Site icon Dainik Savera Punjab

Shah Rukh Khan: ਕੀ ਸ਼ਾਹਰੁਖ ਖਾਨ ਨੇ ਇਨਫਲੂਐਂਸਰ ਨੂੰ ਭੇਜਿਆ ਮਾਣਹਾਨੀ ਨੋਟਿਸ? ਵਕੀਲਾਂ ਨੇ ਦਿੱਤੀ ਸਫ਼ਾਈ

Shah Rukh Khan: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਅਤੇ ਇਨਫਲੂਐਂਸਰ ਸੁਵਿਗਿਆ ਸ਼ਰਮਾ ਵਿਚਾਲੇ ਕਥਿਤ ਕਾਨੂੰਨੀ ਨੋਟਿਸ ਨੂੰ ਲੈ ਕੇ ਚੱਲ ਰਹੀ ਚਰਚਾ ‘ਤੇ ਹੁਣ ਅਦਾਕਾਰ ਦੀ ਕਾਨੂੰਨੀ ਟੀਮ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਹਿਰਾਨੀ ਐਂਡ ਐਸੋਸੀਏਟਸ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਾਹਰੁਖ ਵੱਲੋਂ ਸੁਵਿਗਿਆ ਨੂੰ ਕੋਈ ਲੀਗਲ ਨੋਟਿਸ ਨਹੀਂ ਭੇਜਿਆ ਗਿਆ।

ਕਾਨੂੰਨੀ ਫਰਮ ਨੇ 23 ਨਵੰਬਰ 2026 ਦੀ ਤਾਰੀਖ ਵਾਲੇ ਉਸ ਕਥਿਤ ਨੋਟਿਸ ਨੂੰ ਅਦਾਕਾਰ ਨਾਲ ਜੋੜਨ ਵਾਲੀਆਂ ਰਿਪੋਰਟਾਂ ਨੂੰ ਬੇਬੁਨਿਆਦ ਦੱਸਿਆ ਹੈ। ਇਸ ਦੇ ਨਾਲ ਹੀ ਮੀਡੀਆ ਸੰਸਥਾਵਾਂ ਅਤੇ ਸੋਸ਼ਲ ਮੀਡੀਆ ਪੇਜਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਖ਼ਬਰ ਜਾਂ ਜਾਣਕਾਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਜ਼ਰੂਰ ਕੀਤੀ ਜਾਵੇ।

ਹਿਰਾਨੀ ਐਂਡ ਐਸੋਸੀਏਟਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਰਾਹੀਂ ਇਹ ਬਿਆਨ ਸਾਂਝਾ ਕੀਤਾ। ਫਰਮ ਮੁਤਾਬਕ, ਸ਼ਾਹਰੁਖ ਖਾਨ ਦੇ ਅਧਿਕਾਰਤ ਵਕੀਲ ਹੋਣ ਦੇ ਨਾਤੇ ਉਹ ਸਪੱਸ਼ਟ ਕਰ ਰਹੇ ਹਨ ਕਿ ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ ਨੋਟਿਸ ਨਾ ਤਾਂ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਅਦਾਕਾਰ ਦੀ ਤਰਫੋਂ ਭੇਜਿਆ ਗਿਆ ਹੈ।

ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸ਼ਾਹਰੁਖ ਨੇ ਕਿਸੇ ਹੋਰ ਵਕੀਲ ਜਾਂ ਕਾਨੂੰਨੀ ਫਰਮ ਨੂੰ ਵੀ ਅਜਿਹਾ ਨੋਟਿਸ ਜਾਰੀ ਕਰਨ ਦੀ ਹਦਾਇਤ ਨਹੀਂ ਦਿੱਤੀ। ਫਰਮ ਨੇ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਪੇਜਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਪੋਸਟਾਂ ਵਿੱਚ ਇਸ ਨੋਟਿਸ ਨੂੰ ਸ਼ਾਹਰੁਖ ਨਾਲ ਜੋੜਿਆ ਗਿਆ ਹੈ, ਉਨ੍ਹਾਂ ਨੂੰ ਠੀਕ ਕੀਤਾ ਜਾਵੇ ਜਾਂ ਹਟਾ ਦਿੱਤਾ ਜਾਵੇ।

ਇਸ ਵਿਵਾਦ ਦੀ ਸ਼ੁਰੂਆਤ ਸੁਵਿਗਿਆ ਸ਼ਰਮਾ ਵੱਲੋਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਇੱਕ ਰੀਲ ਤੋਂ ਹੋਈ ਸੀ। ਇਸ ਰੀਲ ਵਿੱਚ ਉਦਯੋਗਪਤੀ ਅਨੰਤ ਅੰਬਾਨੀ ਅਤੇ ਅਧਿਆਤਮਿਕ ਗੁਰੂ ਸਦਗੁਰੂ ਵਿਚਾਲੇ ਹੋਈ ਗੱਲਬਾਤ ਦੀ ਵੀਡੀਓ ਦਿਖਾਈ ਗਈ ਸੀ। ਸੁਵਿਗਿਆ ਨੇ ਦਾਅਵਾ ਕੀਤਾ ਸੀ ਕਿ ਗੱਲਬਾਤ ਦੌਰਾਨ ਅਨੰਤ ਅੰਬਾਨੀ ਨੇ ਸ਼ਾਹਰੁਖ ਖਾਨ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਸੀ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ।

ਬਾਅਦ ਵਿੱਚ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਕਿ ਸ਼ਾਹਰੁਖ ਨੇ ਇਸ ਰੀਲ ਨੂੰ ਸਾਂਝਾ ਕਰਨ ਵਾਲੇ ਸੁਵਿਗਿਆ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਕਥਿਤ ਤੌਰ ‘ਤੇ ਇਸ ਨੋਟਿਸ ਵਿੱਚ 48 ਘੰਟਿਆਂ ਦੇ ਅੰਦਰ ਰੀਲ ਹਟਾਉਣ, ਇਸ ਨਾਲ ਸਬੰਧਤ ਦਾਅਵਿਆਂ ਨੂੰ ਅੱਗੇ ਸਾਂਝਾ ਨਾ ਕਰਨ ਅਤੇ ਪੋਸਟ ਵਿੱਚ ਸੋਧ ਕਰਨ ਲਈ ਕਿਹਾ ਗਿਆ ਸੀ। ਪਰ ਹੁਣ ਸ਼ਾਹਰੁਖ ਦੀ ਕਾਨੂੰਨੀ ਟੀਮ ਨੇ ਅਜਿਹੇ ਕਿਸੇ ਵੀ ਨੋਟਿਸ ਦੀ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

Exit mobile version