Sheikh Hasina: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਦੇਸ਼ ਵਾਪਸੀ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਉਨ੍ਹਾਂ ਦੀ ਪਾਰਟੀ ਬੰਗਲਾਦੇਸ਼ ਅਵਾਮੀ ਲੀਗ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ 16 ਦਸੰਬਰ ਨੂੰ ਉਨ੍ਹਾਂ ਦੇ ਬੰਗਲਾਦੇਸ਼ ਪਰਤਣ ਦਾ ਸੰਕੇਤ ਦਿੱਤਾ ਗਿਆ ਹੈ। ਪਾਰਟੀ ਦੀਆਂ ਪੋਸਟਾਂ ਵਿੱਚ ’16 ਦਸੰਬਰ ਨੂੰ ਆ ਰਹੀ ਹੈ ਜਨਨੇਤਾ’ ਅਤੇ ‘ਜੈ ਬੰਗਲਾ’ ਵਰਗੇ ਸੰਦੇਸ਼ ਲਿਖੇ ਗਏ ਹਨ।
ਅਵਾਮੀ ਲੀਗ ਵੱਲੋਂ ਸ਼ੇਖ ਹਸੀਨਾ ਦੀ ਤਸਵੀਰ ਨਾਲ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਬੰਗਾਲੀ ਭਾਸ਼ਾ ਵਿੱਚ ਕਿਹਾ ਗਿਆ, ”16 ਦਸੰਬਰ ਤੈਅ, ਤਿਆਰ ਰਹੋ ਬੰਗਲਾਦੇਸ਼, ਜੈ ਬੰਗਲਾ।” ਇੱਕ ਹੋਰ ਸੰਦੇਸ਼ ਵਿੱਚ ਪਾਰਟੀ ਨੇ ਦਾਅਵਾ ਕੀਤਾ ਕਿ ਜਨਨੇਤਾ 16 ਦਸੰਬਰ ਨੂੰ ਬੰਗਲਾਦੇਸ਼ ਪਹੁੰਚ ਰਹੀ ਹੈ। ਹਾਲਾਂਕਿ, ਇਨ੍ਹਾਂ ਪੋਸਟਾਂ ਨਾਲ ਉਨ੍ਹਾਂ ਦੀ ਵਾਪਸੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
16 ਦਸੰਬਰ ਬੰਗਲਾਦੇਸ਼ ਦੇ ਇਤਿਹਾਸ ਵਿੱਚ ਖਾਸ ਮਹੱਤਵ ਰੱਖਦਾ ਹੈ। ਸਾਲ 1971 ਵਿੱਚ ਇਸੇ ਦਿਨ ਪਾਕਿਸਤਾਨੀ ਫੌਜ ਨੇ ਭਾਰਤੀ ਫੌਜ ਅਤੇ ਮੁਕਤੀ ਵਾਹਿਨੀ ਅੱਗੇ ਆਤਮ ਸਮਰਪਣ ਕੀਤਾ ਸੀ। ਇਸ ਜਿੱਤ ਨਾਲ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦਾ ਅਹਿਮ ਪੜਾਅ ਪੂਰਾ ਹੋਇਆ ਸੀ। ਇਸ ਦਿਨ ਨੂੰ ਦੇਸ਼ ਵਿੱਚ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ਼ੇਖ ਹਸੀਨਾ ਦੇ ਬੁਲਾਰੇ ਸਈਦ ਮੋਜ਼ੱਮਲ ਅਲੀ ਦੇ ਹਵਾਲੇ ਨਾਲ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਉਹ ਇਸੇ ਮੌਕੇ ਆਪਣੇ ਦੇਸ਼ ਪਰਤਣਾ ਚਾਹੁੰਦੀ ਹੈ।
