ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਤਕਨਾਲੋਜੀ-ਅਧਾਰਿਤ ਉੱਦਮਤਾ ਲਈ ਇੱਕ ਪ੍ਰਮੁੱਖ ਕੇਂਦਰ ਵਜੋਂ ਸਥਾਪਤ ਕਰਨ ਵੱਲ ਇੱਕ ਅਹਿਮ ਕਦਮ ਚੁੱਕਿਆ ਹੈ। ਸਰਕਾਰ ਨੇ ਮੋਹਾਲੀ ਸਥਿਤ ਐਸ.ਟੀ.ਪੀ.ਆਈ.ਕੈਂਪਸ ਵਿੱਚ ‘ਸਟਾਰਟਅੱਪ ਪੰਜਾਬ ਹੱਬ – ਨਿਊਰੋਨ 2.0’ ਸਥਾਪਤ ਕਰਨ ਲਈ ‘ਸਾਫਟਵੇਅਰ ਟੈਕਨਾਲੋਜੀ ਪਾਰਕਸ ਆਫ ਇੰਡੀਆ’ (ਐਸ.ਟੀ.ਪੀ.ਆਈ.) ਨਾਲ ਇੱਕ ਸਮਝੌਤਾ ਪੱਤਰ (ਐਮ.ਓ.ਯੂ.) ‘ਤੇ ਹਸਤਾਖਰ ਕੀਤੇ ਹਨ।
ਲਗਭਗ ₹29 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਅਤਿ-ਆਧੁਨਿਕ ਤਕਨਾਲੋਜੀ ਇਨਕਿਊਬੇਸ਼ਨ ਸੈਂਟਰ ਵਿਸ਼ੇਸ਼ ਤੌਰ ‘ਤੇ ਸਾਈਬਰ ਸੁਰੱਖਿਆ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ‘ਤੇ ਕੇਂਦ੍ਰਿਤ ਸਟਾਰਟਅੱਪਸ ਨੂੰ ਉਤਸ਼ਾਹਿਤ ਕਰੇਗਾ।
‘ਨਿਊਰੋਨ 1.0’ ਨੇ 114 ਸਟਾਰਟਅੱਪਸ ਨੂੰ ਵਿਕਸਤ ਕਰਨ ਵਿੱਚ ਮਦਦ ਕੀਤੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਨੁਸਾਰ, ‘ਨਿਊਰੋਨ 1.0’ ਤਹਿਤ 114 ਸਟਾਰਟਅੱਪਸ ਨੂੰ ਇਨਕਿਊਬੇਸ਼ਨ ਸਹਾਇਤਾ ਪ੍ਰਾਪਤ ਹੋਈ। ਇਸ ਦੌਰਾਨ 158 ਉਤਪਾਦ ਅਤੇ 171 ਪ੍ਰੋਟੋਟਾਈਪ (ਨਮੂਨੇ) ਤਿਆਰ ਕੀਤੇ ਗਏ ਅਤੇ ਲਗਭਗ 2,700 ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਨਾਲ ਜੁੜੇ ਸਟਾਰਟਅੱਪਸ ਨੇ ਕੁੱਲ ₹251 ਕਰੋੜ ਦਾ ਨਿਵੇਸ਼ ਹਾਸਲ ਕੀਤਾ ਅਤੇ ਇਨ੍ਹਾਂ ਕੰਪਨੀਆਂ ਦਾ ਕੁੱਲ ਮੁੱਲ ਲਗਭਗ ₹2,890 ਕਰੋੜ ਤੱਕ ਪਹੁੰਚ ਗਿਆ।
ਪੰਜਾਬ ਸਰਕਾਰ ₹12 ਕਰੋੜ ਅਤੇ ਐਸਟੀਪੀਆਈ ₹17 ਕਰੋੜ ਦਾ ਯੋਗਦਾਨ ਪਾਉਣਗੇ
‘ਨਿਊਰੋਨ 2.0’ ਪ੍ਰੋਜੈਕਟ ਲਈ, ਪੰਜਾਬ ਸਰਕਾਰ ਨੇ ਵਿੱਤੀ ਸਹਾਇਤਾ ਵਜੋਂ ਸਿਧਾਂਤਕ ਤੌਰ ‘ਤੇ ₹12 ਕਰੋੜ ਦੇਣ ਦਾ ਫੈਸਲਾ ਕੀਤਾ ਹੈ, ਜਦੋਂ ਕਿ ਐਸ.ਟੀ.ਪੀ.ਆਈ. ₹17 ਕਰੋੜ ਦਾ ਯੋਗਦਾਨ ਪਾਵੇਗਾ। ਪੰਜਾਬ ਸਰਕਾਰ ਅਨੁਸਾਰ, ਇਸ ਕੇਂਦਰ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ ਘੱਟੋ-ਘੱਟ 50 ਸਟਾਰਟਅੱਪਸ ਨੂੰ ਵਿਕਸਤ ਕਰਨਾ ਅਤੇ ਉੱਭਰ ਯੋਗ ਸਟਾਰਟਅੱਪਾਂ ਨੂੰ ‘ਸਟਾਰਟਅੱਪ ਪੰਜਾਬ’ ਨਾਲ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਹ ਰਾਜ ਦੀ ਸਟਾਰਟਅੱਪ ਨੀਤੀ ਤਹਿਤ ਮਿਲਣ ਵਾਲੇ ਲਾਭਾਂ ਅਤੇ ਸਹੂਲਤਾਂ ਦਾ ਲਾਭ ਉਠਾ ਸਕਣ।
ਸਾਈਬਰ ਸੁਰੱਖਿਆ ‘ਨਿਊਰੋਨ 2.0‘ ਦੀ ਇੱਕ ਮੁੱਖ ਵਿਸ਼ੇਸ਼ਤਾ ਹੋਵੇਗੀ
‘ਨਿਊਰੋਨ 2.0’ ਵਿੱਚ ਮੌਜੂਦਾ ਤਕਨਾਲੋਜੀ ਖੇਤਰਾਂ ਦੇ ਨਾਲ-ਨਾਲ ਸਾਈਬਰ ਸੁਰੱਖਿਆ ਨੂੰ ਇੱਕ ਪ੍ਰਮੁੱਖ ਖੇਤਰ ਵਜੋਂ ਸ਼ਾਮਲ ਕੀਤਾ ਜਾਵੇਗਾ। ਕੇਂਦਰ ਵਿਖੇ ਇੱਕ ਸਮਰਪਿਤ ਸਾਈਬਰ ਸੁਰੱਖਿਆ ਲੈਬ ਵੀ ਸਥਾਪਿਤ ਕੀਤੀ ਜਾਵੇਗੀ।
ਇਸ ਯੋਜਨਾ ਵਿੱਚ ਸਟਾਰਟਅੱਪਾਂ ਲਈ ਉਤਪਾਦ ਵਿਕਸਤ ਕਰਨ, ਤਕਨੀਕੀ ਪ੍ਰਯੋਗ ਕਰਨ ਅਤੇ ਨਵੀਆਂ ਤਕਨੀਕਾਂ ਦੀ ਜਾਂਚ ਕਰਨ ਵਾਸਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਾ ਸ਼ਾਮਲ ਹੈ। ਮੁੱਖ ਫੋਕਸ ਵਾਲੇ ਖੇਤਰਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਵਿਸ਼ਲੇਸ਼ਣ, ਇੰਟਰਨੈੱਟ ਆਫ਼ ਥਿੰਗਜ, ਆਡੀਓ-ਵਿਜ਼ੂਅਲ ਗ੍ਰਾਫਿਕਸ ਅਤੇ ਸਾਈਬਰ ਸੁਰੱਖਿਆ ਸ਼ਾਮਲ ਹਨ।
ਇਨਕਿਊਬੇਸ਼ਨ ਤੋਂ ਲੈ ਕੇ ਉਤਪਾਦ ਦੇ ਵਪਾਰੀਕਰਨ ਤੱਕ ਸਹਾਇਤਾ
‘ਨਿਊਰੋਨ 2.0’ ਦੀ ਕਲਪਨਾ ਸਿਰਫ਼ ਸਟਾਰਟਅੱਪਾਂ ਲਈ ਦਫ਼ਤਰੀ ਥਾਂ ਵਜੋਂ ਨਹੀਂ, ਸਗੋਂ ਇੱਕ ਵਿਆਪਕ ਨਵੀਨਤਾ ਪਲੇਟਫਾਰਮ ਵਜੋਂ ਕੀਤੀ ਗਈ ਹੈ। ਸਟਾਰਟਅੱਪਾਂ ਨੂੰ ਇਨਕਿਊਬੇਸ਼ਨ, ਮਾਰਗਦਰਸ਼ਨ (ਮੈਂਟਰਸ਼ਿਪ), ਆਧੁਨਿਕ ਤਕਨੀਕੀ ਬੁਨਿਆਦੀ ਢਾਂਚਾ, ਹੁਨਰ ਵਿਕਾਸ, ਉਤਪਾਦ ਦੇ ਵਪਾਰੀਕਰਨ ਵਿੱਚ ਸਹਾਇਤਾ ਅਤੇ ਉਦਯੋਗਿਕ ਨੈੱਟਵਰਕਿੰਗ ਵਰਗੀਆਂ ਸਹੂਲਤਾਂ ਮਿਲਣਗੀਆਂ।
