Site icon Dainik Savera Punjab

Sonia Gandhi Ancestral House: ਸੋਨੀਆ ਗਾਂਧੀ ਦਾ ਇਟਲੀ ਸਥਿਤ ਜੱਦੀ ਘਰ ਖਰੀਦਣ ਵਾਲਾ ਪੰਜਾਬੀ ਮੂਲ ਦਾ ਸਿੱਖ ਕਾਰੋਬਾਰੀ, ਇਸ ਨੂੰ ਅਜਾਇਬ ਘਰ ‘ਚ ਬਦਲਣ ਦੀ ਇੱਛਾ जताई

Sonia Gandhi Ancestral Home: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਯਾਦਾਂ ’ਤੇ ਆਧਾਰਿਤ ਕਿਤਾਬ ‘Belonging: A Journey of Love’ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਇਟਲੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਜੱਦੀ ਘਰ ਨੂੰ ਲੈ ਕੇ ਵੀ ਲੋਕਾਂ ਦੀ ਦਿਲਚਸਪੀ ਵਧ ਗਈ ਹੈ। ਪੰਜਾਬੀ ਮੂਲ ਦੇ ਕਾਰੋਬਾਰੀ ਸੁਖਦੇਵ ਸਿੰਘ ਕੰਗ ਨੇ ਇਸ ਘਰ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਇਹ ਜਾਇਦਾਦ ਇਟਲੀ ਦੇ ਵੇਨੇਟੋ ਖੇਤਰ ਦੇ ਖੂਬਸੂਰਤ ਕਸਬੇ ਲੁਸੀਆਨਾ ਵਿੱਚ ਸਥਿਤ ਹੈ, ਜਿੱਥੇ ਸੋਨੀਆ ਗਾਂਧੀ ਦਾ ਜਨਮ ਹੋਇਆ ਸੀ।

ਕੰਗ ਨੇ ਕਰੀਬ ਛੇ ਸਾਲ ਪਹਿਲਾਂ ਛੇ ਬੈੱਡਰੂਮਾਂ ਵਾਲਾ ਇਹ ਘਰ ਖਰੀਦਿਆ ਸੀ। ਇਮਾਰਤ ਦੇ ਮੁੱਖ ਦਰਵਾਜ਼ੇ ’ਤੇ ਤਿਰੰਗੇ ਰੰਗ ਵਿੱਚ ਬਣੇ ਬੋਰਡ ’ਤੇ ‘India House, Place of Birth, 9 December 1946, Sonia Gandhi’ ਲਿਖਿਆ ਹੋਇਆ ਹੈ। ਕੰਗ ਨੇ ਦੱਸਿਆ ਕਿ ਘਰ ਖਰੀਦਣ ਤੋਂ ਬਾਅਦ ਇਸ ਦੀ ਅੰਦਰੂਨੀ ਸਜਾਵਟ ਅਤੇ ਪੁਰਾਣੀਆਂ ਚੀਜ਼ਾਂ ਨੂੰ ਪਹਿਲਾਂ ਵਾਂਗ ਹੀ ਸੰਭਾਲ ਕੇ ਰੱਖਿਆ ਗਿਆ ਹੈ। ਸਿਰਫ਼ ਜ਼ਰੂਰੀ ਮੁਰੰਮਤ ਕਰਵਾਈ ਗਈ ਹੈ। ਇਟਲੀ ਦੇ ਕਾਨੂੰਨ ਮੁਤਾਬਕ ਇਮਾਰਤ ਦੇ ਬਾਹਰੀ ਰੂਪ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ, ਇਸ ਲਈ ਇਸ ਦਾ ਅਸਲ ਸਰੂਪ ਬਰਕਰਾਰ ਹੈ।

