Site icon Dainik Savera Punjab

Oscars 2027: ਪ੍ਰਿਯੰਕਾ ਚੋਪੜਾ ਦੀ ਸ਼ਾਰਟ ਫ਼ਿਲਮ ‘We Were Here’ ਆਸਕਰ ਦੀ ਦੌੜ ਵਿੱਚ ਸ਼ਾਮਲ

We Were Here Oscar: ਅਦਾਕਾਰਾ ਅਤੇ ਨਿਰਮਾਤਾ ਪ੍ਰਿਯੰਕਾ ਚੋਪੜਾ ਜੋਨਸ ਨਾਲ ਜੁੜੀ ਭਾਰਤੀ ਸ਼ਾਰਟ ਫਿਲਮ ‘We Were Here’ ਨੇ ਆਸਕਰ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਯੋਗਤਾ ਹਾਸਲ ਕਰ ਲਈ ਹੈ। ਇਸ ਖ਼ਬਰ ‘ਤੇ ਖੁਸ਼ੀ ਜ਼ਾਹਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਇਹ ਫਿਲਮ ਅੱਜ ਦੇ ਸਮੇਂ ਨਾਲ ਜੁੜੇ ਇੱਕ ਮਹੱਤਵਪੂਰਨ ਮੁੱਦੇ ਨੂੰ ਨਵੇਂ ਅਤੇ ਦਿਲਚਸਪ ਅੰਦਾਜ਼ ਵਿੱਚ ਪੇਸ਼ ਕਰਦੀ ਹੈ। ਉਹ ਇਸ ਪ੍ਰੋਜੈਕਟ ਨਾਲ ਕਾਰਜਕਾਰੀ ਨਿਰਮਾਤਾ ਵਜੋਂ ਜੁੜੀ ਹੋਈ ਹੈ।

‘We Were Here’ ਇੱਕ ਮੌਕਿਊਮੈਂਟਰੀ ਸ਼ੈਲੀ ਦੀ ਫਿਲਮ ਹੈ, ਜਿਸ ਦੀ ਕਹਾਣੀ ਭਾਰਤ ਦੇ ਇੱਕ ਛੋਟੇ ਸ਼ਹਿਰ ਵਿੱਚ ਰਹਿਣ ਵਾਲੇ ਤਿੰਨ ਬਜ਼ੁਰਗਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਇਹ ਤਿੰਨੇ ਬਜ਼ੁਰਗ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਪ੍ਰਭਾਵ ਦਾ ਵਿਰੋਧ ਕਰਨ ਲਈ ਘਰੇਲੂ ਉਪਕਰਣਾਂ ਦਾ ਰੂਪ ਧਾਰ ਲੈਂਦੇ ਹਨ। ਫਿਲਮ ਵਿੱਚ ਇਸ ਵਿਸ਼ੇ ਨੂੰ ਹਾਸੇ-ਮਜ਼ਾਕ ਅਤੇ ਵਿਅੰਗ ਰਾਹੀਂ ਦਰਸਾਇਆ ਗਿਆ ਹੈ।

ਇਸ ਸ਼ਾਰਟ ਫਿਲਮ ਨੂੰ ਪਹਿਲਾਂ ਵੀ ਕਈ ਪ੍ਰਮੁੱਖ ਫਿਲਮ ਸਮਾਰੋਹਾਂ ਵਿੱਚ ਸਨਮਾਨ ਮਿਲ ਚੁੱਕੇ ਹਨ। ਪਾਮ ਸਪ੍ਰਿੰਗਜ਼ ਇੰਟਰਨੈਸ਼ਨਲ ਸ਼ਾਰਟਫੈਸਟ ਵਿੱਚ ਫਿਲਮ ਨੇ ‘ਬੈਸਟ ਲਾਈਵ-ਐਕਸ਼ਨ ਸ਼ਾਰਟ ਫਿਲਮ’ ਅਤੇ ‘ਬੈਸਟ ਕਾਮੇਡੀ ਸ਼ਾਰਟ’ ਦੇ ਐਵਾਰਡ ਜਿੱਤੇ। ਇਨ੍ਹਾਂ ਪ੍ਰਾਪਤੀਆਂ ਤੋਂ ਬਾਅਦ ਫਿਲਮ ਆਸਕਰ ਲਈ ਯੋਗਤਾ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ।

