Punjab Weather News : ਪੰਜਾਬ ਵਿੱਚ ਮੌਸਮ ਬਦਲ ਗਿਆ ਹੈ। ਸ਼ੁੱਕਰਵਾਰ ਨੂੰ ਜਲੰਧਰ ਅਤੇ ਪਠਾਨਕੋਟ ਸਮੇਤ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਮੀਂਹ ਪਿਆ। ਮੌਸਮ ਵਿਭਾਗ ਦੇ ਅਨੁਸਾਰ, ਅੱਜ (4 ਸਤੰਬਰ) ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਨਵਾਂਸ਼ਹਿਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ, ਚੰਡੀਗੜ੍ਹ ‘ਚ ਮੀਂਹ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਘੱਟ ਗਿਆ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 4 ਅਤੇ 5 ਸਤੰਬਰ ਨੂੰ ਮੀਂਹ ਦੀ ਤੀਬਰਤਾ ਜ਼ਿਆਦਾ ਰਹੇਗੀ, ਜਿਸ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਮਾਨਸੂਨ ਸੀਜ਼ਨ ਦੌਰਾਨ ਮੀਂਹ ਆਮ ਨਾਲੋਂ 34% ਘੱਟ ਰਿਹਾ ਹੈ।
ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ
ਮੌਸਮ ਵਿਭਾਗ ਦੇ ਅਨੁਸਾਰ, ਅੱਜ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ। ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਇੱਕਾ ਦੁੱਕਾ ਮੀਂਹ ਪੈਣ ਦੀ ਸੰਭਾਵਨਾ ਹੈ।
9 ਸਤੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਹਰਿਆਣਾ ਉੱਤੇ ਇੱਕ ਚੱਕਰਵਾਤੀ ਪ੍ਰਣਾਲੀ ਤੇ ਮਾਨਸੂਨ ਟ੍ਰਾਫ ਦੇ ਪ੍ਰਭਾਵ ਕਾਰਨ ਪੰਜਾਬ ਤੇ ਚੰਡੀਗੜ੍ਹ ਵਿੱਚ ਮੀਂਹ ਦਾ ਦੌਰ ਜਾਰੀ ਰਹੇਗਾ। 9 ਸਤੰਬਰ ਤਕ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ, ਜਿਸ ਨਾਲ ਵਸਨੀਕਾਂ ਨੂੰ ਗਰਮੀ ਤੇ ਨਮੀ ਤੋਂ ਰਾਹਤ ਮਿਲੇਗੀ।
ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਗਿਰਾਵਟ
ਪੰਜਾਬ ਵਿੱਚ ਕੁੱਲ ਬਿਜਲੀ ਦੀ ਮੰਗ 11,944 ਮੈਗਾਵਾਟ ਰਹੀ, ਜਦੋਂ ਕਿ ਰਾਜ ਨੇ 3,799 ਮੈਗਾਵਾਟ ਬਿਜਲੀ ਪੈਦਾ ਕੀਤੀ। ਗਰਿੱਡ ਤੋਂ ਕੁੱਲ 8,146 ਮੈਗਾਵਾਟ ਬਿਜਲੀ ਖਿੱਚੀ ਗਈ, ਜੋ ਕਿ ਨਿਰਧਾਰਤ ਡਰਾਅ ਤੋਂ 68 ਮੈਗਾਵਾਟ ਵੱਧ ਹੈ। ਗਰਿੱਡ ਫ੍ਰੀਕੁਐਂਸੀ 50 ਹਰਟਜ਼ ਦਰਜ ਕੀਤੀ ਗਈ। ਹਾਲਾਂਕਿ, ਵੀਰਵਾਰ ਨੂੰ ਦਿਨ ਦੌਰਾਨ ਬਿਜਲੀ ਦੀ ਮੰਗ 15,000 ਮੈਗਾਵਾਟ ਤੋਂ ਵੱਧ ਗਈ ਸੀ।