ਬੁਲਾਰੇ ਮੁਤਾਬਕ ਸ਼ੇਖ ਹਸੀਨਾ ਨੇ ਤਾਰਿਕ ਰਹਿਮਾਨ ਦੀ ਸਰਕਾਰ ਤੋਂ ਦਿੱਲੀ ਤੋਂ ਢਾਕਾ ਤੱਕ ਹਵਾਈ ਯਾਤਰਾ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇੱਛਾ ਹੈ ਕਿ ਉਹ ਬੰਗਲਾਦੇਸ਼ ਦੀ ਸਰਕਾਰੀ ਏਅਰਲਾਈਨ ‘ਬਿਮਾਨ ਬੰਗਲਾਦੇਸ਼ ਏਅਰਲਾਈਨਜ਼’ ਰਾਹੀਂ ਵਾਪਸ ਜਾਣ। ਬੁਲਾਰੇ ਨੇ ਕਿਹਾ ਕਿ 5 ਅਗਸਤ 2024 ਨੂੰ ਸ਼ੇਖ ਹਸੀਨਾ ਨੂੰ ਬੰਗਲਾਦੇਸ਼ੀ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ, ਇਸ ਲਈ ਹੁਣ ਸਰਕਾਰ ਨੂੰ ਉਨ੍ਹਾਂ ਦੀ ਵਾਪਸੀ ਲਈ ਵੀ ਹਵਾਈ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਜੇ ਦਿਵਸ ਮੌਕੇ ਉਨ੍ਹਾਂ ਦੀ ਵਾਪਸੀ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਦੂਜੇ ਪਾਸੇ ਬੰਗਲਾਦੇਸ਼ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸਿਰਫ਼ ਹਵਾਲਗੀ ਦੀ ਪ੍ਰਕਿਰਿਆ ਹੀ ਅਪਣਾਈ ਜਾ ਸਕਦੀ ਹੈ।
ਪਿਛਲੇ ਕਈ ਮਹੀਨਿਆਂ ਤੋਂ ਸ਼ੇਖ ਹਸੀਨਾ ਦੀ ਵਤਨ ਵਾਪਸੀ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਉਹ ਵੱਖ-ਵੱਖ ਮੌਕਿਆਂ ’ਤੇ ਬੰਗਲਾਦੇਸ਼ ਪਰਤਣ ਦੀ ਇੱਛਾ ਵੀ ਜ਼ਾਹਰ ਕਰ ਚੁੱਕੀ ਹੈ। ਹੁਣ ਪਾਰਟੀ ਦੀਆਂ ਤਾਜ਼ਾ ਪੋਸਟਾਂ ਵਿੱਚ 16 ਦਸੰਬਰ ਦੀ ਤਾਰੀਖ ਸਾਹਮਣੇ ਆਉਣ ਕਾਰਨ ਇਸ ਮਾਮਲੇ ਨੇ ਮੁੜ ਧਿਆਨ ਖਿੱਚਿਆ ਹੈ। 79 ਸਾਲਾ ਹਸੀਨਾ ਅਗਸਤ 2024 ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਦਰੋਹ ਤੋਂ ਬਾਅਦ ਦੇਸ਼ ਛੱਡ ਕੇ ਭਾਰਤ ਆ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਦਸਤਾਵੇਜ਼ ਵੀ ਰੱਦ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ।
ਪਿਛਲੇ ਸਾਲ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਵਿਦਿਆਰਥੀ ਅੰਦੋਲਨ ਨੂੰ ਦਬਾਉਣ ਨਾਲ ਜੁੜੇ ਮਾਮਲੇ ਵਿੱਚ ਸ਼ੇਖ ਹਸੀਨਾ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਸ਼ੇਖ ਹਸੀਨਾ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਫਿਲਹਾਲ ਪਾਰਟੀ ਦੀਆਂ ਪੋਸਟਾਂ ਵਿੱਚ ਦਰਸਾਈ ਗਈ ਤਾਰੀਖ ਦੇ ਬਾਵਜੂਦ ਉਨ੍ਹਾਂ ਦੀ ਵਾਪਸੀ ਕਿਵੇਂ ਅਤੇ ਕਦੋਂ ਹੋਵੇਗੀ, ਇਹ ਬੰਗਲਾਦੇਸ਼ ਸਰਕਾਰ ਦੇ ਰੁਖ ਅਤੇ ਅਗਲੇ ਫੈਸਲਿਆਂ ’ਤੇ ਨਿਰਭਰ ਕਰੇਗਾ।

