House Collapse: ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਬਰਹਪਨ ਪਿੰਡ ਵਿੱਚ ਰਾਤ ਸਮੇਂ ਇੱਕ ਕੱਚਾ ਮਕਾਨ ਅਚਾਨਕ ਢਹਿ ਜਾਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਲੋਕ ਜ਼ਖਮੀ ਹੋ ਗਏ। ਇਹ ਘਟਨਾ ਸੋਮਵਾਰ ਦੇਰ ਰਾਤ ਉਸ ਸਮੇਂ ਵਾਪਰੀ, ਜਦੋਂ ਪਰਿਵਾਰ ਦੇ ਸਾਰੇ ਮੈਂਬਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਘਰ ਵਿੱਚ ਸੌਂ ਰਹੇ ਸਨ।
ਮਕਾਨ ਡਿੱਗਣ ਕਾਰਨ ਅੰਦਰ ਮੌਜੂਦ ਪਰਿਵਾਰ ਦੇ ਅੱਠ ਜੀਅ ਮਲਬੇ ਹੇਠਾਂ ਦੱਬ ਗਏ। ਪੁਲਿਸ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਪਛਾਣ 36 ਸਾਲਾ ਅਰੁਣ ਵਿਸ਼ਵਕਰਮਾ, ਉਨ੍ਹਾਂ ਦੀ 65 ਸਾਲਾ ਮਾਤਾ ਸੰਤੁਲੀਆ ਅਤੇ ਦੋ ਸਾਲ ਦੀ ਧੀ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਹੈ।
ਹਾਦਸੇ ਵਿੱਚ ਜ਼ਖਮੀ ਹੋਏ ਪੰਜ ਲੋਕਾਂ ਨੂੰ ਪਿੰਡ ਵਾਸੀਆਂ ਅਤੇ ਬਚਾਅ ਟੀਮ ਦੀ ਮਦਦ ਨਾਲ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਜ਼ਖਮੀਆਂ ਵਿੱਚ ਬੇਲਾਮਤੀ, ਸੁਦਰਸ਼ਨ ਵਿਸ਼ਵਕਰਮਾ, ਰੋਸ਼ਨੀ, ਅਰੁਣ ਦਾ ਪੁੱਤਰ ਦੀਪਕ ਅਤੇ ਅਜੈ ਵਿਸ਼ਵਕਰਮਾ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਬੈਢਨ ਦੇ ਸਰਕਾਰੀ ਹਸਪਤਾਲ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਘਰ ਦੀ ਇੱਕ ਕੰਧ ਵਿੱਚ ਪਹਿਲਾਂ ਹੀ ਤਰੇੜਾਂ ਪੈ ਚੁੱਕੀਆਂ ਸਨ ਅਤੇ ਉੱਥੋਂ ਅਜੀਬ ਆਵਾਜ਼ਾਂ ਵੀ ਆ ਰਹੀਆਂ ਸਨ। ਪਰਿਵਾਰ ਨੂੰ ਮਕਾਨ ਦੀ ਹਾਲਤ ਖਰਾਬ ਹੋਣ ਦਾ ਅਹਿਸਾਸ ਸੀ ਅਤੇ ਅਗਲੇ ਦਿਨ ਮੁਰੰਮਤ ਕਰਵਾਉਣ ਦੀ ਯੋਜਨਾ ਸੀ। ਪਰ ਇਸ ਤੋਂ ਪਹਿਲਾਂ ਹੀ ਦੋ ਮੰਜ਼ਿਲਾ ਮਿੱਟੀ ਦਾ ਪੁਰਾਣਾ ਮਕਾਨ ਪੂਰੀ ਤਰ੍ਹਾਂ ਢਹਿ ਗਿਆ ਅਤੇ ਪਰਿਵਾਰ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ।
ਹਾਦਸੇ ਸਮੇਂ ਪਰਿਵਾਰ ਦੀ ਮਹਿਲਾ ਮੈਂਬਰ ਬੇਲਾਮਤੀ ਆਪਣੇ ਚਾਰ ਬੱਚਿਆਂ ਸਮੇਤ ਮਲਬੇ ਹੇਠਾਂ ਫਸ ਗਈ ਸੀ। ਗੁਆਂਢੀਆਂ ਨੇ ਤੁਰੰਤ ਮਦਦ ਕਰਦਿਆਂ ਉਨ੍ਹਾਂ ਨੂੰ ਬਾਹਰ ਕੱਢਿਆ। ਦੂਜੇ ਪਾਸੇ ਅਰੁਣ ਅਤੇ ਪਰਿਵਾਰ ਦੇ ਕੁਝ ਹੋਰ ਮੈਂਬਰ ਘਰ ਦੇ ਅੰਦਰ ਹੀ ਫਸ ਗਏ ਸਨ। ਪਿੰਡ ਵਾਸੀਆਂ ਦੇ ਨਾਲ ਪ੍ਰਸ਼ਾਸਨਿਕ ਟੀਮ ਨੇ ਵੀ ਬਚਾਅ ਕਾਰਜ ਚਲਾਇਆ। ਸਬ-ਡਿਵੀਜ਼ਨਲ ਮੈਜਿਸਟ੍ਰੇਟ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਰਾਤ ਭਰ ਮਲਬਾ ਹਟਾਉਣ ਦਾ ਕੰਮ ਜਾਰੀ ਰਿਹਾ।
ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਪਰਿਵਾਰ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ, ਜਦਕਿ ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਪੁਰਾਣੇ ਅਤੇ ਕੱਚੇ ਮਕਾਨਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਘਰਾਂ ਦੀ ਸੁਰੱਖਿਆ ਵੱਲ ਖ਼ਾਸ ਧਿਆਨ ਦੇਣ ਦੀ ਅਪੀਲ ਕੀਤੀ ਹੈ। ਫਿਲਹਾਲ ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰ ਲਈ ਕਿਸੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਗਿਆ ਹੈ।

