skip to content

Last Updated: October 15, 2026

Dainik Savera Times Logo

Sher-e-Punjab T20 League 2026 : CM ਮਾਨ ਨੇ ਸ਼ੇਰ-ਏ-ਪੰਜਾਬ T-20 ਲੀਗ ਦੀ ਕੀਤੀ ਸ਼ੁਰੂਆਤ, 5 ਸਤੰਬਰ ਤੋਂ ਹੋਵੇਗਾ ਮੁਕਾਬਲਾ

31 August 2026 ਅੱਪਡੇਟ ਕੀਤਾ ਗਿਆ

Sher-e-Punjab T20 League 2026 : CM ਮਾਨ ਨੇ ਸ਼ੇਰ-ਏ-ਪੰਜਾਬ T-20 ਲੀਗ ਦੀ ਕੀਤੀ ਸ਼ੁਰੂਆਤ, 5 ਸਤੰਬਰ ਤੋਂ ਹੋਵੇਗਾ ਮੁਕਾਬਲਾ

Sher-e-Punjab T20 League 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਪਹਿਲੀ ਵਾਰ ਫਰੈਂਚਾਇਜ਼ੀ ਅਧਾਰਤ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਸੂਬੇ ਦੇ ਉਭਰਦੇ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਖੇਡ ਵਿੱਚ ਅੱਗੇ ਵਧਣ ਦੇ ਮੌਕੇ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਕਰਵਾਏ ਜਾ ਰਹੇ ਉਦਘਾਟਨੀ ਐਡੀਸ਼ਨ ਵਿੱਚ ਛੇ ਟੀਮਾਂ ਸ਼ਾਮਲ ਹੋਣਗੀਆਂ ਅਤੇ ਇਹ ਟੂਰਨਾਮੈਂਟ 13 ਸਤੰਬਰ ਤੱਕ ਪੀ.ਸੀ.ਏ. ਕ੍ਰਿਕਟ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਜਾਵੇਗਾ।

ਪੰਜਾਬ ਦੇ ਹੁਨਰਮੰਦ ਕ੍ਰਿਕਟਰਾਂ ਨੂੰ ਮਿਲਿਆ ਵੱਡਾ ਪਲੇਟਫਾਰਮ

ਖਿਡਾਰੀਆਂ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਪੰਜਾਬ ਦੇ ਹੁਨਰਮੰਦ ਕ੍ਰਿਕਟਰਾਂ ਨੂੰ ਵੱਡੇ ਪਲੇਟਫਾਰਮ ‘ਤੇ ਮੁਕਾਬਲਾ ਕਰਨ ਅਤੇ ਸਥਾਪਿਤ ਖਿਡਾਰੀਆਂ ਦੇ ਨਾਲ ਖੇਡਣ ਅਤੇ ਉਨ੍ਹਾਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ, “ਸ਼ੇਰ-ਏ-ਪੰਜਾਬ ਟੀ-20 ਲੀਗ ਪੰਜਾਬ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਹੁਨਰਮੰਦ ਕ੍ਰਿਕਟਰਾਂ ਨੂੰ ਖੇਡ ਵਿੱਚ ਅੱਗੇ ਵਧਣ ਦੇ ਵਧੇਰੇ ਮੌਕੇ ਦੇਣ ਲਈ ਕਰਵਾਈ ਜਾ ਰਹੀ ਹੈ। ਇਹ ਲੀਗ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਈ.ਪੀ.ਐਲ. ਦੀ ਤਰਜ਼ ‘ਤੇ ਕਰਵਾਈ ਜਾ ਰਹੀ ਹੈ।”

ਅੰਮ੍ਰਿਤਸਰ ਸੂਰਮਾ ਅਤੇ ਮੋਹਾਲੀ ਕਿੰਗਜ਼ ਵਿਚਕਾਰ ਮੁਕਾਬਲਾ

ਕੱਲ੍ਹ ਉਦਘਾਟਨ ਸਮਾਰੋਹ ਵਿੱਚ ਟੂਰਨਾਮੈਂਟ ਦਾ ਪਹਿਲਾ ਮੈਚ ਅੰਮ੍ਰਿਤਸਰ ਸੂਰਮਾ ਅਤੇ ਮੋਹਾਲੀ ਕਿੰਗਜ਼ ਵਿਚਕਾਰ ਖੇਡਿਆ ਗਿਆ। ਇਹ ਲੀਗ ਦੋ ਹਫ਼ਤਿਆਂ ਤੱਕ ਜਾਰੀ ਰਹੇਗੀ, ਜਿਸ ਦਾ ਫਾਈਨਲ 13 ਸਤੰਬਰ ਨੂੰ ਹੋਵੇਗਾ। ਸਾਰੇ ਮੈਚ ਮੋਹਾਲੀ ਦੇ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਹਨ।

