2036 ਓਲੰਪਿਕ ਮੇਜ਼ਬਾਨੀ: ਭਾਰਤ ਦੇ 2036 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਦੇ ਯਤਨਾਂ ਨੂੰ ਇੱਕ ਹੋਰ ਮਹੱਤਵਪੂਰਨ ਹੁਲਾਰਾ ਮਿਲਿਆ ਹੈ। ਇੰਡੀਅਨ ਓਲੰਪਿਕ ਐਸੋਸੀਏਸ਼ਨ (IOA) ਨੇ ਇੰਟਰਨੈਸ਼ਨਲ ਓਲੰਪਿਕ ਕਮੇਟੀ (IOC) ਵੱਲੋਂ ਭਵਿੱਖ ਦੀਆਂ ਖੇਡਾਂ ਦੇ ਸੰਭਾਵਿਤ ਮੇਜ਼ਬਾਨ ਚੁਣਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਸ਼ਹਿਰਾਂ ਅਤੇ ਦੇਸ਼ਾਂ ਦੀ ਜਾਣਕਾਰੀ ਸਾਂਝੀ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਭਾਰਤ ਦੀ ਬੋਲੀ ਗੁਜਰਾਤ ਦੇ ਅਹਿਮਦਾਬਾਦ ਨੂੰ ਕੇਂਦਰ ਵਿੱਚ ਰੱਖ ਕੇ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਨੂੰ IOC ਨਾਲ ਵਿਚਾਰ-ਵਟਾਂਦਰੇ ਦੇ ਆਧਾਰ ‘ਤੇ ਅੱਗੇ ਵਧਾਇਆ ਜਾ ਰਿਹਾ ਹੈ।
ਭਾਰਤ ਦੇ ਪ੍ਰਸਤਾਵ ਦਾ ਵਿਜ਼ਨ ‘ਇੱਕੱਠੇ ਅੱਗੇ ਵਧਣਾ’ ਦੀ ਥੀਮ ‘ਤੇ ਆਧਾਰਿਤ ਹੈ। IOA ਦੇ ਮੁਤਾਬਕ, ਇਸ ਦਾ ਉਦੇਸ਼ ਦੇਸ਼ ਦੀਆਂ ਖੇਡ ਮਹੱਤਵਾਕਾਂਖਾਵਾਂ ਨੂੰ ਓਲੰਪਿਕ ਮੂਵਮੈਂਟ ਦੇ ਵਿਸ਼ਵ ਪੱਧਰੀ ਵਿਸਤਾਰ ਦੇ ਟੀਚੇ ਨਾਲ ਜੋੜਨਾ ਹੈ। ਭਾਰਤ ਪ੍ਰਸਤਾਵਿਤ ਖੇਡਾਂ ਨੂੰ ਸਿਰਫ਼ ਇੱਕ ਵੱਡੇ ਅੰਤਰਰਾਸ਼ਟਰੀ ਸਮਾਗਮ ਵਜੋਂ ਨਹੀਂ ਦੇਖ ਰਿਹਾ, ਸਗੋਂ ਇਨ੍ਹਾਂ ਨੂੰ ਦੇਸ਼ ਵਿੱਚ ਖੇਡ ਸੱਭਿਆਚਾਰ ਅਤੇ ਇਸ ਨਾਲ ਜੁੜੇ ਮੌਕਿਆਂ ਵਿੱਚ ਵਿਆਪਕ ਬਦਲਾਅ ਲਿਆਉਣ ਵਾਲੇ ਮਾਧਿਅਮ ਵਜੋਂ ਵੀ ਪੇਸ਼ ਕੀਤਾ ਜਾ ਰਿਹਾ ਹੈ।
IOA ਦਾ ਮੰਨਣਾ ਹੈ ਕਿ ਜੇਕਰ ਭਾਰਤ ਨੂੰ 2036 ਓਲੰਪਿਕ ਅਤੇ ਪੈਰਾਲੰਪਿਕ ਦੀ ਮੇਜ਼ਬਾਨੀ ਮਿਲਦੀ ਹੈ ਤਾਂ ਇਸ ਨਾਲ ਖਾਸ ਕਰਕੇ ਨੌਜਵਾਨਾਂ ਵਿਚਕਾਰ ਖੇਡਾਂ ਵਿੱਚ ਭਾਗੀਦਾਰੀ ਵਧਾਉਣ ਦਾ ਵੱਡਾ ਮੌਕਾ ਮਿਲੇਗਾ। ਇਸ ਨਾਲ ਸਿਹਤਮੰਦ ਅਤੇ ਸਰਗਰਮ ਭਾਈਚਾਰਿਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਖੇਡ ਸਿੱਖਿਆ, ਟ੍ਰੇਨਿੰਗ ਅਤੇ ਰੋਜ਼ਗਾਰ ਦੇ ਨਵੇਂ ਰਸਤੇ ਵੀ ਖੁੱਲ੍ਹ ਸਕਦੇ ਹਨ। ਭਾਰਤ ਇਹ ਵੀ ਮੰਨਦਾ ਹੈ ਕਿ ਦੁਨੀਆ ਦੀ ਨੌਜਵਾਨ ਅਤੇ ਤੇਜ਼ੀ ਨਾਲ ਡਿਜ਼ਿਟਲ ਤੌਰ ‘ਤੇ ਜੁੜ ਰਹੀ ਆਬਾਦੀ ਨਾਲ ਓਲੰਪਿਕ ਮੂਵਮੈਂਟ ਦਾ ਜੁੜਾਅ ਹੋਰ ਮਜ਼ਬੂਤ ਹੋ ਸਕਦਾ ਹੈ।
ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਅਨੁਸਾਰ, ਭਾਰਤ ਵਿੱਚ ਇਨ੍ਹਾਂ ਖੇਡਾਂ ਦਾ ਆਯੋਜਨ ਨਵੇਂ ਐਥਲੀਟਾਂ, ਦਰਸ਼ਕਾਂ ਅਤੇ ਭਾਈਵਾਲਾਂ ਨੂੰ ਓਲੰਪਿਕ ਪਰਿਵਾਰ ਨਾਲ ਜੋੜਨ ਵਿੱਚ ਮਦਦ ਕਰ ਸਕਦਾ ਹੈ। ਇਸ ਰਾਹੀਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਨੂੰ ਇੱਕ ਅਰਬ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਵੀ ਮਿਲ ਸਕਦਾ ਹੈ। IOA ਨੇ ਕਿਹਾ ਕਿ ਭਾਰਤ ਦਾ ਵਿਜ਼ਨ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਖੇਡਾਂ ਰਾਹੀਂ ਹੋ ਰਹੇ ਬਦਲਾਅ ਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਇੱਕ ਸਾਂਝਾ ਮੰਚ ਤਿਆਰ ਕਰਨ ਦੀ ਦਿਸ਼ਾ ਵਿੱਚ ਹੈ।
IOA ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਕਿਹਾ ਕਿ ਭਾਰਤ ਦੇ 2036 ਦੇ ਵਿਜ਼ਨ ਨੂੰ IOC ਵੱਲੋਂ ਮਿਲੀ ਮਾਨਤਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ‘ਇੱਕੱਠੇ ਅੱਗੇ ਵਧਣਾ’ ਸਿਰਫ਼ ਇੱਕ ਨਾਅਰਾ ਨਹੀਂ ਹੈ, ਸਗੋਂ ਇਹ ਦੇਸ਼ ਦੇ ਖਿਡਾਰੀਆਂ, ਲੋਕਾਂ ਅਤੇ ਸ਼ਹਿਰਾਂ ਨੂੰ ਇੱਕ ਸਾਂਝੇ ਓਲੰਪਿਕ ਸੁਪਨੇ ਨਾਲ ਜੋੜਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਭਾਰਤ ਦੀ ਮੇਜ਼ਬਾਨੀ ਦੀ ਮਹੱਤਵਾਕਾਂਖਾ ਨੂੰ ਸਮਾਜਿਕ ਵਿਕਾਸ ਨਾਲ ਜੋੜਦਿਆਂ ਕਿਹਾ ਕਿ ਖੇਡਾਂ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਭਾਰਤ ਦੇ ਪ੍ਰਸਤਾਵ ਲਈ ਹੁਣ ਅਗਲਾ ਵੱਡਾ ਪੜਾਅ ਅਕਤੂਬਰ ਦੇ ਅਖੀਰ ਵਿੱਚ ਆਵੇਗਾ। ਇਸੇ ਦੌਰਾਨ ਭਾਰਤ ਪਹਿਲੀ ਵਾਰ IOC ਦੇ Future Host Commission ਦੇ ਸਾਹਮਣੇ ਆਪਣੀ ਯੋਜਨਾ ਅਤੇ ਵਿਜ਼ਨ ਪੇਸ਼ ਕਰੇਗਾ। ਭਾਰਤ ਦਾ ਟੀਚਾ ਅਜਿਹੀਆਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਕਰਵਾਉਣਾ ਹੈ, ਜੋ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਸਿੱਖਿਆ, ਰੋਜ਼ਗਾਰ ਅਤੇ ਸਮਾਜਿਕ ਵਿਕਾਸ ਦੇ ਨਵੇਂ ਮੌਕੇ ਪੈਦਾ ਕਰਨ। ਹੁਣ ਸਭ ਦੀਆਂ ਨਜ਼ਰਾਂ ਅਕਤੂਬਰ ਦੇ ਅੰਤ ਵਿੱਚ ਹੋਣ ਵਾਲੀ ਇਸ ਅਹਿਮ ਪੇਸ਼ਕਾਰੀ ‘ਤੇ ਟਿਕੀਆਂ ਹਨ।

