ਇੰਡੋਨੇਸ਼ੀਆ: ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਦੇ ਸਿਦੋਆਰਜੋ ਸ਼ਹਿਰ ‘ਚ ਸੋਮਵਾਰ ਨੂੰ ਇੱਕ ਦੁਖਦਾਈ ਹਾਦਸਾ ਵਾਪਰਿਆ, ਜਦੋਂ ਅਲ ਖੋਜ਼ਿਨੀ ਨਾਮਕ ਇਸਲਾਮੀ ਬੋਰਡਿੰਗ ਸਕੂਲ ਦੀ ਇਮਾਰਤ ਢਹਿ ਗਈ। ਹਾਦਸੇ ਸਮੇਂ ਵਿਦਿਆਰਥੀ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸਨ। ਇਸ ਘਟਨਾ ‘ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ 99 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਕਈ ਦੀ ਹਾਲਤ ਗੰਭੀਰ ਹੈ। ਕੁਝ ਵਿਦਿਆਰਥੀ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ।

ਰਿਪੋਰਟਾਂ ਅਨੁਸਾਰ, ਇਮਾਰਤ ਪਹਿਲਾਂ ਹੀ ਦੋ ਮੰਜ਼ਿਲਾਂ ਉੱਚੀ ਸੀ, ਪਰ ਸਕੂਲ ਪ੍ਰਬੰਧਨ ਵੱਲੋਂ ਸਰਕਾਰੀ ਇਜਾਜ਼ਤ ਤੋਂ ਬਿਨਾਂ ਦੋ ਹੋਰ ਮੰਜ਼ਿਲਾਂ ਬਣਾਈਆਂ ਜਾ ਰਹੀਆਂ ਸਨ। ਚੌਥੀ ਮੰਜ਼ਿਲ ‘ਤੇ ਕੰਕਰੀਟ ਪਾਉਣ ਦੌਰਾਨ ਨੀਂਹ ਭਾਰ ਸਹਿਣ ਨਾ ਕਰ ਸਕੀ ਅਤੇ ਪੂਰੀ ਇਮਾਰਤ ਢਹਿ ਗਈ।

ਪੁਲਿਸ ਦੇ ਅਨੁਸਾਰ, ਹਾਦਸੇ ਸਮੇਂ ਮੁੰਡੇ ਨਮਾਜ਼ ਪੜ੍ਹ ਰਹੇ ਸਨ, ਜਦਕਿ ਕੁੜੀਆਂ ਵੱਖਰੇ ਹਿੱਸੇ ‘ਚ ਹੋਣ ਕਰਕੇ ਸੁਰੱਖਿਅਤ ਰਹੀਆਂ। ਪੁਲਿਸ, ਫੌਜ ਅਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਰਾਤ ਭਰ ਚੱਲੀ ਕਾਰਵਾਈ ‘ਚ ਅੱਠ ਵਿਦਿਆਰਥੀਆਂ ਨੂੰ ਮਲਬੇ ‘ਚੋਂ ਜ਼ਿੰਦਾ ਬਾਹਰ ਕੱਢਿਆ ਗਿਆ, ਪਰ ਉਹ ਸਾਰੇ ਗੰਭੀਰ ਜ਼ਖਮੀ ਹਨ।

ਬਚਾਅ ਟੀਮ ਦੇ ਮੁਖੀ ਨਾਨੰਗ ਸਿਗਿਟ ਨੇ ਦੱਸਿਆ ਕਿ ਫਸੇ ਵਿਦਿਆਰਥੀਆਂ ਨੂੰ ਆਕਸੀਜਨ ਅਤੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।

ਇਸ ਹਾਦਸੇ ਤੋਂ ਬਾਅਦ, ਵਿਦਿਆਰਥੀਆਂ ਦੇ ਪਰਿਵਾਰ ਸਕੂਲ ਅਤੇ ਹਸਪਤਾਲਾਂ ਦੇ ਬਾਹਰ ਸੋਗ ਅਤੇ ਚਿੰਤਾ ‘ਚ ਇੰਤਜ਼ਾਰ ਕਰ ਰਹੇ ਹਨ। ਹਰ ਵਾਰ ਜਦੋਂ ਕੋਈ ਜ਼ਖਮੀ ਬੱਚਾ ਬਾਹਰ ਲਿਆਂਦਾ ਜਾਂਦਾ, ਤਾਂ ਹਜ਼ਾਰਾਂ ਦੀ ਭੀੜ ‘ਚ ਰੋਣ ਦੀ ਆਵਾਜ਼ ਗੂੰਜਦੀ।

ਮਲਬੇ ਹੇਠ ਜ਼ਿੰਦਗੀ ਦੀ ਤਲਾਸ਼
ਸਰਕਾਰ ਨੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ‘ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ਬਿਨਾਂ ਇਜਾਜ਼ਤ ਦੇ ਕਿਵੇਂ ਬਣਾਈਆਂ ਗਈਆਂ।