
ਨਵੀਂ ਦਿੱਲੀ : ਜੇਕਰ ਤੁਸੀਂ ਅਮੀਰਾਤ ਏਅਰਲਾਈਨ ਨਾਲ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ 1 ਅਕਤੂਬਰ 2025 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਤੁਹਾਡੇ ਲਈ ਬਹੁਤ ਮਹੱਤਵਪੂਰਨ ਹਨ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਏਅਰਲਾਈਨ ਨੇ ਜਹਾਜ਼ ‘ਚ ਪਾਵਰ ਬੈਂਕ ਦੀ ਵਰਤੋਂ ਅਤੇ ਚਾਰਜਿੰਗ ‘ਤੇ ਪੂਰੀ ਪਾਬੰਦੀ ਲਾ ਦਿੱਤੀ ਹੈ। ਲਿਥੀਅਮ-ਆਇਨ ਬੈਟਰੀਆਂ ਵਾਲੇ ਪਾਵਰ ਬੈਂਕਾਂ ਤੋਂ ਅੱਗ, ਧਮਾਕੇ ਜਾਂ ਜ਼ਹਿਰੀਲੀ ਗੈਸ ਦੇ ਜੋਖਮ ਦੇ ਚਿੰਤਾਜਨਕ ਮਾਮਲਿਆਂ ਦੇ ਚਲਦੇ, ਹੁਣ ਯਾਤਰੀ ਸਿਰਫ਼ ਇੱਕ ਪਾਵਰ ਬੈਂਕ ਹੀ ਲੈ ਜਾ ਸਕਣਗੇ, ਜਿਸ ਦੀ ਸਮਰੱਥਾ 100 ਵਾਟ-ਘੰਟੇ ਤੋਂ ਵੱਧ ਨਾ ਹੋਵੇ। ਇਹ ਪਾਵਰ ਬੈਂਕ ਸਿਰਫ਼ ਕੈਬਿਨ ਬੈਗੇਜ ਵਿੱਚ ਹੀ ਰੱਖਿਆ ਜਾ ਸਕਦਾ ਹੈ, ਚੈੱਕ-ਇਨ ਲੱਗੇਜ ‘ਚ ਨਹੀਂ।
ਉਡਾਣ ਦੌਰਾਨ ਪਾਵਰ ਬੈਂਕ ਦੀ ਵਰਤੋਂ ਜਾਂ ਚਾਰਜ ਕਰਨਾ ਸਖ਼ਤ ਮਨਾਹੀ ਹੋਵੇਗੀ। ਇਹਨਾਂ ਨੂੰ ਸਿਰਫ਼ ਸੀਟ ਦੇ ਹੇਠਾਂ ਜਾਂ ਸੀਟ ਦੀ ਜੇਬ ਵਿੱਚ ਹੀ ਰੱਖਣ ਦੀ ਇਜਾਜ਼ਤ ਹੋਵੇਗੀ, ਓਵਰਹੈੱਡ ਲਾਕਰਾਂ ‘ਚ ਨਹੀਂ। ਪਾਵਰ ਬੈਂਕ ‘ਤੇ ਸਮਰੱਥਾ ਰੇਟਿੰਗ ਸਪਸ਼ਟ ਹੋਣੀ ਲਾਜ਼ਮੀ ਹੈ। ਇਹ ਨਿਯਮ ਹੋਰ ਇਲੈਕਟ੍ਰਾਨਿਕ ਡਿਵਾਈਸਾਂ ‘ਤੇ ਵੀ ਲਾਗੂ ਹੁੰਦੇ ਹਨ। ਯਾਤਰੀ ਵੱਧ ਤੋਂ ਵੱਧ 15 ਨਿੱਜੀ ਇਲੈਕਟ੍ਰਾਨਿਕ ਡਿਵਾਈਸਾਂ ਲੈ ਜਾ ਸਕਦੇ ਹਨ, ਜੋ ਕੈਬਿਨ ਬੈਗੇਜ ਵਿੱਚ ਵੱਖਰੇ ਤੌਰ ‘ਤੇ ਪੈਕ ਹੋਣੇ ਚਾਹੀਦੇ ਹਨ। ਸਮਾਰਟ ਬੈਗ, ਹੋਵਰਬੋਰਡ ਅਤੇ ਮਿੰਨੀ ਸੇਗਵੇ ਵਰਗੇ ਮੋਟਰਾਈਜ਼ਡ ਆਈਟਮਾਂ ‘ਤੇ ਪੂਰੀ ਪਾਬੰਦੀ ਹੋਵੇਗੀ।
ਅਮੀਰਾਤ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਹਰੇਕ ਦੇਸ਼ ਦੇ ਕਸਟਮ ਨਿਯਮਾਂ ਅਤੇ ਏਅਰਲਾਈਨ ਬੈਗੇਜ ਨੀਤੀਆਂ ਦੀ ਜਾਂਚ ਕਰ ਲੈਣ, ਖਾਸ ਕਰਕੇ ਇਲੈਕਟ੍ਰਾਨਿਕਸ, ਸ਼ਰਾਬ, ਸਿਗਰਟ ਅਤੇ ਦਵਾਈਆਂ ਸੰਬੰਧੀ ਨਿਯਮ ਵੱਖ-ਵੱਖ ਹੋ ਸਕਦੇ ਹਨ।