Site icon Dainik Savera Punjab

Factory Sealed: ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਸੀਲ, ਮਾਲਕ ਖ਼ਿਲਾਫ਼ ਦੂਜੀ FIR ਦਰਜ

Factory Sealed: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਵਾਤਾਵਰਣ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਅਤੇ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਫੈਕਟਰੀ ਵਿੱਚ ਕੰਮ ਜਾਰੀ ਰੱਖਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਸਥਿਤ ਅਮਰ ਕਲਰ ਕੈਮ ਇੰਡੀਆ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਬੋਰਡ ਨੇ ਪੂਰੀ ਫੈਕਟਰੀ, ਮਸ਼ੀਨਰੀ ਅਤੇ ਮੁੱਖ ਗੇਟ ਨੂੰ ਸੀਲ ਕਰ ਦਿੱਤਾ ਹੈ। ਤਾਜ਼ਾ ਜਾਂਚ ਦੌਰਾਨ ਉੱਥੇ ਤਿਆਰ ਮਾਲ ਦੀ ਪੈਕਿੰਗ ਹੁੰਦੀ ਮਿਲਣ ਤੋਂ ਬਾਅਦ ਫੈਕਟਰੀ ਮਾਲਕ ਖ਼ਿਲਾਫ਼ ਦੂਜੀ FIR ਵੀ ਦਰਜ ਕਰਵਾਈ ਗਈ ਹੈ।

ਇਸ ਉਦਯੋਗਿਕ ਇਕਾਈ ਵਿੱਚ ਬੇਸਿਕ ਡਾਈਜ਼ ਅਤੇ ਇੰਟਰਮੀਡੀਏਟਸ ਤਿਆਰ ਕੀਤੇ ਜਾਂਦੇ ਹਨ। ਫੈਕਟਰੀ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੋਂ ਨਿਕਲਣ ਵਾਲੀਆਂ ਤੇਜ਼ ਬਦਬੂ ਵਾਲੀਆਂ ਗੈਸਾਂ ਕਾਰਨ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਫੋਕਲ ਪੁਆਇੰਟ ਇਲਾਕੇ ਦੀ ਮੁੱਖ ਸੀਵਰੇਜ ਲਾਈਨ ਵਿੱਚ ਰੰਗਦਾਰ ਅਤੇ ਪ੍ਰਦੂਸ਼ਿਤ ਪਾਣੀ ਛੱਡੇ ਜਾਣ ਦੇ ਦੋਸ਼ ਵੀ ਲੱਗੇ ਸਨ। ਬੋਰਡ ਵੱਲੋਂ ਫੈਕਟਰੀ ਪ੍ਰਬੰਧਕਾਂ ਨੂੰ ਨਿੱਜੀ ਸੁਣਵਾਈ ਸਮੇਤ ਕਈ ਮੌਕੇ ਦਿੱਤੇ ਗਏ, ਪਰ ਵਾਤਾਵਰਣ ਨਿਯਮਾਂ ਦੀ ਪਾਲਣਾ ਲਈ ਕੋਈ ਢੁੱਕਵੇਂ ਸੁਧਾਰ ਨਹੀਂ ਕੀਤੇ ਗਏ।

ਇਸ ਤੋਂ ਬਾਅਦ ਬੋਰਡ ਨੇ ਜਲ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਐਕਟ, 1974 ਦੀ ਧਾਰਾ 33-ਏ ਅਤੇ ਹਵਾ ਪ੍ਰਦੂਸ਼ਣ ਰੋਕਥਾਮ ਅਤੇ ਕੰਟਰੋਲ ਐਕਟ, 1981 ਦੀ ਧਾਰਾ 31-ਏ ਤਹਿਤ ਫੈਕਟਰੀ ਬੰਦ ਕਰਨ, ਬਿਜਲੀ ਸਪਲਾਈ ਕੱਟਣ ਅਤੇ ਡੀ.ਜੀ. ਸੈੱਟ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ 12 ਜੂਨ 2026 ਨੂੰ PSPCL ਅਧਿਕਾਰੀਆਂ ਅਤੇ ਪੁਲਿਸ ਦੀ ਮਦਦ ਨਾਲ ਲਾਗੂ ਕੀਤਾ ਗਿਆ ਸੀ। ਪਰ 30 ਜੂਨ 2026 ਨੂੰ ਕੀਤੀ ਜਾਂਚ ਦੌਰਾਨ ਡੀ.ਜੀ. ਸੈੱਟ ਦੇ ਘੁੰਮਣ ਵਾਲੇ ਹਿੱਸਿਆਂ ’ਤੇ ਲੱਗੀਆਂ ਸੀਲਾਂ ਅੰਦਰੋਂ ਟੁੱਟੀਆਂ ਮਿਲੀਆਂ, ਜਦਕਿ ਇਸ ਦੀ ਕੈਨੋਪੀ ਦੇ ਦਰਵਾਜ਼ੇ ਦੀਆਂ ਸੀਲਾਂ ਸਹੀ ਸਲਾਮਤ ਸਨ।

