ਕਰੂਰ, ਤਾਮਿਲਨਾਡੂ: ਅਦਾਕਾਰ ਵਿਜੇ ਵੱਲੋਂ ਸ਼ਨੀਵਾਰ ਸ਼ਾਮ ਕਰੂਰ ‘ਚ ਆਯੋਜਿਤ ਰਾਜਨੀਤਿਕ ਰੈਲੀ ਦੌਰਾਨ ਹੋਈ ਭਾਰੀ ਭਗਦੜ ਨੇ ਤਬਾਹੀ ਮਚਾ ਦਿੱਤੀ। ਹਾਦਸੇ ‘ਚ 39 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 51 ਹੋਰ ਲੋਕ ਗੰਭੀਰ ਹਾਲਤ ਚ ਆਈਸੀਯੂ ਚ ਇਲਾਜ ਅਧੀਨ ਹਨ। ਮੁੱਖ ਮੰਤਰੀ ਐਮਕੇ ਸਟਾਲਿਨ ਨੇ ਇਸ ਤ੍ਰਾਸਦੀ ਦੀ ਪੁਸ਼ਟੀ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ ₹10 ਲੱਖ ਅਤੇ ਜ਼ਖਮੀਆਂ ਲਈ ₹1 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਐਮ ਸਟਾਲਿਨ ਨੇ ਤੁਰੰਤ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਅਤੇ ਹਸਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਦੀ ਹਾਲਤ ਦੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ, “ਇਹ ਸਾਡੇ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਰਾਜਨੀਤਿਕ ਰੈਲੀ ਤ੍ਰਾਸਦੀ ਹੈ। ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ।”
ਪੂਰੀ ਘਟਨਾ ਦੀ ਜਾਂਚ ਲਈ ਇੱਕ ਸੇਵਾਮੁਕਤ ਹਾਈ ਕੋਰਟ ਜੱਜ ਦੀ ਅਗਵਾਈ ‘ਚ ਜਾਂਚ ਕਮੇਟੀ ਬਣਾਈ ਗਈ ਹੈ ਜੋ ਜਲਦੀ ਹੀ ਆਪਣੀ ਰਿਪੋਰਟ ਪੇਸ਼ ਕਰੇਗੀ।
ਭਗਦੜ ਕਿਵੇਂ ਵਾਪਰੀ?
ਚਸ਼ਮਦੀਦਾਂ ਅਤੇ ਪੁਲਿਸ ਦੇ ਅਨੁਸਾਰ ਹਾਦਸਾ ਬੇਕਾਬੂ ਭੀੜ ਅਤੇ ਮਾੜੇ ਪ੍ਰਬੰਧਾਂ ਕਾਰਨ ਵਾਪਰਿਆ। ਰੈਲੀ ਲਈ ਦੁਪਹਿਰ 3 ਵਜੇ ਦੀ ਇਜਾਜ਼ਤ ਸੀ ਪਰ ਲੋਕ ਸਵੇਰੇ 11 ਵਜੇ ਤੋਂ ਹੀ ਇਕੱਠੇ ਹੋਣ ਲੱਗ ਪਏ। ਵਿਜੇ ਸ਼ਾਮ 7:40 ਵਜੇ ਪਹੁੰਚੇ ਜਿਸ ਤੱਕ ਭੀੜ ਘੰਟਿਆਂ ਤੋਂ ਬਿਨਾਂ ਖਾਣ-ਪੀਣ ਦੇ ਇੰਤਜ਼ਾਰ ਚ ਸੀ।
ਪ੍ਰਸ਼ਾਸਨ ਨੇ 10,000 ਲੋਕਾਂ ਦੀ ਉਮੀਦ ਕੀਤੀ ਸੀ ਪਰ ਲਗਭਗ 27,000 ਲੋਕ ਇਕੱਠੇ ਹੋ ਗਏ। ਜਿਵੇਂ ਹੀ ਵਿਜੇ ਸਟੇਜ ਤੇ ਪਹੁੰਚੇ, ਲੋਕਾਂ ਨੇ ਨੇੜੇ ਜਾਣ ਦੀ ਕੋਸ਼ਿਸ਼ ਚ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਾਹ ਲੈਣ ਵਿੱਚ ਮੁਸ਼ਕਲ ਆਉਣ ਕਾਰਨ ਕਈ ਲੋਕ ਬੇਹੋਸ਼ ਹੋ ਗਏ ਅਤੇ ਭਗਦੜ ਮਚ ਗਈ। ਡੀ.ਜੀ.ਪੀ ਜੀ. ਵੈਂਕਟਰਮਨ ਨੇ ਦੱਸਿਆ ਕਿ ਵਿਜੇ ਨੇ ਪੁਲਿਸ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਪਰ ਇਹ ਵੀ ਕਿਹਾ ਕਿ ਪਾਰਟੀ ਵਰਕਰਾਂ ਨੂੰ ਭੀੜ ਪ੍ਰਬੰਧਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ।
ਇਸ ਤ੍ਰਾਸਦੀ ਨੇ ਰਾਜਨੀਤਿਕ ਸਮਾਗਮਾਂ ‘ਚ ਸੁਰੱਖਿਆ ਅਤੇ ਭੀੜ ਪ੍ਰਬੰਧਨ ‘ਤੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।






