ਵਾਸ਼ਿੰਗਟਨ: ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਪਹਿਲਾਂ ਐਤਵਾਰ ਨੂੰ ਇਸ਼ਾਰਾ ਦਿੱਤਾ ਕਿ ਇਜ਼ਰਾਈਲ ਵ੍ਹਾਈਟ ਹਾਊਸ ਨਾਲ ਮਿਲ ਕੇ ਇੱਕ ਨਵੀਂ ਜੰਗਬੰਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਸਾਫ ਕੀਤਾ ਕਿ ਇਸ ਯੋਜਨਾ ਨੂੰ ਹਾਲੇ ਅੰਤਿਮ ਰੂਪ ਨਹੀਂ ਦਿੱਤਾ ਗਿਆ। ਇਹ ਵਿਕਾਸ ਗਾਜ਼ਾ ‘ਚ ਚੱਲ ਰਹੇ ਇਜ਼ਰਾਈਲੀ ਹਮਲਿਆਂ ਦੇ ਦਰਮਿਆਨ ਹੋਇਆ, ਜਿੱਥੇ ਨੇਤਨਯਾਹੂ ਨੂੰ ਜੰਗ ਖਤਮ ਕਰਨ ਲਈ ਵਧਦੇ ਅੰਤਰਰਾਸ਼ਟਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ, ਇਜ਼ਰਾਈਲ-ਹਮਾਸ ਯੁੱਧ ਵਿੱਚ ਹੁਣ ਤੱਕ 66,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਹੋਣ ਵਾਲੀ ਮੀਟਿੰਗ ਦੌਰਾਨ ਟਕਰਾਅ ਨੂੰ ਖਤਮ ਕਰਨ ਲਈ ਇੱਕ ਨਵਾਂ ਪ੍ਰਸਤਾਵ ਪੇਸ਼ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। “ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ,” ਨੇਤਨਯਾਹੂ ਨੇ ਫੌਕਸ ਨਿਊਜ਼ ਦੇ “ਦਿ ਸੰਡੇ ਬ੍ਰੀਫਿੰਗ” ਵਿੱਚ ਕਿਹਾ। “ਇਹ ਹਾਲੇ ਤਿਆਰ ਨਹੀਂ, ਪਰ ਅਸੀਂ ਰਾਸ਼ਟਰਪਤੀ ਟਰੰਪ ਦੀ ਟੀਮ ਨਾਲ ਗੰਭੀਰਤਾ ਨਾਲ ਕੰਮ ਕਰ ਰਹੇ ਹਾਂ। “ਯੋਜਨਾ ਨਾਲ ਜਾਣੂ ਅਰਬ ਅਧਿਕਾਰੀਆਂ ਨੇ ਦੱਸਿਆ ਕਿ 21-ਨੁਕਾਤੀ ਪ੍ਰਸਤਾਵ ਵਿੱਚ ਤੁਰੰਤ ਜੰਗਬੰਦੀ, 48 ਘੰਟਿਆਂ ਦੇ ਅੰਦਰ ਹਮਾਸ ਵੱਲੋਂ ਰੱਖੇ ਗਏ ਸਾਰੇ ਬੰਧਕਾਂ ਦੀ ਰਿਹਾਈ ਅਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਦੀ ਮੰਗ ਸ਼ਾਮਲ ਹੈ।
ਇਸ ਸੰਭਾਵਿਤ ਯੋਜਨਾ ਨੂੰ ਲੈ ਕੇ ਖੇਤਰ ‘ਚ ਉਮੀਦਾਂ ਅਤੇ ਚਿੰਤਾਵਾਂ ਦੋਵਾਂ ਹੀ ਵਧ ਰਹੀਆਂ ਹਨ।






