Site icon Dainik Savera Punjab

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਐਲਾਨ ; 14 ਜੁਲਾਈ ਨੂੰ ਸਤਲੁਜ ਕੰਢੇ ਹਰੀਕੇ ਪੱਤਣ ’ਤੇ ਕੀਤੀ ਜਾਵੇਗੀ ਅਰਦਾਸ

Sri Akal Takht Sahib Jathedar Giani Kuldeep Singh Gargaj has issued urgent orders in the case of 328 holy Saroops

Sri Akal Takht Sahib Jathedar Giani Kuldeep Singh Gargaj has issued urgent orders in the case of 328 holy Saroops

Sutlej River : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਅੰਦਰ ਜਿਨ੍ਹਾਂ ਬੇਕਸੂਰ ਨੌਜਵਾਨਾਂ ਦਾ ਉਸ ਸਮੇਂ ਦੀ ਸਰਕਾਰ ਵੱਲੋਂ ਪੁਲਿਸ ਰਾਹੀਂ ਕਤਲੇਆਮ ਕੀਤਾ ਗਿਆ ਅਤੇ ਜਿਨ੍ਹਾਂ ਬਾਰੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਜਾਣਕਾਰੀ ਉਜਾਗਰ ਕੀਤੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਅਰਦਾਸ ਲਈ 14 ਜੁਲਾਈ 2026 ਨੂੰ ਸਤਲੁਜ ਦਰਿਆ ਦੇ ਕੰਢੇ ਹਰੀਕੇ ਪੱਤਣ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰੀ ਅਤੇ ਪੁਲਿਸ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਬੇਕਸੂਰ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਅਤੇ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਅੱਜ ਤਕ ਸਮੂਹਿਕ ਅਰਦਾਸ ਨਹੀਂ ਹੋਈ ਅਤੇ ਬਹੁਤੀਆਂ ਪੀੜਤ ਮਾਵਾਂ ਤੇ ਭੈਣਾਂ ਅੱਜ ਵੀ ਨਹੀਂ ਜਾਣਦੀਆਂ ਕਿ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਨਾਲ ਕੀ ਬੀਤੀ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਪੰਜਾਬ ਨਾਲ ਜੋ ਵਾਪਰਿਆ, ਉਹ ਦੁਨੀਆ ਦੇ ਸਾਹਮਣੇ ਆਵੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਪੀੜਤ ਪਰਿਵਾਰਾਂ, ਮਾਵਾਂ, ਭੈਣਾਂ, ਵੀਰਾਂ, ਕਾਰਕੁੰਨਾਂ, ਵਕੀਲਾਂ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਇਸ ਸਮਾਗਮ ਵਿੱਚ ਸ਼ਮੂਲੀਅਤ ਦਾ ਖੁੱਲ੍ਹਾ ਸੱਦਾ ਦਿੱਤਾ, ਜੋ 1984 ਵੇਲੇ ਅਤੇ ਬਾਅਦ ਦੇ ਦਹਾਕਿਆਂ ਦੌਰਾਨ ਹੋਈਆਂ ਸਰਕਾਰੀ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਹਨ ਤੇ ਜਿਨ੍ਹਾਂ ਲਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਸੰਘਰਸ਼ ਕੀਤਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਬੇਕਸੂਰ ਨੌਜਵਾਨਾਂ ਦੇ ਕਤਲ ਮਾਮਲਿਆਂ ਵਿੱਚ ਬੀਤੇ ਸਮੇਂ ਮੁਹਾਲੀ ਦੀ ਸੀ.ਬੀ.ਆਈ. ਅਦਾਲਤ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦੇ ਪਰਿਵਾਰ ਵੀ ਇਸ ਸਮਾਗਮ ਵਿੱਚ ਜ਼ਰੂਰ ਸ਼ਾਮਲ ਹੋਣ। ਉਨ੍ਹਾਂ ਸੱਦਾ ਦਿੱਤਾ ਕਿ ਆਓ ਸਮੂਹ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸੰਗਤੀ ਰੂਪ ਵਿੱਚ ਗੁਰਬਾਣੀ ਦਾ ਜਾਪ, ਕੀਰਤਨ ਤੇ ਅਰਦਾਸ ਕਰੀਏ ਅਤੇ ਅਕਾਲ ਪੁਰਖ ਅੱਗੇ ਬੇਨਤੀ ਕਰੀਏ ਕਿ ਉਹ ਪੀੜਤ ਪਰਿਵਾਰਾਂ ਨੂੰ ਇਨਸਾਫ਼ ਪ੍ਰਾਪਤ ਕਰਨ ਦਾ ਬਲ ਬਖ਼ਸ਼ਣ।

Sri Akal Takht Sahib Jathedar Giani Kuldeep Singh Gargaj has issued urgent orders in the case of 328 holy Saroops

Exit mobile version