Site icon Dainik Savera Punjab

ਬ੍ਰੇਕਿੰਗ: PUNBUS-PRTC ਕੰਟਰੈਕਟ ਕਰਮਚਾਰੀ ਯੂਨੀਅਨ ਵੱਲੋਂ ਬੱਸਾਂ ਦੀ ਹੜਤਾਲ ਦਾ ਐਲਾਨ

Breaking: PUNBUS-PRTC Contract Employees Union Announces Complete Bus Strike

Breaking: PUNBUS-PRTC Contract Employees Union Announces Complete Bus Strike

ਪਨਬਸ ਅਤੇ ਪੀਆਰਟੀਸੀ ਕੰਟਰੈਕਟ ਕਰਮਚਾਰੀ ਯੂਨੀਅਨ ਨੇ ਸਰਕਾਰ ‘ਤੇ ਵਾਅਦਾ ਕੀਤੇ ਅਨੁਸਾਰ ਮੰਗਾਂ ਪੂਰੀਆਂ ਨਾ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਤਿੱਖਾ ਵਿਰੋਧ ਪ੍ਰਦਰਸ਼ਨ ਕੀਤਾ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਸਰਕਾਰੀ ਬੱਸਾਂ ਰੋਕ ਦਿੱਤੀਆਂ ਜਾਣਗੀਆਂ, ਜਿਸ ਦੀ ਸਿੱਧੀ ਮਾਰ ਆਮ ਯਾਤਰੀਆਂ ‘ਤੇ ਪਵੇਗੀ।

ਸਰਕਾਰ ‘ਤੇ ਵਾਅਦੇ ਤੋੜਨ ਦੇ ਦੋਸ਼

ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਆਪਣੀ ਆਵਾਜ਼ ਉਠਾਉਣ ਦੇ ਲੋਕਤਾਂਤਰਿਕ ਅਧਿਕਾਰ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀ ਕਰਮਚਾਰੀਆਂ ‘ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ, ਜੋ ਕਿ ਸਰਕਾਰੀ ਦਬਾਅ ਦੀ ਸਪਸ਼ਟ ਨਿਸ਼ਾਨੀ ਹੈ।

READ ALSO : ਆਇਸ ਮੈਨ ਦੇ ਨਾਂ ਨਾਲ ਮਸ਼ਹੂਰ, ਪੰਜਾਬ ਦੇ ਡਰੱਗ ਤਸਕਰ ਰਾਜਾ ਕੰਦੋਲਾ ਦੀ ਮੌਤ

ਨਿੱਜੀਕਰਨ ਅਤੇ ਕਿਲੋਮੀਟਰ ਸਕੀਮ ਦਾ ਵਿਰੋਧ

ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਸਰਕਾਰੀ ਟਰਾਂਸਪੋਰਟ ਵਿਭਾਗ ਦਾ ਨਿੱਜੀਕਰਨ ਕਰਨ ਵੱਲ ਵਧ ਰਹੀ ਹੈ। ਕਿਲੋਮੀਟਰ ਸਕੀਮ ਤਹਿਤ ਵਾਰ-ਵਾਰ ਟੈਂਡਰ ਜਾਰੀ ਕਰਕੇ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ, ਜਿਸਦਾ ਯੂਨੀਅਨ ਲਗਾਤਾਰ ਵਿਰੋਧ ਕਰ ਰਹੀ ਹੈ।

ਇਸ ਮੌਕੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸੰਯੁਕਤ ਸਕੱਤਰ ਜਗਤਾਰ ਸਿੰਘ, ਜਲੋਰ ਸਿੰਘ ਅਤੇ ਰੋਹੀ ਰਾਮ ਨੇ ਕਿਹਾ ਕਿ ਸਰਕਾਰ ਨੂੰ ਕਿਲੋਮੀਟਰ ਸਕੀਮ ਦੇ ਨੁਕਸਾਨਾਂ ਸਬੰਧੀ ਠੋਸ ਸਬੂਤ ਦਿੱਤੇ ਗਏ ਹਨ, ਪਰ ਫਿਰ ਵੀ ਸਰਕਾਰ ਇਸ ਨੀਤੀ ‘ਤੇ ਕਾਇਮ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