ਕਾਰੋਬਾਰੀ ਮੁਤਾਬਕ, ਉਸ ਨੇ ਇਹ ਜਾਇਦਾਦ ਉਸ ਪਰਿਵਾਰ ਤੋਂ ਖਰੀਦੀ ਸੀ ਜੋ ਅਮਰੀਕਾ ਜਾ ਕੇ ਵੱਸਣ ਦੀ ਤਿਆਰੀ ਕਰ ਰਿਹਾ ਸੀ। ਇਸ ਪਰਿਵਾਰ ਨੇ ਪਹਿਲਾਂ ਇਹ ਘਰ ਸੋਨੀਆ ਗਾਂਧੀ ਦੇ ਪਰਿਵਾਰ ਤੋਂ ਖਰੀਦਿਆ ਸੀ। ਕੰਗ ਨੇ ਦੱਸਿਆ ਕਿ ਵੇਚਣ ਵਾਲੇ ਚਾਹੁੰਦੇ ਸਨ ਕਿ ਸੋਨੀਆ ਗਾਂਧੀ ਨਾਲ ਸਬੰਧਤ ਹੋਣ ਕਾਰਨ ਇਹ ਜਾਇਦਾਦ ਕਿਸੇ ਭਾਰਤੀ ਦੇ ਹੱਥ ਵਿੱਚ ਹੀ ਰਹੇ। ਉਹ ਪਹਿਲਾਂ ਸਿਰਫ਼ ਇਹ ਘਰ ਦੇਖਣ ਲਈ ਗਏ ਸਨ, ਪਰ ਜਦੋਂ ਪਤਾ ਲੱਗਾ ਕਿ ਇਹ ਵਿਕਰੀ ਲਈ ਉਪਲਬਧ ਹੈ ਤਾਂ ਉਨ੍ਹਾਂ ਨੇ ਇਸ ਨੂੰ ਖਰੀਦਣ ਦਾ ਫੈਸਲਾ ਕਰ ਲਿਆ। ਇਹ ਘਰ ਉਨ੍ਹਾਂ ਨੇ ਆਪਣੀ ਪਤਨੀ ਅਤੇ ਧੀ ਦੇ ਨਾਂ ’ਤੇ ਖਰੀਦਿਆ ਸੀ। ਕੰਗ ਦਾ ਕਹਿਣਾ ਹੈ ਕਿ ਹੁਣ ਇਸ ਨੂੰ ਮਿਊਜ਼ੀਅਮ ਬਣਾਉਣ ਲਈ ਲੋੜੀਂਦੀਆਂ ਮਨਜ਼ੂਰੀਆਂ ਵੀ ਮਿਲ ਚੁੱਕੀਆਂ ਹਨ।

ਕੰਗ ਨੇ ਦੱਸਿਆ ਕਿ ਸੋਨੀਆ ਗਾਂਧੀ ਦੇ ਪਿਤਾ ਸਟੇਫਾਨੋ ਮਾਇਨੋ ਪੇਸ਼ੇ ਤੋਂ ਮਿਸਤਰੀ ਅਤੇ ਇਮਾਰਤਾਂ ਦੇ ਠੇਕੇਦਾਰ ਸਨ। ਇਹ ਉਨ੍ਹਾਂ ਦੇ ਪਰਿਵਾਰ ਦਾ ਜੱਦੀ ਘਰ ਹੈ ਅਤੇ ਜੇਕਰ ਸੋਨੀਆ ਗਾਂਧੀ ਦਾ ਪਰਿਵਾਰ ਇੱਥੇ ਆਉਣਾ ਚਾਹੇ ਤਾਂ ਉਹ ਖੁਸ਼ੀ ਨਾਲ ਘਰ ਦੀਆਂ ਚਾਬੀਆਂ ਸੌਂਪਣ ਲਈ ਤਿਆਰ ਹਨ। ਘਰ ਵਿੱਚ ਅਜੇ ਵੀ ਮਾਇਨੋ ਪਰਿਵਾਰ ਦਾ ਪੁਰਾਣਾ ਫਰਨੀਚਰ ਅਤੇ ਕੁਝ ਕਾਲੀਆਂ-ਚਿੱਟੀਆਂ ਤਸਵੀਰਾਂ ਮੌਜੂਦ ਹਨ। ਕੰਗ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਘਰ ਕਿਰਾਏ ’ਤੇ ਦੇਣ ਦਾ ਸੁਝਾਅ ਦਿੱਤਾ ਗਿਆ ਸੀ, ਜਿਸ ਨਾਲ ਹਰ ਮਹੀਨੇ 800 ਯੂਰੋ ਤੋਂ ਵੱਧ ਕਮਾਈ ਹੋ ਸਕਦੀ ਸੀ, ਪਰ ਪਰਿਵਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ।