ਪ੍ਰਿਯੰਕਾ ਚੋਪੜਾ ਜੋਨਸ ਨੇ ਇਸ ਪ੍ਰਾਪਤੀ ਬਾਰੇ ਕਿਹਾ ਕਿ ਫਿਲਮ ਇੱਕ ਅਜਿਹੇ ਵਿਸ਼ੇ ਨੂੰ ਮਨੋਰੰਜਕ ਢੰਗ ਨਾਲ ਸਾਹਮਣੇ ਲਿਆਉਂਦੀ ਹੈ, ਜਿਸ ਬਾਰੇ ਅੱਜ ਦੇ ਦੌਰ ਵਿੱਚ ਗੱਲ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਮੁਤਾਬਕ, ਰਚਨਾਤਮਕ ਟੀਮ ਦੇ ਵਿਚਾਰ ਅਤੇ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਉਹ ਕਾਰਜਕਾਰੀ ਨਿਰਮਾਤਾ ਵਜੋਂ ਇਸ ਪ੍ਰੋਜੈਕਟ ਦਾ ਹਿੱਸਾ ਬਣਨ ਲਈ ਤੁਰੰਤ ਤਿਆਰ ਹੋ ਗਈ ਸੀ।

ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਪ੍ਰਣਵ ਭਸੀਨ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਇੱਕ ਛੋਟੇ ਅਤੇ ਮਜ਼ੇਦਾਰ ਵਿਚਾਰ ਨਾਲ ਹੋਈ ਸੀ। ਕਹਾਣੀ ਵਿੱਚ ਤਿੰਨ ਅਜਿਹੇ ਬਜ਼ੁਰਗ ਹਨ, ਜੋ AI ਨੂੰ ਰੋਕਣਾ ਚਾਹੁੰਦੇ ਹਨ। ਪਰ ਕੰਮ ਅੱਗੇ ਵਧਣ ਦੇ ਨਾਲ-ਨਾਲ ਉਨ੍ਹਾਂ ਨੂੰ ਇਨ੍ਹਾਂ ਕਿਰਦਾਰਾਂ ਦੀ ਦੋਸਤੀ ਅਤੇ ਜ਼ਿੱਦੀ ਹੌਸਲੇ ਨਾਲ ਖਾਸ ਲਗਾਅ ਹੋ ਗਿਆ। ਉਨ੍ਹਾਂ ਕਿਹਾ ਕਿ ਮੌਕਿਊਮੈਂਟਰੀ ਅੰਦਾਜ਼ ਰਾਹੀਂ ਫਿਲਮ ਨੂੰ ਅਸਲ ਲੋਕਾਂ ਅਤੇ ਥਾਵਾਂ ਨਾਲ ਜੋੜ ਕੇ ਰੱਖਣਾ ਸੰਭਵ ਹੋਇਆ।

ਪ੍ਰਣਵ ਭਸੀਨ ਨੇ ਅੱਗੇ ਕਿਹਾ ਕਿ ਆਸਕਰ ਲਈ ਯੋਗਤਾ ਹਾਸਲ ਕਰਨਾ ਉਨ੍ਹਾਂ ਲਈ ਅਜੇ ਵੀ ਕਿਸੇ ਸੁਪਨੇ ਵਰਗਾ ਹੈ। ਇੱਕ ਨੌਜਵਾਨ ਫਿਲਮ ਨਿਰਮਾਤਾ ਵਜੋਂ ਉਨ੍ਹਾਂ ਨੇ ਇਸ ਮੌਕੇ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਪ੍ਰਿਯੰਕਾ ਚੋਪੜਾ ਜੋਨਸ ਅਤੇ ਐਂਡਰਿਊ ਸਕਾਟ ਵਰਗੇ ਤਜਰਬੇਕਾਰ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਜ਼ਾਹਰ ਕੀਤਾ ਅਤੇ ਕਿਹਾ ਕਿ ਪੂਰੀ ਟੀਮ ਫਿਲਮ ਨੂੰ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਹੈ।

Exit mobile version