ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੌਰ ਤੇ ਲੱਡੂ ਵੰਡਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਹ ਸ਼ੁਰੂਆਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੀ ਧਰਤੀ ਨੂੰ ਭਾਗ ਲਾਏ ਤੇ ਇੱਥੇ ਆ ਕੇ ਮਨੁੱਖਤਾ ਲਈ ਇੱਕ ਆਧਿਆਤਮਿਕ ਤੇ ਸਮਾਜਿਕ ਕੇਂਦਰ ਦੀ ਸਥਾਪਨਾ ਕੀਤੀ।ਐਡਵੋਕੇਟ ਧਾਮੀ ਨੇ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਸਤਿਗੁਰੂ ਜੀ ਨੇ ਇੱਕ ਅਜਿਹਾ ਨਗਰ ਵਸਾਇਆ।

ਜਿੱਥੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਲੋਕਾਂ ਨੂੰ ਇਕੱਠਾ ਕਰਕੇ ਰੋਜ਼ਗਾਰ ਦੇ ਸਾਧਨ ਉਪਲਬਧ ਕਰਵਾਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ, ਅਖੰਡ ਪਾਠ ਸਾਹਿਬ ਅਤੇ ਵਿਸ਼ੇਸ਼ ਆਰੰਭ ਹੋਣਗੇ, ਜਿਨ੍ਹਾਂ ਦੀ ਤਿਆਰੀਆਂ ਜ਼ੋਰ ਸ਼ੋਰ ਨਾਲ ਜਾਰੀ ਹਨ।

ਐਸ.ਜੀ.ਪੀ.ਸੀ. ਵੱਲੋਂ ਜਾਣਕਾਰੀ ਦਿੱਤੀ ਗਈ ਕਿ 7 ਅਕਤੂਬਰ ਨੂੰ ਮਹਾਨ ਨਗਰ ਕੀਰਤਨ ਨਿਕਲਿਆ ਜਾਵੇਗਾ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਮੁੱਖ ਮਾਰਗਾਂ ‘ਚੋਂ ਲੰਘੇਗਾ। ਇਸ ਮੌਕੇ ਉੱਤੇ ਵੱਡੀ ਗਿਣਤੀ ਵਿੱਚ ਸੰਗਤ ਦੀ ਭਾਗੀਦਾਰੀ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਮੇਂ ਰਾਗੀ ਜਥੇ, ਜਿਨ੍ਹਾਂ ਨੂੰ ਰਾਗਾਂ ਵਿੱਚ ਮਹਾਰਤ ਹੈ, ਉਨ੍ਹਾਂ ਨੂੰ ਵਿਸ਼ੇਸ਼ ਸਮਾਂ ਦਿੱਤਾ ਜਾਵੇਗਾ।ਸੰਗਤ ਲਈ ਵਿਸ਼ੇਸ਼ ਸੁਵਿਧਾਵਾਂ ਤੇ ਪ੍ਰਸ਼ਾਸਨ ਨਾਲ ਸੰਯੁਕਤ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ।


ਐਡਵੋਕੇਟ ਧਾਮੀ ਨੇ ਦੱਸਿਆ ਕਿ ਸੰਗਤ ਦੀ ਆਉਣ-ਜਾਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਖੰਭਿਆਂ ਦੀ ਅੜਚਣ ਅਤੇ ਸੜਕਾਂ ਦੀ ਹਾਲਤ ਨੂੰ ਲੈ ਕੇ ਸੁਝਾਅ ਦਿੱਤੇ ਗਏ ਹਨ, ਜਿਨ੍ਹਾਂ ਉੱਤੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਜ਼ੋਰ ਦਿੱਤਾ ਕਿ ਸੁਲਤਾਨਵਿੰਡ ਅਤੇ ਹੋਰ ਇਲਾਕਿਆਂ ਤੋਂ ਆਉਣ ਵਾਲੀਆਂ ਸੰਗਤਾਂ ਲਈ ਵੀ ਪੱਕੀ ਰਸਤੇ ਤੇ ਆਵਾਜਾਈ ਸੁਵਿਧਾਵਾਂ ਨੂੰ ਸੁਨਿਸ਼ਚਿਤ ਕੀਤਾ ਜਾਵੇਗਾ।

ਸੱਦਾ ਪੱਤਰਾਂ ਤੇ ਪ੍ਰਸ਼ਾਦ ਦੀ ਵੰਡ
ਧਾਮੀ ਨੇ ਕਿਹਾ ਕਿ ਵੱਖ-ਵੱਖ ਜਥੇਬੰਦੀਆਂ, ਕਲਾਕਾਰ, ਤੇ ਪੇਸ਼ੇਵਰ ਲੋਕਾਂ ਨੂੰ ਗੁਰਪੁਰਬ ਸਮਾਗਮਾਂ ਲਈ ਸੱਦਾ ਦਿੱਤਾ ਜਾ ਰਿਹਾ ਹੈ। ਇਹ ਸਭ ਉਨ੍ਹਾਂ ਲੋਕਾਂ ਦੀ ਸਨਮਾਨਜਨਕ ਹਿਸੇਦਾਰੀ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ, ਜਿਹੜੇ ਸਿੱਖ ਇਤਿਹਾਸ ਤੇ ਪਰੰਪਰਾਵਾਂ ਨਾਲ ਜੁੜੇ ਹੋਏ ਹਨ। ਉਹਨਾਂ ਦਾ ਕਹਿਣਾ ਸੀ ਕਿ ਇਹ ਸਿਰਫ ਰਵਾਇਤੀ ਲਡੂ ਨਹੀਂ, ਸਗੋਂ ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਸਾਂਝਾ ਕਰਨ ਦਾ ਇਕ ਸੰਦ ਹਨ।ਅਖੀਰ ਵਿਚ, ਐਡਵੋਕੇਟ ਧਾਮੀ ਨੇ ਅਰਦਾਸ ਕੀਤੀ ਕਿ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਸਾਰਿਆਂ ਨੂੰ ਚਰਣਾਂ ਚ ਜੋੜਣ, ਨਿਮਰਤਾ ਦੇ ਗੁਣ ਅਤੇ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਬਖ਼ਸ਼ਿਸ਼ ਕਰਣ।