ਗੁਆਂਢੀ ਦੇਸ਼ ਪਾਕਿਸਤਾਨ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਖੈਬਰ ਪਖਤੂਨਖ਼ਵਾ (ਕੇਪੀ) ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਵਿੱਚ ਵਿਆਹ ਦੇ ਜਸ਼ਨ ਦੌਰਾਨ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ 12 ਤੋਂ ਵੱਧ ਲੋਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ। ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ।
ਮਿਲੀ ਜਾਣਕਾਰੀ ਮੁਤਾਬਕ ਧਮਾਕਾ ਅਮਨ (ਸ਼ਾਂਤੀ) ਕਮੇਟੀ ਦੇ ਮੁਖੀ ਨੂਰ ਆਲਮ ਮਹਿਸੂਦ ਦੇ ਨਿਵਾਸ ‘ਤੇ ਹੋਇਆ, ਜਿੱਥੇ ਵਿਆਹ ਸਮਾਰੋਹ ਚੱਲ ਰਿਹਾ ਸੀ। ਧਮਾਕੇ ਤੋਂ ਬਾਅਦ ਮੌਕੇ ‘ਤੇ ਭਾਰੀ ਹਫੜਾ-ਤਫੜੀ ਮਚ ਗਈ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਹਮਲੇ ਵਿੱਚ ਨੂਰ ਆਲਮ ਮਹਿਸੂਦ ਖੁਦ ਵੀ ਜ਼ਖ਼ਮੀ ਹੋਏ ਹਨ।
ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਆਤਮਘਾਤੀ ਹਮਲੇ ਵਰਗਾ ਲੱਗ ਰਿਹਾ ਹੈ। ਧਮਾਕੇ ਤੋਂ ਬਾਅਦ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੇ ਜਾਣ ਦੀ ਵੀ ਸੂਚਨਾ ਮਿਲੀ ਹੈ। ਫੋਰੈਂਸਿਕ ਅਤੇ ਜਾਂਚ ਟੀਮਾਂ ਕਈ ਘੰਟਿਆਂ ਤੱਕ ਘਟਨਾ ਸਥਲ ‘ਤੇ ਮੌਜੂਦ ਰਹੀਆਂ ਅਤੇ ਸਬੂਤ ਇਕੱਠੇ ਕੀਤੇ।
READ ALSO : Budget 2026: ਕੇਂਦਰੀ ਬਜਟ 1 ਫਰਵਰੀ ਨੂੰ ਹੀ ਕਿਉਂ ਪੇਸ਼ ਹੁੰਦਾ ਹੈ? ਜਾਣੋ ਇਸਦੀ ਪੂਰੀ ਵਜ੍ਹਾ
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਇਸ ਹਮਲੇ ਵਿੱਚ ਸ਼ਾਮਲ ਕਰੀਬ 17 ਸਾਲਾ ਆਤਮਘਾਤੀ ਹਮਲਾਵਰ ਦਾ ਸਿਰ ਘਟਨਾ ਸਥਲ ਤੋਂ ਬਰਾਮਦ ਹੋਇਆ ਹੈ, ਜਿਸਨੂੰ ਪਹਿਚਾਣ ਅਤੇ ਡੀਐਨਏ ਜਾਂਚ ਲਈ ਕਬਜ਼ੇ ਵਿੱਚ ਲਿਆ ਗਿਆ ਹੈ। ਹਾਦਸੇ ਨਾਲ ਜੁੜਿਆ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਕੇਪੀ ਦੇ ਮੁੱਖ ਮੰਤਰੀ ਸੋਹੈਲ ਅਫ਼ਰੀਦੀ ਨੇ ਇਸ ਭਿਆਨਕ ਹਮਲੇ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਪ੍ਰਾਂਤੀ ਪੁਲਿਸ ਮੁਖੀ ਤੋਂ ਤੁਰੰਤ ਰਿਪੋਰਟ ਮੰਗੀ ਹੈ ਅਤੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ “ਮੰਦਭਾਗੀ” ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਇਨਸਾਫ਼ ਦੇ ਕਟਘਰੇ ਵਿੱਚ ਲਿਆਇਆ ਜਾਵੇਗਾ।
ਗੌਰਤਲਬ ਹੈ ਕਿ ਖੈਬਰ ਪਖਤੂਨਖ਼ਵਾ ਅਤੇ ਬਲੂਚਿਸਤਾਨ, ਜੋ ਅਫ਼ਗਾਨਿਸਤਾਨ ਨਾਲ ਲੱਗਦੇ ਸੂਬੇ ਹਨ, ਪਿਛਲੇ ਕੁਝ ਸਾਲਾਂ ਤੋਂ ਆਤੰਕੀ ਹਿੰਸਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਹੇ ਹਨ। ਨੂਰ ਆਲਮ ਮਹਿਸੂਦ ‘ਤੇ ਇਸ ਤੋਂ ਪਹਿਲਾਂ ਵੀ ਸਾਲ 2022 ਵਿੱਚ ਆਤਮਘਾਤੀ ਹਮਲਾ ਹੋ ਚੁੱਕਾ ਹੈ, ਜਿਸਨੂੰ ਉਸਦੇ ਸਮਰਥਕਾਂ ਨੇ ਨਾਕਾਮ ਬਣਾ ਦਿੱਤਾ ਸੀ।
ਸੈਂਟਰ ਫਾਰ ਰਿਸਰਚ ਐਂਡ ਸਿਕਿਉਰਿਟੀ ਸਟਡੀਜ਼ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਪਾਕਿਸਤਾਨ ਵਿੱਚ ਹਿੰਸਕ ਘਟਨਾਵਾਂ ਵਿੱਚ 25 ਫੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਕੁੱਲ 3,187 ਮੌਤਾਂ ਵਿੱਚੋਂ ਕਰੀਬ 68 ਫੀਸਦੀ ਮੌਤਾਂ ਸਿਰਫ਼ ਕੇਪੀ ਸੂਬੇ ਵਿੱਚ ਹੀ ਹੋਈਆਂ, ਜਿਸ ਕਾਰਨ ਇਹ ਖੇਤਰ ਦੇਸ਼ ਦਾ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਬਣ ਗਿਆ ਹੈ।
ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ, ਪਾਕਿਸਤਾਨੀ ਆਤੰਕੀ ਸ਼ਹਿਜ਼ਾਦ ਭੱਟੀ ਦਾ ਕਰੀਬੀ ਸਾਥੀ ਗ੍ਰਿਫ਼ਤਾਰ

