Nushrratt Bharuccha Health Update : ਅਭਿਨੇਤਰੀ ਨੁਸ਼ਰਤ ਭਰੂਚਾ ਦਾ ਹਾਲ ਹੀ ਵਿੱਚ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਹੋਇਆ, ਜੋ ਸਫਲ ਰਿਹਾ। ਉਹ ਹੁਣ ਹਸਪਤਾਲ ਤੋਂ ਘਰ ਵਾਪਸ ਆ ਗਈ ਹੈ। ਉਸਦੀ ਟੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਫਿਲਹਾਲ ਆਪਣੀ ਸਿਹਤਯਾਬੀ ‘ਤੇ ਧਿਆਨ ਦੇ ਰਹੀ ਹੈ।
ਨੁਸ਼ਰਤ ਦੀ ਟੀਮ ਨੇ ਕਿਹਾ, “ਇੱਕ ਮੰਦਭਾਗੀ ਦੁਰਘਟਨਾ ਤੋਂ ਬਾਅਦ ਆਏ ਔਖੇ ਅਤੇ ਚੁਣੌਤੀਪੂਰਨ ਦੌਰ ਵਿੱਚੋਂ ਲੰਘਦਿਆਂ, ਨੁਸ਼ਰਤ ਭਰੂਚਾ ਦੀ ਰੀੜ੍ਹ ਦੀ ਹੱਡੀ ਦਾ ਸਫਲ ਆਪ੍ਰੇਸ਼ਨ ਹੋਇਆ। ਸਾਨੂੰ ਇਹ ਦੱਸਦਿਆਂ ਰਾਹਤ ਮਹਿਸੂਸ ਹੋ ਰਹੀ ਹੈ ਕਿ ਇਹ ਪ੍ਰਕਿਰਿਆ ਵਧੀਆ ਢੰਗ ਨਾਲ ਨੇਪਰੇ ਚੜ੍ਹੀ। ਉਸਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਘਰ ਵਾਪਸ ਆ ਗਈ ਹੈ, ਜਿੱਥੇ ਉਸਦੀ ਚੰਗੀ ਦੇਖਭਾਲ ਕੀਤੀ ਜਾ ਰਹੀ ਹੈ। ਨੁਸ਼ਰਤ ਇਸ ਸਮੇਂ ਆਪਣੀ ਸਿਹਤ ਅਤੇ ਸਿਹਤਯਾਬੀ ‘ਤੇ ਧਿਆਨ ਦੇ ਰਹੀ ਹੈ। ਉਸਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ। ਨੁਸ਼ਰਤ ਪੂਰੀ ਤਰ੍ਹਾਂ ਸਕਾਰਾਤਮਕ ਹੈ। ਅਸੀਂ ਇਸ ਔਖੇ ਸਮੇਂ ਦੌਰਾਨ ਮਿਲੇ ਬੇਪਨਾਹ ਪਿਆਰ, ਦੁਆਵਾਂ ਅਤੇ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ।”
ਨੁਸ਼ਰਤ ਨਾਲ ਕੀ ਹੋਇਆ ਸੀ?
ਨੁਸ਼ਰਤ ਭਰੂਚਾ ਕੰਮ ਅਤੇ ਛੁੱਟੀਆਂ ਮਨਾਉਣ ਲਈ ਬਾਲੀ ਗਈ ਸੀ, ਜਿੱਥੇ ਉਸ ਨਾਲ ਇੱਕ ਹਾਦਸਾ ਵਾਪਰ ਗਿਆ। ਸ਼ੁਰੂ ਵਿੱਚ ਉਸਨੂੰ ਬਾਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ‘ਏਅਰ ਐਂਬੂਲੈਂਸ’ ਰਾਹੀਂ ਮੁੰਬਈ ਲਿਆਂਦਾ ਗਿਆ। ਇਸ ਤੋਂ ਬਾਅਦ ਮੁੰਬਈ ਵਿੱਚ ਉਸਦੀ ਰੀੜ੍ਹ ਦੀ ਹੱਡੀ ਦਾ ਆਪ੍ਰੇਸ਼ਨ ਕੀਤਾ ਗਿਆ। ਆਪ੍ਰੇਸ਼ਨ ਹੁਣ ਪੂਰਾ ਹੋ ਚੁੱਕਾ ਹੈ ਅਤੇ ਉਹ ਫਿਲਹਾਲ ਸਿਹਤਯਾਬੀ ਦੇ ਦੌਰ ਵਿੱਚੋਂ ਲੰਘ ਰਹੀ ਹੈ।