26 ਜਨਵਰੀ ਤੋਂ ਸੰਘਰਸ਼ ਦੀ ਸ਼ੁਰੂਆਤ

ਯੂਨੀਅਨ ਨੇ ਐਲਾਨ ਕੀਤਾ ਕਿ 26 ਜਨਵਰੀ (ਗਣਤੰਤਰ ਦਿਵਸ) ਨੂੰ ਸਾਰੇ ਡਿਪੂਆਂ ਦੇ ਗੇਟਾਂ ‘ਤੇ ਕਾਲੇ ਰਿਬਨ ਬੰਨ੍ਹ ਕੇ ਗੇਟ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਜੇਕਰ 28 ਜਨਵਰੀ ਦੀ ਮੀਟਿੰਗ ਵਿੱਚ ਮੰਗਾਂ ਦਾ ਕੋਈ ਹੱਲ ਨਾ ਨਿਕਲਿਆ ਤਾਂ ਯੂਨੀਅਨ ਤਿੱਖੇ ਸੰਘਰਸ਼ ਦੀ ਸ਼ੁਰੂਆਤ ਕਰੇਗੀ।

ਅਗਲੇ ਸੰਘਰਸ਼ੀ ਐਲਾਨ

9 ਫਰਵਰੀ: ਸੂਬੇ ਭਰ ਵਿੱਚ ਗੇਟ ਰੈਲੀਆਂ

11 ਫਰਵਰੀ: ਡਿਪੂਆਂ ‘ਚ ਬੱਸਾਂ ਖੜ੍ਹੀਆਂ ਕਰਕੇ ਵਿਰੋਧ

12 ਫਰਵਰੀ: ਪੂਰਨ ਪੰਜਾਬ ਬੱਸ ਹੜਤਾਲ, ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਧਰਨਾ

ਮੁਫ਼ਤ ਬੱਸ ਯੋਜਨਾ ਦਾ 1200 ਕਰੋੜ ਰੁਪਏ ਬਕਾਇਆ

ਯੂਨੀਅਨ ਬੁਲਾਰਿਆਂ ਨੇ ਦੱਸਿਆ ਕਿ ਪਨਬਸ ਅਤੇ ਪੀਆਰਟੀਸੀ ਵੱਲੋਂ ਮੁਫ਼ਤ ਸਫ਼ਰ ਸਹੂਲਤ ਲਈ ਸਰਕਾਰ ਕੋਲੋਂ ਲਗਭਗ ₹1,200 ਕਰੋੜ ਬਕਾਇਆ ਹਨ। ਇਸ ਵੱਡੇ ਬਕਾਏ ਕਾਰਨ ਵਿਭਾਗ ਤਨਖ਼ਾਹਾਂ ਦੇਣ ਵਿੱਚ ਅਸਮਰੱਥ ਹੋ ਗਿਆ ਹੈ ਅਤੇ ਨਵੀਆਂ ਬੱਸਾਂ ਖਰੀਦਣ ਲਈ ਬੈਂਕ ਕਰਜ਼ੇ ਵੀ ਰੋਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਲੋਮੀਟਰ ਸਕੀਮ ਘਾਟੇ ਵਿੱਚ ਚੱਲ ਰਹੀ ਹੈ, ਫਿਰ ਵੀ ਸਰਕਾਰ ਸਰਕਾਰੀ ਬੱਸਾਂ ਦੀ ਥਾਂ ਨਿੱਜੀ ਇਕਰਾਰਨਾਮਿਆਂ ਨੂੰ ਤਰਜੀਹ ਦੇ ਰਹੀ ਹੈ। ਯੂਨੀਅਨ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਮੰਗਾਂ ਦਾ ਨਿਆਂਯੋਗ ਹੱਲ ਨਹੀਂ ਹੁੰਦਾ, ਤਦ ਤੱਕ ਸੰਘਰਸ਼ ਜਾਰੀ ਰਹੇਗਾ।

ਜਲੰਧਰ ਵਾਸੀ ਦੇਣ ਧਿਆਨ! ਗਣਤੰਤਰ ਦਿਵਸ ਮੌਕੇ 2 ਦਿਨ ਲਈ ਦੁਕਾਨਾਂ ਬੰਦ ਜਾਣੋ ਕਾਰਨ

Exit mobile version