Site icon Dainik Savera Punjab

ਰਜਿੰਦਰ ਕੌਰ ਭੱਠਲ ਦੇ ਬੰਬ ਵਿਸਫੋਟ ਵਾਲੇ ਬਿਆਨ ‘ਤੇ ਸਿਆਸਤ ਗਰਮਾਈ, FIR ਅਤੇ TRC ਦੀ ਮੰਗ ਤੇਜ਼

Politics heats up over Rajinder Kaur Bhattal's bomb blast statement, demand for FIR and TRC intensifies

Politics heats up over Rajinder Kaur Bhattal's bomb blast statement, demand for FIR and TRC intensifies

Punjab Politics: ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਨਾਲ ਜੁੜੇ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਹੈ। ਇਸ ਬਿਆਨ ਨੂੰ ਲੈ ਕੇ ਨਾ ਸਿਰਫ਼ ਭੱਠਲ, ਸਗੋਂ ਪੂਰੀ ਕਾਂਗਰਸ ਪਾਰਟੀ ਵੀ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਇਸ ਬਿਆਨ ਨੂੰ ਪੰਜਾਬ ਦੀ ਅਮਨ-ਅਮਾਨ ਲਈ ਖ਼ਤਰਨਾਕ ਕਰਾਰ ਦਿੱਤਾ ਜਾ ਰਿਹਾ ਹੈ।

ਇਸ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਨੇ ਕੜਾ ਰੁਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਬਿਆਨਾਂ ਦੇ ਆਧਾਰ ‘ਤੇ ਤੁਰੰਤ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ।

‘ਸਲਾਹ ਦੇਣ ਵਾਲਿਆਂ ਦੇ ਨਾਮ ਜਨਤਕ ਕੀਤੇ ਜਾਣ’

ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਬੀ ਰਜਿੰਦਰ ਕੌਰ ਭੱਠਲ ਨੂੰ ਰਾਜਨੀਤਿਕ ਫਾਇਦੇ ਲਈ ਪੰਜਾਬ ਵਿੱਚ ਬੰਬ ਧਮਾਕੇ ਕਰਵਾਉਣ ਦੀ ਸਲਾਹ ਦੇਣ ਵਾਲੇ ਅਧਿਕਾਰੀਆਂ ਅਤੇ ਸਲਾਹਕਾਰਾਂ ਦੇ ਨਾਮ ਸਾਹਮਣੇ ਲਿਆਂਦੇ ਜਾਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜੇ ਇਹ ਬਿਆਨ ਸਹੀ ਹਨ ਤਾਂ ਇਹ ਪੰਜਾਬ ਨਾਲ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਇਸ ਮਾਮਲੇ ‘ਚ ਕੇਸ ਦਰਜ ਕਰਕੇ ਪੂਰੀ ਜਾਂਚ ਸ਼ੁਰੂ ਕਰੇ ਤਾਂ ਜੋ ਪੰਜਾਬ ਦੇ ਅਮਨ ਨਾਲ ਖੇਡਣ ਵਾਲੀਆਂ ਤਾਕਤਾਂ ਬੇਨਕਾਬ ਹੋ ਸਕਣ।

READ ALSO : ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਵਜ਼ੂ ਕਰਨ ਵਾਲਾ ਦੋਸ਼ੀ ਨੌਜਵਾਨ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ

Truth and Reconciliation Commission ਬਣਾਉਣ ਦੀ ਮੰਗ

ਹਰਪ੍ਰੀਤ ਸਿੰਘ ਨੇ ਇਸ ਮਾਮਲੇ ਤੋਂ ਵੀ ਅੱਗੇ ਵੱਧ ਕੇ ਕਿਹਾ ਕਿ ਸਿਰਫ਼ ਇਹੀ ਨਹੀਂ, ਸਗੋਂ ਉਸ ਦੌਰ ਦੀ ਪੂਰੀ ਸੱਚਾਈ ਲੋਕਾਂ ਸਾਹਮਣੇ ਲਿਆਉਣ ਲਈ Truth and Reconciliation Commission (TRC) ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਇਸ ਕਮਿਸ਼ਨ ਰਾਹੀਂ 80ਵੇਂ ਅਤੇ 90ਵੇਂ ਦਹਾਕੇ ਦੌਰਾਨ ਪੰਜਾਬ ਨਾਲ ਹੋਏ ਧੋਖਿਆਂ ਅਤੇ ਸਾਜ਼ਿਸ਼ਾਂ ਦੀ ਪੂਰੀ ਤਸਵੀਰ ਸਾਹਮਣੇ ਆ ਸਕੇਗੀ।

