
ਨਵੀਂ ਦਿੱਲੀ (ਦੈਨਿਕ ਸਵੇਰਾ): ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪ੍ਰੀਖਿਆ ਵਿੱਚ ਹੋਈਆਂ ਬੇਨਿਯਮੀਆਂ ਤੋਂ ਬਾਅਦ ਵਿਦਿਆਰਥੀਆਂ ਦੇ ਹਿੱਤ ਵਿੱਚ ਕਈ ਅਹਿਮ ਫੈਸਲੇ ਲਏ ਹਨ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਦਾ ਭਵਿੱਖ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।
ਪ੍ਰੀਖਿਆ ਦੀ ਨਵੀਂ ਤਰੀਕ ਅਤੇ ਸਮਾਂ, NEET-UG ਦੀ ਪ੍ਰੀਖਿਆ ਹੁਣ 21 ਜੂਨ ਨੂੰ ਦੁਬਾਰਾ ਕਰਵਾਈ ਜਾਵੇਗੀ। ਵਿਦਿਆਰਥੀਆਂ ਦੀ ਸਹੂਲਤ ਲਈ ਪ੍ਰੀਖਿਆ ਦਾ ਸਮਾਂ 15 ਮਿੰਟ ਵਧਾ ਦਿੱਤਾ ਗਿਆ ਹੈ। ਹੁਣ ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। ਸਾਰੇ ਉਮੀਦਵਾਰਾਂ ਨੂੰ 14 ਜੂਨ ਤੱਕ ਨਵੇਂ ਐਡਮਿਟ ਕਾਰਡ ਜਾਰੀ ਕਰ ਦਿੱਤੇ ਜਾਣਗੇ।
ਵਿਦਿਆਰਥੀਆਂ ਲਈ ਵੱਡੀਆਂ ਸਹੂਲਤਾਂ
ਇਸ ਮੁੜ ਪ੍ਰੀਖਿਆ ਲਈ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਪਿਛਲੀ ਫੀਸ ਵੀ ਵਾਪਸ (Refund) ਕੀਤੀ ਜਾਵੇਗੀ। ਵਿਦਿਆਰਥੀ ਆਪਣੀ ਪਸੰਦ ਦਾ ਪ੍ਰੀਖਿਆ ਸ਼ਹਿਰ (Exam City) ਦੁਬਾਰਾ ਚੁਣ ਸਕਦੇ ਹਨ। ਇਸ ਲਈ NTA ਵੱਲੋਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਸਰਕਾਰ ਵਿਦਿਆਰਥੀਆਂ ਦੀ ਆਵਾਜਾਈ ਨੂੰ ਸੌਖਾ ਬਣਾਉਣ ਲਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰੇਗੀ।
ਭਵਿੱਖ ਲਈ ਵੱਡੇ ਬਦਲਾਅ
ਪਾਰਦਰਸ਼ਤਾ ਵਧਾਉਣ ਲਈ, ਅਗਲੇ ਸਾਲ (2027) ਤੋਂ NEET ਦੀ ਪ੍ਰੀਖਿਆ ਕੰਪਿਊਟਰ-ਅਧਾਰਤ (CBT Mode) Computer-Based Test ਹੋਵੇਗੀ, ਨਾ ਕਿ ਪੇਪਰ-ਪੈੱਨ ਨਾਲ। ਸਰਕਾਰ ਨੇ ਪ੍ਰੀਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਰਾਧਾਕ੍ਰਿਸ਼ਨਨ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਸਿੱਖਿਆ ਮੰਤਰੀ ਦਾ ਮੁੱਖ ਬਿਆਨ:
“ਸਾਨੂੰ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਅਹਿਸਾਸ ਹੈ। ਪੇਪਰ ਲੀਕ ਹੋਣ ਦੀ ਪੁਸ਼ਟੀ ਤੋਂ ਬਾਅਦ ਅਸੀਂ ਪ੍ਰੀਖਿਆ ਰੱਦ ਕਰਨ ਦਾ ਔਖਾ ਫੈਸਲਾ ਲਿਆ ਤਾਂ ਜੋ ‘ਸਿੱਖਿਆ ਮਾਫੀਆ’ ਕਿਸੇ ਵੀ ਯੋਗ ਉਮੀਦਵਾਰ ਦਾ ਹੱਕ ਨਾ ਮਾਰ ਸਕੇ। ਅਸੀਂ ਯਕੀਨੀ ਬਣਾਵਾਂਗੇ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ।”

neet-ug-june-21-fee-refund-15-minutes