Site icon Dainik Savera Punjab

Punjab Weather: ਸਵੇਰੇ-ਸ਼ਾਮ ਵਧੀ ਠੰਢ, 24-25 ਅਕਤੂਬਰ ਨੂੰ ਮੀਂਹ ਦਾ ਅਲਰਟ ਜਾਰੀ

Punjab Weather: ਪੰਜਾਬ ਵਿੱਚ ਮੌਸਮ ਦਾ ਮਿਜਾਜ਼ ਹੌਲੀ-ਹੌਲੀ ਬਦਲਣ ਲੱਗਾ ਹੈ। ਦਿਨ ਵੇਲੇ ਹਲਕੀ ਗਰਮੀ ਤੇ ਧੁੱਪ ਬਣੀ ਹੋਈ ਹੈ, ਪਰ ਸਵੇਰ ਤੇ ਸ਼ਾਮ ਵੇਲੇ ਠੰਡਕ ਵਧਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਭਰ ਵਿੱਚ ਮੌਸਮ ਸਾਫ਼ ਰਹੇਗਾ ਤੇ ਕਿਤੇ ਵੀ ਮੀਂਹ ਦੀ ਸੰਭਾਵਨਾ ਨਹੀਂ ਹੈ।

ਅਸਲ ਬਦਲਾਅ 24 ਤੇ 25 ਅਕਤੂਬਰ ਨੂੰ ਵੇਖਣ ਨੂੰ ਮਿਲੇਗਾ। ਉੱਤਰ-ਪੱਛਮੀ ਭਾਰਤ ਵਿੱਚ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋ ਰਹੀ ਹੈ। ਇਸ ਦੇ ਅਸਰ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਬੱਦਲਵਾਈ ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਵਿਭਾਗ ਦੀ ਭਵਿੱਖਬਾਣੀ ਮੁਤਾਬਕ 24 ਅਕਤੂਬਰ ਨੂੰ ਦੱਖਣ-ਪੱਛਮੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਜਦਕਿ 25 ਅਕਤੂਬਰ ਨੂੰ ਉੱਤਰੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਛਿਟਪੁਟ ਬਾਰਿਸ਼ ਵੇਖੀ ਜਾ ਸਕਦੀ ਹੈ। ਇਸ ਤੋਂ ਬਾਅਦ 26 ਅਕਤੂਬਰ ਤੋਂ ਮੌਸਮ ਫਿਰ ਤੋਂ ਖੁਸ਼ਕ ਹੋ ਜਾਵੇਗਾ।

ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਪਾਰਾ ਆਮ ਦੇ ਨੇੜੇ-ਤੇੜੇ ਹੀ ਬਣਿਆ ਹੋਇਆ ਹੈ। ਔਸਤ ਤਾਪਮਾਨ ਵਿੱਚ ਸਿਰਫ 0.1 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਫਰੀਦਕੋਟ ਵਿੱਚ ਸਭ ਤੋਂ ਵੱਧ 36.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਹੈ, ਪਰ ਸਵੇਰ-ਰਾਤ ਠੰਡ ਦਾ ਅਹਿਸਾਸ ਹੋ ਰਿਹਾ ਹੈ।

ਮੌਸਮ ਦੇ ਨਾਲ-ਨਾਲ ਬਿਜਲੀ ਦੀ ਮੰਗ ਦੇ ਅੰਕੜੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਬਿਜਲੀ ਦੀ ਮੰਗ 6,882 ਮੈਗਾਵਾਟ ਤੱਕ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ 3,296 ਮੈਗਾਵਾਟ ਦੀ ਘਾਟ ਰਹੀ, ਜਦਕਿ 3,714 ਮੈਗਾਵਾਟ ਦੀ ਨਿਰਧਾਰਤ ਕਟੌਤੀ ਕੀਤੀ ਗਈ।

ਇਸ ਤੋਂ ਇਲਾਵਾ ਸੂਬੇ ਵਿੱਚ 417 ਮੈਗਾਵਾਟ ਦਾ ਅੰਡਰਡਰਾਲ ਦਰਜ ਹੋਇਆ ਹੈ। ਪੰਜਾਬ ਦਾ ਕੁੱਲ ਬਿਜਲੀ ਉਤਪਾਦਨ 3,590 ਮੈਗਾਵਾਟ ਰਿਹਾ, ਜਦਕਿ ਬਿਜਲੀ ਦੀ ਫ੍ਰੀਕੁਐਂਸੀ 49.98 ਹਰਟਜ਼ ਰਿਕਾਰਡ ਕੀਤੀ ਗਈ।

Exit mobile version