ਇਸ ਦੀ ਬਜਾਏ ਕੰਗ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਵਿੱਚ ਪ੍ਰਦਰਸ਼ਿਤ ਕਰਨ ਲਈ ਆਪਣੀਆਂ ਕੁਝ ਨਿੱਜੀ ਵਸਤਾਂ ਅਤੇ ਹੋਰ ਯਾਦਗਾਰੀ ਚੀਜ਼ਾਂ ਮੁਹੱਈਆ ਕਰਵਾਉਣ। ਉਨ੍ਹਾਂ ਮੁਤਾਬਕ ਇਹ ਸਿਰਫ਼ ਜਾਇਦਾਦ ਖਰੀਦਣ ਦਾ ਮਾਮਲਾ ਨਹੀਂ, ਸਗੋਂ ਭਾਰਤ ਦੀ ਇੱਕ ਪ੍ਰਮੁੱਖ ਰਾਜਨੀਤਿਕ ਸ਼ਖਸੀਅਤ ਦੇ ਨਿੱਜੀ ਇਤਿਹਾਸ ਨਾਲ ਜੁੜੀ ਵਿਰਾਸਤ ਨੂੰ ਸੰਭਾਲਣ ਦਾ ਯਤਨ ਹੈ। ਉਹ ਚਾਹੁੰਦੇ ਹਨ ਕਿ ਇੱਥੇ ਆਉਣ ਵਾਲੇ ਸੈਲਾਨੀ ਸੋਨੀਆ ਗਾਂਧੀ ਦੇ ਪਰਿਵਾਰਕ ਪਿਛੋਕੜ ਅਤੇ ਮੁੱਢਲੇ ਜੀਵਨ ਬਾਰੇ ਜਾਣ ਸਕਣ। ਕੰਗ ਨੇ ਇਹ ਵੀ ਦੱਸਿਆ ਕਿ ਕੈਂਬਰਿਜ ਵਿੱਚ ਰਾਜੀਵ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਦੀ ਜ਼ਿੰਦਗੀ ਨੇ ਨਵਾਂ ਮੋੜ ਲਿਆ ਅਤੇ ਉਹ ਭਾਰਤ ਆ ਗਈ।

ਇਸ ਘਰ ਨੂੰ ਦੇਖਣ ਲਈ ਖਾਸ ਕਰਕੇ ਭਾਰਤ ਤੋਂ ਸੈਲਾਨੀ ਪਹੁੰਚ ਰਹੇ ਹਨ, ਜਿਸ ਨਾਲ ਪਿੰਡ ਦੇ ਨੇੜਲੇ ਰੈਸਟੋਰੈਂਟਾਂ ਅਤੇ ਰਹਿਣ-ਸਹਿਣ ਵਾਲੀਆਂ ਥਾਵਾਂ ਦੇ ਕਾਰੋਬਾਰ ਨੂੰ ਵੀ ਫਾਇਦਾ ਹੋ ਰਿਹਾ ਹੈ। ਕੰਗ ਨੇ ਦੱਸਿਆ ਕਿ ਕੁਝ ਲੋਕਾਂ ਨੇ ਇਸ ਨੂੰ ਗੁਰਦੁਆਰੇ ਵਿੱਚ ਬਦਲਣ ਦਾ ਸੁਝਾਅ ਵੀ ਦਿੱਤਾ ਸੀ, ਪਰ ਪਰਿਵਾਰ ਘਰ ਦੀ ਮੌਜੂਦਾ ਪਛਾਣ ਅਤੇ ਇਤਿਹਾਸਕ ਸਰੂਪ ਨੂੰ ਬਦਲਣਾ ਨਹੀਂ ਚਾਹੁੰਦਾ। ਪਿੰਡ ਦੇ ਲੋਕ ਭਾਰਤੀ ਸੈਲਾਨੀਆਂ ਨੂੰ ਅਕਸਰ ਇਸ ਘਰ ਦੀ ਪਛਾਣ ‘ਸੋਨੀਆ ਗਾਂਧੀ ਦਾ ਘਰ’ ਵਜੋਂ ਕਰਵਾਉਂਦੇ ਹਨ। ਪਰਿਵਾਰ ਹਰ ਸਾਲ ਸੋਨੀਆ ਗਾਂਧੀ ਦੇ ਜਨਮਦਿਨ ’ਤੇ ਇੱਥੇ ਸਮਾਗਮ ਕਰਵਾਉਂਦਾ ਹੈ। ਘਰ ਦੀ ਸ਼ੁਰੂਆਤ ਸਮੇਂ ਕਈ ਪ੍ਰਮੁੱਖ ਹਸਤੀਆਂ ਅਤੇ ਸਿਆਸਤਦਾਨ ਵੀ ਪਹੁੰਚੇ ਸਨ। ਜਾਇਦਾਦ ਦੀ ਦੇਖਭਾਲ ਲਈ ਇੱਕ ਇਟਾਲੀਅਨ ਮਹਿਲਾ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਹਫ਼ਤੇ ਵਿੱਚ ਦੋ ਵਾਰ ਸਫ਼ਾਈ ਕਰਦੀ ਹੈ। ਉਸ ਨੂੰ ਹਰ ਮਹੀਨੇ 100 ਯੂਰੋ ਦਿੱਤੇ ਜਾਂਦੇ ਹਨ, ਜਦਕਿ ਘਰ ਦਾ ਸਾਲਾਨਾ ਪ੍ਰਾਪਰਟੀ ਟੈਕਸ ਲਗਭਗ 1,000 ਯੂਰੋ ਹੈ।

Exit mobile version