Site icon Dainik Savera Punjab

ਵਿਦਿਆਰਥਣ ਨੇ ਮਾਨਸਿਕ ਤਣਾਅ ‘ਚ ਆ ਕੇ ਖਾਧਾ ਜ਼ਹਿਰ ; ਮਰਨ ਤੋਂ ਪਹਿਲਾਂ ਬਣਾਈ Video, ਕਿਹਾ, ‘ਸਕੂਲ ਵਾਲਿਆਂ…’

Student Death in Amritsar : ਅੰਮ੍ਰਿਤਸਰ ਵਿੱਚ 17 ਸਾਲਾ ਵਿਦਿਆਰਥਣ ਦੀ ਮੌਤ ਦਾ ਮਾਮਲਾ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਮ੍ਰਿਤਕਾ ਦੀ ਪਛਾਣ ਅਮਜੋਤ ਕੌਰ ਔਲਖ ਵਜੋਂ ਹੋਈ ਹੈ, ਜੋ ਡੀ.ਡੀ.ਆਈ.ਐਸ. (DDIS) ਸਕੂਲ ਵਿੱਚ ਪੜ੍ਹਾਈ ਕਰ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਫੀਸ ਜਮ੍ਹਾਂ ਨਾ ਹੋਣ ਕਾਰਨ ਸਕੂਲ ਸਟਾਫ਼ ਵੱਲੋਂ ਉਨ੍ਹਾਂ ਦੀ ਧੀ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਆ ਗਈ ਅਤੇ ਉਸ ਨੇ ਕਥਿਤ ਤੌਰ ’ਤੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ।

ਵਿਦਿਆਰਥਣ ਦੀ ਇਲਾਜ ਦੌਰਾਨ ਹੋਈ ਮੌਤ

ਜਾਣਕਾਰੀ ਅਨੁਸਾਰ, ਵਿਦਿਆਰਥਣ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਬੰਧਕਾਂ ‘ਤੇ ਲਾਏ ਇਲਜ਼ਾਮ

ਮ੍ਰਿਤਕਾ ਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਕੂਲ ਪ੍ਰਬੰਧਨ ’ਤੇ ਗੰਭੀਰ ਦੋਸ਼ ਲਗਾਏ ਹਨ। ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪੜ੍ਹਾਈ ਵਿੱਚ ਬਹੁਤ ਹੋਣਹਾਰ ਸੀ ਅਤੇ ਹਰ ਕਲਾਸ ਵਿੱਚ ਵਧੀਆ ਅੰਕ ਪ੍ਰਾਪਤ ਕਰਦੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅਮਜੋਤ ਕੌਰ ਨੇ ਕਈ ਵਾਰ ਸਕੂਲ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਦਬਾਅ ਬਾਰੇ ਪਰਿਵਾਰ ਨੂੰ ਜਾਣੂ ਕਰਵਾਇਆ ਸੀ।

ਪਰਿਵਾਰ ਦੇ ਅਨੁਸਾਰ ਸਕੂਲ ਦੀ ਪ੍ਰਿੰਸੀਪਲ, ਕਲਾਸ ਟੀਚਰ ਅਤੇ ਹੋਰ ਸਟਾਫ਼ ਮੈਂਬਰਾਂ ਵੱਲੋਂ ਵਿਦਿਆਰਥਣ ’ਤੇ ਵਾਧੂ ਦਬਾਅ ਬਣਾਇਆ ਜਾਂਦਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਅਮਜੋਤ ਕੌਰ ਨੂੰ ਕਈ ਵਾਰ ਹੋਰ ਵਿਦਿਆਰਥੀਆਂ ਦੇ ਸਾਹਮਣੇ ਅਪਮਾਨਿਤ ਕੀਤਾ ਜਾਂਦਾ ਸੀ ਅਤੇ ਫੀਸ ਸਬੰਧੀ ਮਾਮਲਿਆਂ ਨੂੰ ਲੈ ਕੇ ਉਸ ’ਤੇ ਲਗਾਤਾਰ ਦਬਾਅ ਬਣਾਇਆ ਜਾਂਦਾ ਸੀ।

ਤਣਾਅ ‘ਚ ਸੀ ਅਮਜੋਤ ਕੌਰ : ਪਰਿਵਾਰ

ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਵਿਦਿਆਰਥਣ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਜ਼ਿੰਮੇਵਾਰੀਆਂ ਵੀ ਨਿਭਾਉਣ ਲਈ ਕਿਹਾ ਜਾਂਦਾ ਸੀ, ਜਿਸ ਕਾਰਨ ਉਹ ਲਗਾਤਾਰ ਤਣਾਅ ਵਿੱਚ ਰਹਿੰਦੀ ਸੀ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਵਿਦਿਆਰਥੀ ਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਨਾ ਕਰਨਾ ਪਵੇ।

ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਦਰਜ ਕੀਤਾ ਮਾਮਲਾ

ਉਧਰ, ਵਿਜੇ ਨਗਰ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇੱਕ 17 ਸਾਲਾ ਵਿਦਿਆਰਥਣ ਵੱਲੋਂ ਜ਼ਹਿਰੀਲਾ ਪਦਾਰਥ ਖਾਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਸਕੂਲ ਸਟਾਫ਼ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋ ਸਕੇਗੀ।

Exit mobile version