Diwali 2026: ਦੀਵਾਲੀ ਦੇ ਮੌਕੇ ‘ਤੇ ਅਮਰੀਕਾ ਦੇ ਨਿਊਯਾਰਕ ਅਤੇ ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤੀ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੀ ਸੱਭਿਆਚਾਰਕ ਪਛਾਣ ਅਤੇ ਸਮਾਜਿਕ ਯੋਗਦਾਨ ਨੂੰ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ। ਦੋਵਾਂ ਥਾਵਾਂ ‘ਤੇ 8 ਨਵੰਬਰ ਨੂੰ ਅਧਿਕਾਰਤ ਤੌਰ ‘ਤੇ ‘ਦੀਵਾਲੀ ਦਿਵਸ’ ਐਲਾਨਿਆ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਭਾਰਤੀ ਭਾਈਚਾਰੇ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ੀਆਂ ਸਾਂਝੀਆਂ ਕੀਤੀਆਂ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ 26 ਅਕਤੂਬਰ ਨੂੰ ਇੱਕ ਅਧਿਕਾਰਤ ਘੋਸ਼ਣਾ ‘ਤੇ ਦਸਤਖ਼ਤ ਕਰਦਿਆਂ 8 ਨਵੰਬਰ ਨੂੰ ‘ਦੀਵਾਲੀ-ਦਿ ਫੈਸਟੀਵਲ ਆਫ ਲਾਈਟਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਸ਼ਨੀਵਾਰ ਨੂੰ ਇਸ ਘੋਸ਼ਣਾ ਦੀ ਤਸਵੀਰ ਸਾਂਝੀ ਕਰਕੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਗਵਰਨਰ ਦਾ ਧੰਨਵਾਦ ਕੀਤਾ। ਇਸ ਸਰਕਾਰੀ ਐਲਾਨ ਵਿੱਚ ਦੀਵਾਲੀ ਨੂੰ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰਿਆਂ ਦਾ ਦੁਨੀਆ ਭਰ ਵਿੱਚ ਮਨਾਇਆ ਜਾਣ ਵਾਲਾ ਮਹੱਤਵਪੂਰਨ ਤਿਉਹਾਰ ਦੱਸਿਆ ਗਿਆ ਹੈ। ਨਾਲ ਹੀ ਨਿਊਯਾਰਕ ਦੇ ਦੱਖਣੀ ਏਸ਼ੀਆਈ ਅਤੇ ਇੰਡੋ-ਕੈਰੇਬੀਅਨ ਭਾਈਚਾਰਿਆਂ ਦੀ ਅਗਵਾਈ ਅਤੇ ਨਾਗਰਿਕ ਜੀਵਨ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ।
ਕੈਨੇਡਾ ਦੇ ਟੋਰਾਂਟੋ ਵਿੱਚ ਵੀ ਮੇਅਰ ਓਲੀਵੀਆ ਚਾਉ ਨੇ ਨਗਰ ਕੌਂਸਲ ਵੱਲੋਂ 8 ਨਵੰਬਰ ਨੂੰ ‘ਦੀਵਾਲੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ। ਇਸ ਰਾਹੀਂ ਸ਼ਹਿਰ ਦੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੇ ਸੱਭਿਆਚਾਰਕ, ਸਮਾਜਿਕ, ਆਰਥਿਕ ਅਤੇ ਨਾਗਰਿਕ ਖੇਤਰ ਵਿੱਚ ਲੰਬੇ ਸਮੇਂ ਤੋਂ ਪਾਏ ਜਾ ਰਹੇ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ। ਟੋਰਾਂਟੋ ਦਾ ਆਦਰਸ਼ ਵਾਕ ‘ਵਿਭਿੰਨਤਾ ਸਾਡੀ ਤਾਕਤ ਹੈ’ ਹੈ ਅਤੇ ਸ਼ਹਿਰ ਵਿੱਚ ਨਵੰਬਰ ਮਹੀਨਾ ਹਿੰਦੂ ਵਿਰਾਸਤ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਅਲਬਰਟਾ ਦੇ ਪ੍ਰੀਮੀਅਰ ਡੇਨੀਅਲ ਸਮਿਥ ਨੇ ਕੈਲਗਰੀ ਵਿੱਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਨਾਲ ਦੀਵਾਲੀ ਅਤੇ ‘ਬੰਦੀ ਛੋੜ ਦਿਵਸ’ ਮਨਾਇਆ। ਉਨ੍ਹਾਂ ਨੇ ਐਕਸ ‘ਤੇ ਸੰਦੇਸ਼ ਸਾਂਝਾ ਕਰਦਿਆਂ ਰੌਸ਼ਨੀ, ਆਜ਼ਾਦੀ ਅਤੇ ਉਮੀਦ ਦੇ ਇਨ੍ਹਾਂ ਤਿਉਹਾਰਾਂ ਨੂੰ ਭਾਈਚਾਰੇ ਨਾਲ ਮਨਾਉਣ ‘ਤੇ ਖੁਸ਼ੀ ਜਤਾਈ ਅਤੇ ਹਿੰਦੂ ਸੋਸਾਇਟੀ ਆਫ ਕੈਲਗਰੀ ਤੇ ਦਸ਼ਮੇਸ਼ ਕਲਚਰ ਸੈਂਟਰ ਦਾ ਧੰਨਵਾਦ ਕੀਤਾ।
ਕੈਨੇਡਾ ਦੇ ਟ੍ਰੇਜ਼ਰੀ ਬੋਰਡ ਦੇ ਪ੍ਰਧਾਨ ਅਤੇ ਬਰੈਂਪਟਨ ਤੋਂ ਸੰਸਦ ਮੈਂਬਰ ਸ਼ਫਕਤ ਅਲੀ ਨੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਹਿੰਦੂ ਸਭਾ ਮੰਦਰ ਜਾਣ ਦੀ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ, ਉਨ੍ਹਾਂ ਨੇ ਇਸ ਦੌਰੇ ਦੀ ਤਰੀਕ ਸਪੱਸ਼ਟ ਨਹੀਂ ਕੀਤੀ। ਅਲੀ ਨੇ ਕਿਹਾ ਕਿ ਦੀਵਾਲੀ ਰੌਸ਼ਨੀ, ਉਮੀਦ, ਏਕਤਾ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਵਰਗੀਆਂ ਸਦੀਵੀ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਅਨੀਤਾ ਆਨੰਦ ਨੇ ਆਪਣੇ ਸਹਿਯੋਗੀ ਗੈਰੀ ਆਨੰਦਸੰਗਰੀ ਨਾਲ ਕੈਨੇਡੀਅਨ ਸੰਸਦ ਕੰਪਲੈਕਸ ਵਿੱਚ ਦੀਵਾਲੀ ਮਨਾਈ ਸੀ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਪਰਿਵਾਰਕ ਰਵਾਇਤਾਂ ਅਤੇ ਜਨਤਕ ਜੀਵਨ ਵਿੱਚ ਇਨ੍ਹਾਂ ਨੂੰ ਮਿਲ ਰਹੇ ਸਨਮਾਨ ਦਾ ਜ਼ਿਕਰ ਕੀਤਾ। ਓਂਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਵੀ ਦੀਵਾਲੀ ਮੌਕੇ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਮਹੱਤਤਾ ਉਜਾਗਰ ਕੀਤੀ।
ਅਮਰੀਕਾ ਦੇ ਵੱਖ-ਵੱਖ ਸੂਬਿਆਂ ਵਿੱਚ ਵੀ ਸਿਆਸੀ ਆਗੂਆਂ ਨੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪਿਰੋ ਨੇ ਸ਼ੁੱਕਰਵਾਰ ਨੂੰ ਹਿੰਦੂ, ਜੈਨ ਅਤੇ ਸਿੱਖ ਭਾਈਚਾਰਿਆਂ ਨੂੰ ਦੀਵਾਲੀ, ਤਿਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਏਕਤਾ, ਦਇਆ ਅਤੇ ਇੱਕ-ਦੂਜੇ ਨੂੰ ਸਵੀਕਾਰ ਕਰਨ ਦਾ ਸੰਦੇਸ਼ ਦਿੰਦੇ ਹਨ। ਨਿਊਜਰਸੀ ਦੇ ਸੰਸਦ ਮੈਂਬਰ ਫ੍ਰੈਂਕ ਪੈਲੋਨ ਨੇ ਹਿੰਦੂ ਭਾਈਚਾਰੇ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨਾਲ ਤਿਉਹਾਰ ਮਨਾਉਣ ‘ਤੇ ਮਾਣ ਪ੍ਰਗਟਾਇਆ। ਵਿਸਕਾਨਸਿਨ ਦੀ ਸੈਨੇਟਰ ਟੈਮੀ ਬਾਲਡਵਿਨ ਨੇ ਵੀ ਸੂਬੇ ਅਤੇ ਦੇਸ਼ ਭਰ ਵਿੱਚ ਦੀਵਾਲੀ ਮਨਾ ਰਹੇ ਲੋਕਾਂ ਲਈ ਸ਼ਾਂਤੀ, ਉਮੀਦ ਅਤੇ ਖੁਸ਼ੀਆਂ ਦੀ ਕਾਮਨਾ ਕੀਤੀ।