ਨਸ਼ਿਆਂ ਵਿਰੁੱਧ ਜੰਗ ਵਿੱਚ ਖੇਡਾਂ ਸਭ ਤੋਂ ਅਸਰਦਾਰ ਹਥਿਆਰ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਭਰ ਵਿੱਚ ਬਿਹਤਰ ਖੇਡ ਬੁਨਿਆਦੀ ਢਾਂਚਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ, “ਨਸ਼ਿਆਂ ਵਿਰੁੱਧ ਜੰਗ ਵਿੱਚ ਖੇਡਾਂ ਸਭ ਤੋਂ ਅਸਰਦਾਰ ਹਥਿਆਰ ਹਨ। ਇਸੇ ਲਈ ਸੂਬਾ ਸਰਕਾਰ ਖੇਡਾਂ ‘ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ ਅਤੇ ਨੌਜਵਾਨਾਂ ਨੂੰ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ ਦੇ ਮੌਕੇ ਮੁਹੱਈਆ ਕਰ ਰਹੀ ਹੈ।”

ਖੇਡਾਂ ਵਤਨ ਪੰਜਾਬ ਦੀਆਂ 5 ਸਤੰਬਰ ਨੂੰ ਬਠਿੰਡਾ ਤੋਂ ਸ਼ੁਰੂ ਹੋਣਗੀਆਂ

ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਾਡੀ ਸਰਕਾਰ 5 ਸਤੰਬਰ ਨੂੰ ਬਠਿੰਡਾ ਤੋਂ ਸਭ ਤੋਂ ਵੱਡਾ ਖੇਡ ਮਹਾਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕਰੇਗੀ। ਉਨ੍ਹਾਂ ਕਿਹਾ, “ਖਿਡਾਰੀਆਂ ਦੀਆਂ ਤਿੰਨ ਪੀੜ੍ਹੀਆਂ ਇਸ ਖੇਡ ਸਮਾਗਮ ਵਿੱਚ ਭਾਗ ਲੈਣਗੀਆਂ, ਜੋ ਇਸ ਨੂੰ ਪੰਜਾਬ ਦੀ ਖੇਡ ਭਾਵਨਾ ਦਾ ਵਿਲੱਖਣ ਜਸ਼ਨ ਬਣਾਉਂਦੀਆਂ ਹਨ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦੇ ਉਪਰਾਲਿਆਂ ਦਾ ਮਕਸਦ ਸੂਬੇ ਭਰ ਵਿੱਚ ਮਜ਼ਬੂਤ ਖੇਡ ਸੱਭਿਆਚਾਰ ਪੈਦਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਸਫ਼ਲਤਾ ਹਾਸਲ ਕਰਨ ਲਈ ਢੁਕਵੇਂ ਮੰਚ ਮਿਲਣ।

ਕਿਨ੍ਹਾਂ ਹੱਥ ਟੀਮਾਂ ਦੀ ਕਪਤਾਨੀ ?

ਇਸ ਉਦਘਾਟਨੀ ਐਡੀਸ਼ਨ ਵਿੱਚ ਛੇ ਫਰੈਂਚਾਇਜ਼ੀ ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ ਹਰੇਕ ਟੀਮ ਦੀ ਅਗਵਾਈ ਪੰਜਾਬ ਦੇ ਮੋਹਰੀ ਕ੍ਰਿਕਟਰ ਕਰ ਰਹੇ ਹਨ। ਫਾਜ਼ਿਲਕਾ ਫਾਲਕਨਜ਼ ਦੀ ਕਪਤਾਨੀ ਸ਼ੁਭਮਨ ਗਿੱਲ, ਲੁਧਿਆਣਾ ਲਾਇਨਜ਼ ਦੀ ਅਰਸ਼ਦੀਪ ਸਿੰਘ, ਅੰਮ੍ਰਿਤਸਰ ਸੂਰਮੇ ਦੀ ਅਭਿਸ਼ੇਕ ਸ਼ਰਮਾ, ਜਲੰਧਰ ਵਾਰੀਅਰਜ਼ ਦੀ ਪ੍ਰਭਸਿਮਰਨ ਸਿੰਘ, ਮੋਹਾਲੀ ਕਿੰਗਜ਼ ਦੀ ਰਮਨਦੀਪ ਸਿੰਘ ਅਤੇ ਬਠਿੰਡਾ ਰਾਇਲਜ਼ ਦੀ ਕਪਤਾਨੀ ਗੁਰਨੂਰ ਬਰਾੜ ਕਰ ਰਹੇ ਹਨ।

ਇਸ ਲੀਗ ਵਿੱਚ ਪੰਜਾਬ ਦੇ ਪ੍ਰਮੁੱਖ ਕ੍ਰਿਕਟਰ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਹਾਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਸ਼ਾਮਲ ਹਨ। ਪੰਜਾਬ ਦੇ 450 ਤੋਂ ਵੱਧ ਖਿਡਾਰੀਆਂ ਦੇ ਪੂਲ ਵਿੱਚੋਂ ਵੱਖ-ਵੱਖ ਫਰੈਂਚਾਇਜ਼ੀ ਟੀਮਾਂ ਦੀ ਨੁਮਾਇੰਦਗੀ ਕਰਨ ਲਈ ਬੋਲੀ ਰਾਹੀਂ 119 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.