ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ “ਮਨ ਕੀ ਬਾਤ” ਦੇ 126ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਛੱਠ ਤਿਉਹਾਰ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਇਹ ਤਿਉਹਾਰ ਯੂਨੈਸਕੋ ਸੂਚੀ ‘ਚ ਆਵੇਗਾ ਤਾਂ ਦੁਨੀਆ ਭਰ ਦੇ ਲੋਕ ਇਸਦੀ ਮਹਿਮਾ ਨੂੰ ਜਾਣ ਸਕਣਗੇ। ਉਨ੍ਹਾਂ ਕੋਲਕਾਤਾ ਦੀ ਦੁਰਗਾ ਪੂਜਾ ਨੂੰ ਮਿਲੇ ਅੰਤਰਰਾਸ਼ਟਰੀ ਸਨਮਾਨ ਦੀ ਵੀ ਯਾਦ ਦਿਲਾਈ। ਗਾਂਧੀ ਜਯੰਤੀ (2 ਅਕਤੂਬਰ) ਨੂੰ ਲੈ ਕੇ ਉਨ੍ਹਾਂ ਨੇ ਲੋਕਾਂ ਨੂੰ “ਸਵਦੇਸ਼ੀ” ਅਤੇ ਖਾਦੀ ਉਤਪਾਦਾਂ ਦੀ ਖਰੀਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ ਖਾਦੀ ਦੀ ਵਿਕਰੀ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ #VocalForLocal ਮੁਹਿੰਮ ਰਾਹੀਂ ਖਾਦੀ ਦੀ ਖਰੀਦਦਾਰੀ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ।
PM ਮੋਦੀ ਨੇ “ਭਾਰਤ ਦੀ ਕੋਇਲ” ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲਤਾ ਦੀਦੀ ਦੀ ਦੇਸ਼ ਭਗਤੀ ਅਤੇ ਰੱਖੜੀ ਨਾਲ ਜੁੜੀ ਯਾਦਾਂ ਨੂੰ ਵੀ ਸਾਂਝਾ ਕੀਤਾ। ਨਾਰੀ ਸ਼ਕਤੀ ਦੀ ਗੱਲ ਕਰਦਿਆਂ ਉਨ੍ਹਾਂ ਨੇ “ਨਾਵਿਕਾ ਸਾਗਰ ਪਰਿਕਰਮਾ” ਦੌਰਾਨ ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀਆਂ — ਲੈਫਟੀਨੈਂਟ ਕਮਾਂਡਰ ਦਿਲਨਾ ਅਤੇ ਰੂਪਾ — ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ। ਸਵੈ-ਨਿਰਭਰ ਭਾਰਤ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਉੱਦਮੀਆਂ ਦੀਆਂ ਕਹਾਣੀਆਂ ਵੀ ਉਨ੍ਹਾਂ ਨੇ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਅਸ਼ੋਕ ਜਗਦੀਸਨ ਅਤੇ ਪ੍ਰੇਮ ਸੇਲਵਰਾਜ ਨੇ ਕੇਲੇ ਦੇ ਰੇਸ਼ੇ ਤੋਂ ਯੋਗਾ ਮੈਟ ਬਣਾਕੇ 200 ਪਰਿਵਾਰਾਂ ਨੂੰ ਰੁਜ਼ਗਾਰ ਦਿੱਤਾ। ਆਸ਼ੀਸ਼ ਸੱਤਿਆਵ੍ਰਤ ਸਾਹੂ ਨੇ “ਜੌਹਰਗ੍ਰਾਮ” ਬ੍ਰਾਂਡ ਰਾਹੀਂ ਕਬਾਇਲੀ ਕੱਪੜਿਆਂ ਨੂੰ ਵਿਸ਼ਵ ਪੱਧਰ ‘ਤੇ ਲਿਆਂਦਾ ਜਦਕਿ ਮਧੂਬਨੀ ਦੀ ਸਵੀਟੀ ਕੁਮਾਰੀ ਨੇ ਮਿਥਿਲਾ ਪੇਂਟਿੰਗ ਰਾਹੀਂ 500 ਪੇਂਡੂ ਔਰਤਾਂ ਨੂੰ ਸਵੈ-ਨਿਰਭਰ ਬਣਾਇਆ।
PM ਮੋਦੀ ਨੇ ਆਪਣੇ ਸੰਬੋਧਨ ‘ਚ ਭਾਰਤ ਦੀ ਸੰਸਕ੍ਰਿਤਿਕ ਵਿਰਾਸਤ ਨਾਰੀ ਸ਼ਕਤੀ ਅਤੇ ਸਵਦੇਸ਼ੀ ਉਤਪਾਦਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।






