ਬਲੱਡ ਬੈਂਕ ਦਾ ਸਮਾਨ ਰੱਖਿਆ ਹੋਇਆ ਸੀ।

ਅਚਾਨਕ ਸ਼ਾਰਟ-ਸਰਕਟ ਹੋਣ ਕਾਰਨ ਸਟੋਰ ਵਿੱਚ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਫੈਲ ਗਈਆਂ, ਜਿਸ ਨਾਲ ਹਰ ਪਾਸੇ ਧੂੰਆ ਹੋ ਗਿਆ। ਇਸ ਘਟਨਾ ਦੌਰਾਨ ਹਰ ਕੋਈ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜਦਾ ਹੋਇਆ ਦਿਖਾਈ ਦਿੱਤਾ, ਜਦਕਿ ਠੇਕਾ ਆਧਾਰਿਤ ਸਫਾਈ ਸੇਵਕਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਸਪਤਾਲ ਵਿੱਚ ਲੱਗੇ ਸਿਲੰਡਰਾਂ ਦੇ ਨਾਲ ਅੱਗ ਬੁਝਾਈ ਗਈ।