ਜਾਂਚ ਦੌਰਾਨ ਡੀ.ਜੀ. ਸੈੱਟ ਗਰਮ ਵੀ ਪਾਇਆ ਗਿਆ, ਜਿਸ ਤੋਂ ਇਸ ਦੇ ਹਾਲ ਹੀ ਵਿੱਚ ਚਲਾਏ ਜਾਣ ਦਾ ਸੰਕੇਤ ਮਿਲਿਆ। ਇਸ ਤੋਂ ਇਲਾਵਾ ਫੈਕਟਰੀ ਦੇ ਅੰਦਰ 10 ਕੇ.ਵੀ.ਏ. ਸਮਰੱਥਾ ਵਾਲਾ ਇੱਕ ਹੋਰ ਡੀ.ਜੀ. ਸੈੱਟ ਵੀ ਲੱਗਿਆ ਮਿਲਿਆ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਦਫ਼ਤਰ ਨੂੰ ਬਿਜਲੀ ਸਪਲਾਈ ਦੇਣ ਲਈ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਬੋਰਡ ਨੇ 15 ਜੁਲਾਈ 2026 ਨੂੰ ਫੈਕਟਰੀ ਮਾਲਕ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਵਿੱਚ ਭਾਰਤੀ ਨਿਆਂ ਸੰਹਿਤਾ, 2023, ਜਲ ਐਕਟ 1974 ਅਤੇ ਹਵਾ ਐਕਟ 1981 ਦੀਆਂ ਸਬੰਧਤ ਧਾਰਾਵਾਂ ਤਹਿਤ ਪਹਿਲੀ FIR ਦਰਜ ਕਰਵਾਈ ਸੀ।

ਪਹਿਲੀ FIR ਦਰਜ ਹੋਣ ਅਤੇ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕੀਤੇ ਜਾਣ ਦੇ ਬਾਵਜੂਦ ਫੈਕਟਰੀ ਵਿੱਚ ਗਤੀਵਿਧੀਆਂ ਜਾਰੀ ਰਹਿਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ। ਲਗਾਤਾਰ ਹੋ ਰਹੀਆਂ ਉਲੰਘਣਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਬੋਰਡ ਦੇ ਸਮਰੱਥ ਅਧਿਕਾਰੀ ਨੇ ਪੂਰੀ ਫੈਕਟਰੀ, ਮਸ਼ੀਨਰੀ ਅਤੇ ਮੁੱਖ ਪ੍ਰਵੇਸ਼ ਦੁਆਰ ਨੂੰ ਸੀਲ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ। ਇਸ ਕਾਰਵਾਈ ਤਹਿਤ 19 ਨਵੰਬਰ 2026 ਨੂੰ ਬੋਰਡ ਦੇ ਅਧਿਕਾਰੀਆਂ ਨੇ ਮੁੜ ਜਾਂਚ ਕੀਤੀ ਤਾਂ ਫੈਕਟਰੀ ਵਿੱਚ ਤਿਆਰ ਉਤਪਾਦਾਂ ਦੀ ਪੈਕਿੰਗ ਹੁੰਦੀ ਮਿਲੀ ਅਤੇ ਅੰਦਰ ਕਰਮਚਾਰੀ ਵੀ ਮੌਜੂਦ ਸਨ।

ਬੋਰਡ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੰਦ ਕਰਨ ਦੇ ਪਹਿਲਾਂ ਜਾਰੀ ਕੀਤੇ ਹੁਕਮਾਂ ਅਤੇ FIR ਦਰਜ ਹੋਣ ਦੇ ਬਾਵਜੂਦ ਉਦਯੋਗ ਨਾਲ ਜੁੜੀਆਂ ਗਤੀਵਿਧੀਆਂ ਨਹੀਂ ਰੁਕੀਆਂ ਸਨ। ਇਸ ਨੂੰ ਹੁਕਮਾਂ ਦੀ ਸਿੱਧੀ ਉਲੰਘਣਾ ਮੰਨਦਿਆਂ 19 ਨਵੰਬਰ 2026 ਨੂੰ ਫੈਕਟਰੀ ਮਾਲਕ ਖ਼ਿਲਾਫ਼ ਦੂਜੀ FIR ਦਰਜ ਕਰਵਾਈ ਗਈ। ਹੁਣ ਬੋਰਡ ਨੇ ਸਖ਼ਤ ਕਦਮ ਚੁੱਕਦਿਆਂ ਪੂਰੀ ਇਕਾਈ ਅਤੇ ਇਸ ਦੀ ਮਸ਼ੀਨਰੀ ਨੂੰ ਸੀਲ ਕਰ ਦਿੱਤਾ ਹੈ।

Exit mobile version