Rajnath Singh Japan Visit: ਰੱਖਿਆ ਮੰਤਰੀ ਰਾਜਨਾਥ ਸਿੰਘ ਇਨ੍ਹੀਂ ਦਿਨੀਂ ਜਾਪਾਨ ਦੇ ਅਧਿਕਾਰਤ ਦੌਰੇ ‘ਤੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਜਾਪਾਨ ਦੇ ਰੱਖਿਆ ਮੰਤਰੀ ਸ਼ਿੰਜੀਰੋ ਕੋਇਜ਼ੂਮੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਆਗੂ ਇਕੱਠੇ ਜਹਾਜ਼ ਵਿੱਚ ਸਫ਼ਰ ਕਰਦੇ ਵੀ ਨਜ਼ਰ ਆਏ। ਉਨ੍ਹਾਂ ਵਿਚਾਲੇ ਦਿਖਾਈ ਦਿੱਤੀ ਗਰਮਜੋਸ਼ੀ ਨੇ ਇਸ ਮੁਲਾਕਾਤ ਨੂੰ ਖਾਸ ਬਣਾ ਦਿੱਤਾ। ਰਾਜਨਾਥ ਸਿੰਘ ਨੇ ਜਹਾਜ਼ ਵਿੱਚੋਂ ਆਪਣੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝੀ ਕੀਤੀ।
ਰਾਜਨਾਥ ਸਿੰਘ ਨੇ ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ (JMSDF) ਦੇ ਯੋਕੋਸੁਕਾ ਸਥਿਤ ਜਲ ਸੈਨਾ ਅੱਡੇ ਦਾ ਦੌਰਾ ਵੀ ਕੀਤਾ। ਇਸ ਦੌਰਾਨ ਉਹ ਜਾਪਾਨ ਦੇ ਮੋਗਾਮੀ ਕਲਾਸ ਦੇ ਜੰਗੀ ਜਹਾਜ਼ ਨੂੰ ਦੇਖਣ ਪਹੁੰਚੇ। ਇਸ ਤੋਂ ਪਹਿਲਾਂ ਉਹ ਟੋਕੀਓ ਵਿੱਚ ਸਥਿਤ ਜਾਪਾਨ ਦੇ ਰੱਖਿਆ ਮੰਤਰਾਲੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਰਸਮੀ ਗਾਰਡ ਆਫ਼ ਆਨਰ ਦਿੱਤਾ ਗਿਆ। ਜਾਪਾਨੀ ਰੱਖਿਆ ਮੰਤਰੀ ਸ਼ਿੰਜੀਰੋ ਕੋਇਜ਼ੂਮੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਜਨਾਥ ਸਿੰਘ ਨੇ ਆਪਣੇ ਜਾਪਾਨੀ ਹਮਰੁਤਬਾ ਦੀ ਮਹਿਮਾਨਨਵਾਜ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਸ਼ਾਨਦਾਰ ਮੇਜ਼ਬਾਨ ਸਾਬਤ ਹੋ ਰਹੇ ਹਨ।
ਰਾਜਨਾਥ ਸਿੰਘ 18 ਅਤੇ 19 ਨਵੰਬਰ ਨੂੰ ਜਾਪਾਨ ਦੇ ਅਧਿਕਾਰਤ ਦੌਰੇ ‘ਤੇ ਹਨ। ਇਸ ਯਾਤਰਾ ਦੌਰਾਨ ਉਹ ਭਾਰਤ ਅਤੇ ਜਾਪਾਨ ਵਿਚਾਲੇ ਵਿਦੇਸ਼ ਤੇ ਰੱਖਿਆ ਮੰਤਰੀਆਂ ਦੀ ਚੌਥੀ ‘2+2 ਵਾਰਤਾ’ ਵਿੱਚ ਸ਼ਮੂਲੀਅਤ ਕਰਨਗੇ। ਇਸ ਦੇ ਨਾਲ ਹੀ ਸ਼ਿੰਜੀਰੋ ਕੋਇਜ਼ੂਮੀ ਨਾਲ ਦੁਵੱਲੀ ਬੈਠਕ ਵੀ ਹੋਵੇਗੀ। ਇਸ ਗੱਲਬਾਤ ਵਿੱਚ ਰੱਖਿਆ ਸਹਿਯੋਗ, ਸਮੁੰਦਰੀ ਸੁਰੱਖਿਆ ਅਤੇ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਜਾਪਾਨ ਦੇ ਰੱਖਿਆ ਮੰਤਰੀ ਸ਼ਿੰਜੀਰੋ ਕੋਇਜ਼ੂਮੀ ਨੇ ਵੀ ਰਾਜਨਾਥ ਸਿੰਘ ਦੇ ਦੌਰੇ ਨੂੰ ਲੈ ਕੇ ਉਤਸ਼ਾਹ ਪ੍ਰਗਟਾਇਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਭਾਰਤੀ ਰੱਖਿਆ ਮੰਤਰੀ ਦਾ ਸਵਾਗਤ ਕਰਨ ਅਤੇ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਗੱਲਬਾਤ ਕਰਨ ਲਈ ਉਤਸੁਕ ਹਨ। ਕੋਇਜ਼ੂਮੀ ਮੁਤਾਬਕ ਪਿਛਲੇ ਚਾਰ ਮਹੀਨਿਆਂ ਦੌਰਾਨ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਇਹ ਤੀਜੀ ਮੁਲਾਕਾਤ ਹੋਵੇਗੀ।
ਇਸ ਤੋਂ ਪਹਿਲਾਂ ਦੋਵਾਂ ਆਗੂਆਂ ਦੀ ਮੁਲਾਕਾਤ ਅਗਸਤ ਵਿੱਚ ਭਾਰਤ ਅਤੇ ਅਕਤੂਬਰ ਵਿੱਚ ਫਿਲੀਪੀਨਜ਼ ਵਿੱਚ ਹੋ ਚੁੱਕੀ ਹੈ। ਕੋਇਜ਼ੂਮੀ ਨੇ ਰਾਜਨਾਥ ਸਿੰਘ ਨੂੰ ਆਪਣੇ ਗ੍ਰਹਿ ਸ਼ਹਿਰ ਯੋਕੋਸੁਕਾ ਲਿਜਾਣ ਅਤੇ ਉੱਥੇ ਉਨ੍ਹਾਂ ਨਾਲ ਮੋਗਾਮੀ ਕਲਾਸ ਦੇ ਜੰਗੀ ਜਹਾਜ਼ ਦਾ ਦੌਰਾ ਕਰਨ ਦੀ ਇੱਛਾ ਵੀ ਜਤਾਈ ਸੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਭਾਰਤੀ ਰੱਖਿਆ ਮੰਤਰੀ ਦੀ ਯਾਤਰਾ ਨੂੰ ਸਫ਼ਲ ਅਤੇ ਯਾਦਗਾਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਦੌਰੇ ਦੌਰਾਨ ਹੋਣ ਵਾਲੀਆਂ ਬੈਠਕਾਂ ਵਿੱਚ ਦੋਵੇਂ ਦੇਸ਼ ਰੱਖਿਆ ਖੇਤਰ ਵਿੱਚ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਵਿਚਾਰ ਕਰਨਗੇ। ਇਸ ਤੋਂ ਇਲਾਵਾ ਖੇਤਰੀ ਸੁਰੱਖਿਆ, ਸਮੁੰਦਰੀ ਸਹਿਯੋਗ ਅਤੇ ਆਪਸੀ ਰਣਨੀਤਕ ਹਿੱਤਾਂ ਨਾਲ ਜੁੜੇ ਮੁੱਦੇ ਵੀ ਏਜੰਡੇ ਵਿੱਚ ਰਹਿਣਗੇ। ਭਾਰਤ ਅਤੇ ਜਾਪਾਨ ਪਹਿਲਾਂ ਹੀ ਰੱਖਿਆ ਖੇਤਰ ਵਿੱਚ ਕਈ ਪੱਧਰਾਂ ‘ਤੇ ਮਿਲ ਕੇ ਕੰਮ ਕਰ ਰਹੇ ਹਨ ਅਤੇ ਮੌਜੂਦਾ ਵਾਰਤਾ ਰਾਹੀਂ ਇਸ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।