ਕੁਲਦੀਪ ਧਾਲੀਵਾਲ ਨੇ ਵੀ ਕਾਂਗਰਸ ‘ਤੇ ਕੱਸਿਆ ਤੰਜ

ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾਂ ਬੀਤੇ ਦਿਨ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਜਿੰਦਰ ਕੌਰ ਭੱਠਲ ਦਾ ਬਿਆਨ ਬਹੁਤ ਹੀ ਗੰਭੀਰ, ਸੰਜੀਦਾ ਅਤੇ ਚਿੰਤਾਜਨਕ ਹੈ, ਜਿਸਨੂੰ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਧਾਲੀਵਾਲ ਨੇ ਕਿਹਾ ਕਿ ਭੱਠਲ ਨੇ ਆਪਣੇ ਬਿਆਨ ਵਿੱਚ ਖੁਦ ਮੰਨਿਆ ਹੈ ਕਿ ਮੁੱਖ ਮੰਤਰੀ ਹੋਣ ਦੇ ਸਮੇਂ ਕੁਝ ਅਫ਼ਸਰਾਂ ਅਤੇ ਸਲਾਹਕਾਰਾਂ ਨੇ ਇਹ ਸੁਝਾਅ ਦਿੱਤਾ ਸੀ ਕਿ ਜੇ ਪੰਜਾਬ ਦੀਆਂ ਬੱਸਾਂ, ਰੇਲਾਂ ਅਤੇ ਚੌਂਕਾਂ ਵਿੱਚ ਬੰਬ ਧਮਾਕੇ ਕਰਵਾਏ ਜਾਣ ਤਾਂ ਕਾਂਗਰਸ ਦੀ ਸਰਕਾਰ ਦੁਬਾਰਾ ਬਣ ਸਕਦੀ ਹੈ। ਉਨ੍ਹਾਂ ਇਸ ਬਿਆਨ ਨੂੰ ਸਾਬਤ ਕਰਾਰ ਦਿੱਤਾ ਕਿ ਕਾਂਗਰਸ ਨੇ ਆਪਣੀ ਸਿਆਸੀ ਕੁਰਸੀ ਲਈ ਪੰਜਾਬ ਦੇ ਅਮਨ-ਚੈਨ ਨਾਲ ਖਿਲਵਾੜ ਕੀਤਾ।

ਕਾਲੇ ਦੌਰ ਦੀਆਂ ਜੜ੍ਹਾਂ ‘ਤੇ ਸਵਾਲ

ਕੁਲਦੀਪ ਧਾਲੀਵਾਲ ਨੇ ਕਿਹਾ ਕਿ 80ਵੇਂ ਅਤੇ 90ਵੇਂ ਦਹਾਕਿਆਂ ਵਿੱਚ ਪੰਜਾਬ ਨੇ ਜੋ ਕਾਲਾ ਦੌਰ ਦੇਖਿਆ, ਉਸ ਦੀਆਂ ਜੜ੍ਹਾਂ ਇਨ੍ਹਾਂ ਹੀ ਸਾਜ਼ਿਸ਼ਾਂ ਵਿੱਚ ਹਨ। ਇਸ ਦੌਰਾਨ ਹਜ਼ਾਰਾਂ ਨੌਜਵਾਨਾਂ ਦੀ ਜਾਨ ਗਈ, ਅਨੇਕ ਪਰਿਵਾਰ ਉਜੜ ਗਏ ਅਤੇ ਅੱਜ ਵੀ ਕਈ ਬੇਗੁਨਾਹ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਹਨ।

ਫਿਲਹਾਲ, ਰਜਿੰਦਰ ਕੌਰ ਭੱਠਲ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ ਅਤੇ ਹੁਣ ਸਭ ਦੀ ਨਜ਼ਰ ਸਰਕਾਰ ਦੇ ਅਗਲੇ ਕਦਮ ‘ਤੇ ਟਿਕੀ ਹੋਈ ਹੈ ਕਿ ਕੀ ਇਸ ਮਾਮਲੇ ‘ਚ ਕਾਨੂੰਨੀ ਕਾਰਵਾਈ ਹੁੰਦੀ ਹੈ ਜਾਂ ਨਹੀਂ।

ਗੈਂਗਸਟਰ ਮੁੱਦੇ ’ਤੇ AAP ਦਾ ਅਕਾਲੀ ਦਲ ਖ਼ਿਲਾਫ਼ ਤਿੱਖਾ ਹਮਲਾ, ਸੁਖਬੀਰ ਬਾਦਲ ਤੇ ਧਾਮੀ ਤੋਂ ਮੰਗਿਆ ਸਪੱਸ਼ਟੀਕਰਨ

Exit mobile version