ਨੌਰਥ ਕੈਰੋਲੀਨਾ ਦੇ ਗਵਰਨਰ ਜੋਸ਼ ਸਟੇਨ ਨੇ 25 ਸਤੰਬਰ ਨੂੰ ਜਾਰੀ ਕੀਤੇ ਐਲਾਨ ਵਿੱਚ 8 ਨਵੰਬਰ ਨੂੰ ਦੀਵਾਲੀ ਦਿਵਸ ਅਤੇ ਅਕਤੂਬਰ ਨੂੰ ਹਿੰਦੂ ਵਿਰਾਸਤ ਮਹੀਨਾ ਘੋਸ਼ਿਤ ਕੀਤਾ ਸੀ। ਇਸ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਸੂਬੇ ਦੀ ਆਰਥਿਕਤਾ, ਇਤਿਹਾਸ ਅਤੇ ਸੱਭਿਆਚਾਰ ਵਿੱਚ ਯੋਗਦਾਨ ਨੂੰ ਉਜਾਗਰ ਕੀਤਾ ਗਿਆ। ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਨੇ ਵੀ ਸ਼ੁੱਕਰਵਾਰ ਨੂੰ 8 ਨਵੰਬਰ ਨੂੰ ਦੀਵਾਲੀ ਵਜੋਂ ਮਨਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤੀ ਕੌਂਸਲੇਟ ਅਤੇ ਸੂਬੇ ਦੀ ਸੈਨੇਟਰ ਮਨਕਾ ਢੀਂਗਰਾ ਨਾਲ ਵਿਧਾਨ ਭਵਨ ਵਿੱਚ ਹੋਏ ਦੀਵਾਲੀ ਸਮਾਗਮ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਮੋਨਰੋ ਸ਼ਹਿਰ ਦੀ ਮੇਅਰ ਪੈਟਸੀ ਕੁਡਾਬੈਕ ਨੇ ਵੀ 8 ਨਵੰਬਰ ਨੂੰ ‘ਦੀਵਾਲੀ-ਦਿ ਫੈਸਟੀਵਲ ਆਫ ਲਾਈਟਸ ਡੇ’ ਐਲਾਨਦਿਆਂ ਲੋਕਾਂ ਨੂੰ ਇਸ ਤਿਉਹਾਰ ਦੀ ਸੱਭਿਆਚਾਰਕ ਮਹੱਤਤਾ ਅਤੇ ਭਾਈਚਾਰਕ ਯੋਗਦਾਨ ਨੂੰ ਪਛਾਣਨ ਦੀ ਅਪੀਲ ਕੀਤੀ।
ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਦੀਵਾਲੀ ਦੀਆਂ ਮਿਠਾਈਆਂ ਖਰੀਦਣ ਦਾ ਆਪਣਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਨੇ ਰੇ ਲਾਸਨ ਬੁਲੇਵਾਰਡ ਸਥਿਤ ਇੰਡੀਆ ਟੇਸਟ ਦੁਕਾਨ ਤੋਂ ਮਿਠਾਈਆਂ ਖਰੀਦਣ ਦੀ ਤਸਵੀਰ ਪੋਸਟ ਕਰਦਿਆਂ ਆਪਣੇ ਦੋਸਤ ਰਣਜੀਤ ਸਿੰਘ ਦੇ ਦੀਵਾਲੀ ਸਮਾਗਮ ਦੀ ਸ਼ਲਾਘਾ ਕੀਤੀ। ਇਸੇ ਦੌਰਾਨ ਕੈਲਗਰੀ ਪ੍ਰਸ਼ਾਸਨ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇ ਨਾਲ ਪਟਾਕਿਆਂ ਦੀ ਵਰਤੋਂ ਸਬੰਧੀ ਸੁਰੱਖਿਆ ਸਲਾਹ ਵੀ ਜਾਰੀ ਕੀਤੀ। ਫਾਇਰ ਮਾਰਸ਼ਲ ਗਲੇਨ ਬੈਕਸਟਰ ਨੇ ਲੋਕਾਂ ਨੂੰ ਨਿੱਜੀ ਤੌਰ ‘ਤੇ ਪਟਾਕੇ ਚਲਾਉਣ ‘ਤੇ ਲੱਗੀ ਪਾਬੰਦੀ ਯਾਦ ਕਰਵਾਈ ਅਤੇ ਦੀਵੇ ਜਗਾਉਣ, ਸਜਾਵਟੀ ਲਾਈਟਾਂ ਲਗਾਉਣ ਤੇ ਸੁਰੱਖਿਅਤ ਭਾਈਚਾਰਕ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਦੀਵਾਲੀ ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਭਾਈਚਾਰਿਆਂ ਵੱਲੋਂ ਮਨਾਈ ਜਾਂਦੀ ਹੈ। ਵੱਖ-ਵੱਖ ਭਾਈਚਾਰਿਆਂ ਵਿੱਚ ਇਸ ਦੀਆਂ ਧਾਰਮਿਕ ਮਾਨਤਾਵਾਂ ਅਤੇ ਰਵਾਇਤਾਂ ਵੱਖਰੀਆਂ ਹੋ ਸਕਦੀਆਂ ਹਨ, ਪਰ ਦੀਵੇ ਜਗਾਉਣਾ, ਮਿਠਾਈਆਂ ਵੰਡਣਾ ਅਤੇ ਪਰਿਵਾਰ ਤੇ ਦੋਸਤਾਂ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਇਸ ਦੇ ਪ੍ਰਮੁੱਖ ਰਿਵਾਜ ਹਨ।

