Site icon Dainik Savera Punjab

Sports Awards: ਰਾਸ਼ਟਰਪਤੀ ਮੁਰਮੂ ਨੇ ਵੰਡੇ ਰਾਸ਼ਟਰੀ ਖੇਡ ਪੁਰਸਕਾਰ 2025, ਦਿਵਿਆ ਅਤੇ ਤੇਜਸਵਿਨ ਸਮੇਤ 17 ਖਿਡਾਰੀਆਂ ਨੂੰ ਮਿਲਿਆ ਅਰਜੁਨ ਐਵਾਰਡ

National Sports Awards 2025: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਰਾਸ਼ਟਰੀ ਖੇਡ ਪੁਰਸਕਾਰ 2025 ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ, ਕੋਚਾਂ ਅਤੇ ਖੇਡ ਸੰਸਥਾਵਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ। ਡੈਕਾਥਲਾਨ ਖਿਡਾਰੀ ਤੇਜਸਵਿਨ ਸ਼ੰਕਰ ਅਤੇ ਫਿਡੇ ਵਿਸ਼ਵ ਕੱਪ ਜੇਤੂ ਦਿਵਿਆ ਦੇਸ਼ਮੁਖ ਸਮੇਤ 15 ਹੋਰ ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਨਿਵਾਜਿਆ ਗਿਆ।

ਤੇਜਸਵਿਨ ਸ਼ੰਕਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਡੈਕਾਥਲਾਨ ਮੁਕਾਬਲੇ ਦੌਰਾਨ ਕਾਂਸੀ ਦਾ ਤਮਗਾ ਜਿੱਤ ਕੇ ਭਾਰਤੀ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ। ਉਹ ਇਸ ਮੁਕਾਬਲੇ ਵਿੱਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਉੱਧਰ, ਦਿਵਿਆ ਦੇਸ਼ਮੁਖ ਨੇ ਫਿਡੇ ਮਹਿਲਾ ਵਿਸ਼ਵ ਕੱਪ 2025 ਦਾ ਖਿਤਾਬ ਆਪਣੇ ਨਾਮ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਬਾਕੂ ਵਿੱਚ ਹੋਏ ਫਾਈਨਲ ਦੌਰਾਨ ਉਨ੍ਹਾਂ ਨੇ ਕੋਨੇਰੂ ਹੰਪੀ ਨੂੰ ਰੈਪਿਡ ਟਾਈਬ੍ਰੇਕ ਵਿੱਚ 1.5-0.5 ਨਾਲ ਹਰਾਇਆ ਸੀ।

ਅਰਜੁਨ ਪੁਰਸਕਾਰ ਹਾਸਲ ਕਰਨ ਵਾਲੇ ਹੋਰ ਖਿਡਾਰੀਆਂ ਵਿੱਚ ਟਰੈਕ ਐਂਡ ਫੀਲਡ ਦੇ ਮੁਹੰਮਦ ਅਜਮਲ ਵਰਿਆਥੋਡੀ, ਰੇਸ ਵਾਕਰ ਪ੍ਰਿਯੰਕਾ ਗੋਸਵਾਮੀ, ਮੁੱਕੇਬਾਜ਼ ਨਰਿੰਦਰ, ਸ਼ਤਰੰਜ ਖਿਡਾਰੀ ਵਿਦਿਤ ਸੰਤੋਸ਼ ਗੁਜਰਾਤੀ ਅਤੇ ਪੈਰਾ ਸ਼ੂਟਰ ਧਨੁਸ਼ ਸ਼੍ਰੀਕਾਂਤ ਸ਼ਾਮਲ ਹਨ। ਇਸ ਤੋਂ ਇਲਾਵਾ ਹਾਕੀ ਖਿਡਾਰੀ ਲਾਲਰੇਮਸਿਆਮੀ ਹਮਾਰਜੋਰਟ ਅਤੇ ਰਾਜਕੁਮਾਰ ਪਾਲ, ਕਬੱਡੀ ਖਿਡਾਰੀ ਸੁਰਜੀਤ ਅਤੇ ਪੂਜਾ, ਪੈਰਾ ਸ਼ੂਟਰ ਰੁਦ੍ਰਾਂਸ਼ ਖੰਡੇਲਵਾਲ, ਪੈਰਾ ਐਥਲੀਟ ਏਕਤਾ ਭਿਆਨ, ਰੋਵਰ ਅਰਵਿੰਦ ਸਿੰਘ ਅਤੇ ਨਿਸ਼ਾਨੇਬਾਜ਼ ਅਖਿਲ ਸ਼ਿਓਰਾਣ ਨੂੰ ਵੀ ਸਨਮਾਨਿਤ ਕੀਤਾ ਗਿਆ। ਬੈਡਮਿੰਟਨ ਖਿਡਾਰਨਾਂ ਤ੍ਰਿਸ਼ਾ ਜੌਲੀ ਅਤੇ ਪੁਲੇਲਾ ਗਾਇਤਰੀ ਗੋਪੀਚੰਦ ਜਾਪਾਨ ਮਾਸਟਰਜ਼ ਟੂਰਨਾਮੈਂਟ ਵਿੱਚ ਹਿੱਸਾ ਲੈਣ ਕਾਰਨ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੀਆਂ। ਤਜਰਬੇਕਾਰ ਫੁੱਟਬਾਲਰ ਇਸਾਯਾਹ ਅਰੁਮਾਈਨਯਾਗਮ ਨੂੰ ਅਰਜੁਨ ਪੁਰਸਕਾਰ (ਲਾਈਫਟਾਈਮ) ਦਿੱਤਾ ਗਿਆ।

