ਸ੍ਰੀ ਮੁਕਤਸਰ ਸਾਹਿਬ: ਸਾਬਕਾ ਸੈਨਿਕ ਭਲਾਈ ਵਿੰਗ ਪੰਜਾਬ ਨੇ ਮੋਗਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਅਤੇ ਭਾਜਪਾ ਦੀ ਬਦਲਾਅ ਰੈਲੀ ਦੇ ਮੌਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਇਸਦੀ ਸੰਭਾਵਨਾ ਨੂੰ ਦੇਖਦੇ ਹੋਏ, ਪੰਜਾਬ ਪੁਲਿਸ ਨੇ ਅੱਜ ਸੂਬਾ ਪ੍ਰਧਾਨ ਅਵਤਾਰ ਸਿੰਘ ਫਕਰਸਰ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ, ਤਾਂ ਜੋ ਉਹ ਆਪਣੇ ਸਾਥੀਆਂ ਸਮੇਤ ਮੋਗਾ ਵਿੱਚ ਰੈਲੀ ਸਥਾਨ ਤੱਕ ਨਾ ਪਹੁੰਚ ਸਕਣ।
ਪਿੰਡ ਫਕਰਸਰ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਅਵਤਾਰ ਸਿੰਘ ਫਕਰਸਰ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਹੀ ਭਾਰੀ ਪੁਲਿਸ ਫੋਰਸ ਉਨ੍ਹਾਂ ਦੇ ਘਰ ’ਤੇ ਪਹੁੰਚ ਗਈ ਅਤੇ ਉਨ੍ਹਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਰੋਕ ਦਿੱਤਾ ਗਿਆ। ਘਰ ਦੇ ਅੰਦਰ ਅਤੇ ਬਾਹਰ ਦੋਵੇਂ ਥਾਵਾਂ ਪੁਲਿਸ ਦੀ ਵੱਡੀ ਤਾਇਨਾਤੀ ਕੀਤੀ ਗਈ ਹੈ। ਯਾਦ ਰਹੇ ਕਿ ਕੁਝ ਮੰਗਾਂ ਨੂੰ ਲੈ ਕੇ ਇਸ ਜਥੇਬੰਦੀ ਨੇ ਅੱਜ ਰੋਸ ਪ੍ਰਦਰਸ਼ਨ ਕਰਨ ਦੀ ਘੋਸ਼ਣਾ ਕੀਤੀ ਸੀ।