ਕੋਚਿੰਗ ਖੇਤਰ ਵਿੱਚ ਯੋਗਦਾਨ ਲਈ ਐਥਲੈਟਿਕਸ ਕੋਚ ਪਰਵੀਰ ਸਿੰਘ, ਮੁੱਕੇਬਾਜ਼ੀ ਕੋਚ ਛੋਟੇ ਲਾਲ ਯਾਦਵ ਅਤੇ ਧਰਮਿੰਦਰ ਸਿੰਘ ਯਾਦਵ, ਸ਼ੂਟਿੰਗ ਕੋਚ ਨੇਹਾ ਨੰਦਕੁਮਾਰ ਚਵਾਨ ਅਤੇ ਕੁਸ਼ਤੀ ਕੋਚ ਵੀਰੇਂਦਰ ਕੁਮਾਰ ਨੂੰ ਦ੍ਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਾਹਸਿਕ ਖੇਡਾਂ ਵਿੱਚ ਪ੍ਰਾਪਤੀਆਂ ਲਈ ਬਲਜੀਤ ਕੌਰ ਅਤੇ ਸਕਲਜ਼ਾਂਗ ਰਿਗਜ਼ਿਨ ਨੂੰ ਲੈਂਡ ਐਡਵੈਂਚਰ, ਰਿਮੋ ਸਾਹਾ ਨੂੰ ਵਾਟਰ ਐਡਵੈਂਚਰ ਅਤੇ ਸ਼ਿਵ ਪ੍ਰਸਾਦ ਚਮੋਲੀ ਨੂੰ ਲਾਈਫਟਾਈਮ ਅਚੀਵਮੈਂਟ ਸ਼੍ਰੇਣੀ ਵਿੱਚ ਤੇਨਜ਼ਿੰਗ ਨੋਰਗੇ ਰਾਸ਼ਟਰੀ ਸਾਹਸਿਕ ਪੁਰਸਕਾਰ 2024 ਦਿੱਤਾ ਗਿਆ। ਇਹ ਪੁਰਸਕਾਰ ਸਾਹਸ, ਜੋਖਮ ਲੈਣ ਦੀ ਸਮਰੱਥਾ, ਟੀਮ ਵਰਕ ਅਤੇ ਮੁਸ਼ਕਲ ਹਾਲਾਤਾਂ ਵਿੱਚ ਫੈਸਲੇ ਲੈਣ ਵਰਗੇ ਗੁਣਾਂ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਜਾਂਦੇ ਹਨ।

ਇਸ ਸਮਾਗਮ ਦੌਰਾਨ ਪੁਣੇ ਸਥਿਤ ਆਰਮੀ ਪੈਰਾਲੰਪਿਕ ਨੋਡ ਨੂੰ ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੈਫਟੀਨੈਂਟ ਕਰਨਲ ਦਲਜੀਤ ਸਿੰਘ ਨੇ ਰਾਸ਼ਟਰਪਤੀ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਹ ਸਨਮਾਨ ਉਨ੍ਹਾਂ ਸੰਸਥਾਵਾਂ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਖੇਡਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੋਵੇ। ਦੱਸਣਯੋਗ ਹੈ ਕਿ ਪੁਰਸਕਾਰਾਂ ਦੀ ਚੋਣ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਅਰੁਣ ਕੁਮਾਰ ਮਿਸ਼ਰਾ ਦੀ ਅਗਵਾਈ ਹੇਠ ਕਮੇਟੀ ਬਣਾਈ ਗਈ ਸੀ। ਖੇਡ ਮੰਤਰਾਲੇ ਨੇ 18 ਅਗਸਤ ਨੂੰ ਜੇਤੂਆਂ ਦੀ ਅੰਤਿਮ ਸੂਚੀ ਜਾਰੀ ਕੀਤੀ ਸੀ ਅਤੇ ਇਸ ਵਾਰ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਜ਼ਿਕਰਯੋਗ ਹੈ ਕਿ ਇਸ ਸਾਲ ਰਾਸ਼ਟਰੀ ਖੇਡ ਪੁਰਸਕਾਰ ਸਮਾਗਮ ਆਮ ਸਮੇਂ ਨਾਲੋਂ ਇੱਕ ਸਾਲ ਤੋਂ ਵੱਧ ਦੇਰੀ ਨਾਲ ਕਰਵਾਇਆ ਗਿਆ। ਆਮ ਤੌਰ ‘ਤੇ ਇਹ ਪੁਰਸਕਾਰ ਹਰ ਸਾਲ 29 ਅਗਸਤ ਨੂੰ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਨ ਮੌਕੇ ਦਿੱਤੇ ਜਾਂਦੇ ਹਨ। ਹਾਲਾਂਕਿ, ਓਲੰਪਿਕ, ਰਾਸ਼ਟਰਮੰਡਲ ਜਾਂ ਏਸ਼ੀਆਈ ਖੇਡਾਂ ਵਾਲੇ ਸਾਲਾਂ ਵਿੱਚ ਸਮਾਗਮ ਦੀ ਤਰੀਕ ਮੁਕਾਬਲਿਆਂ ਦੇ ਸਮਾਪਤ ਹੋਣ ਅਤੇ ਰਾਸ਼ਟਰਪਤੀ ਸਕੱਤਰੇਤ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤੈਅ ਕੀਤੀ ਜਾਂਦੀ ਹੈ।

Exit mobile version