ਐਸ.ਟੀ.ਪੀ.ਆਈ ਵੱਲੋਂ ਸੰਚਾਲਨ ਅਤੇ ਤਕਨੀਕੀ ਸਹੂਲਤਾਂ ਦੀ ਦੇਖ-ਰੇਖ
ਸਮਝੌਤੇ ਤਹਿਤ, ਐਸ.ਟੀ.ਪੀ.ਆਈ. ਕੇਂਦਰ ਦੇ ਸੰਚਾਲਨ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲੇਗਾ। ਇਸ ਤੋਂ ਇਲਾਵਾ, STPI ਸਾਈਬਰ ਸੁਰੱਖਿਆ ਲੈਬ ਦੇ ਰੱਖ-ਰਖਾਅ ਦੀ ਨਿਗਰਾਨੀ ਕਰੇਗਾ ਅਤੇ ਵੱਖ-ਵੱਖ ਪਹੁੰਚ-ਪ੍ਰਸਾਰ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ। ਸਟਾਰਟਅੱਪਾਂ ਅਤੇ ਤਕਨੀਕੀ ਪ੍ਰਤਿਭਾ ਨੂੰ ਇਕੱਠੇ ਲਿਆਉਣ ਲਈ ਹੈਕਾਥੌਨ, ਬੂਟਕੈਂਪ ਅਤੇ ਨਿਵੇਸ਼ਕ-ਸੰਪਰਕ ਸਮਾਗਮ ਆਯੋਜਿਤ ਕੀਤੇ ਜਾਣਗੇ।
ਤਿੰਨ ਪੱਧਰਾਂ ‘ਤੇ ਹੁਨਰ ਸਿਖਲਾਈ
‘ਨਿਊਰੋਨ 2.0’ ਤਹਿਤ ਤਕਨੀਕੀ ਸਿਖਲਾਈ ਨੂੰ ਤਿੰਨ ਪੱਧਰਾਂ ਵਿੱਚ ਵੰਡਿਆ ਜਾਵੇਗਾ: ਬੁਨਿਆਦੀ, ਮੱਧਵਰਤੀ ਅਤੇ ਮਾਹਰ ਪੱਧਰ। ਇਸ ਦਾ ਉਦੇਸ਼ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਸਿਖਲਾਈ ਦੇਣਾ ਹੈ, ਤਾਂ ਜੋ ਉਨ੍ਹਾਂ ਨੂੰ ਉੱਭਰਦੀਆਂ ਤਕਨੀਕਾਂ ਦੀ ਮੁੱਢਲੀ ਸਮਝ ਤੋਂ ਲੈ ਕੇ ਮਾਹਰ ਪੱਧਰ ਦੀ ਮੁਹਾਰਤ ਤੱਕ ਲਿਜਾਇਆ ਜਾ ਸਕੇ।
ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਵੀ ਮੌਕੇ
ਇਸ ਪਹਿਲਕਦਮੀ ਤਹਿਤ, ਸਿਖਲਾਈ ਦਾ ਦਾਇਰਾ ਸਿਰਫ਼ ਸਟਾਰਟਅੱਪ ਸੰਸਥਾਪਕਾਂ ਅਤੇ ਤਕਨੀਕੀ ਪੇਸ਼ੇਵਰਾਂ ਤਕ ਹੀ ਸੀਮਤ ਨਹੀਂ ਰਹੇਗਾ; ਇਸ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਸਿਖਲਾਈ ਸੈਸ਼ਨਾਂ ਅਤੇ ਵੱਖ-ਵੱਖ ਤਕਨੀਕੀ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਉਮੀਦ ਹੈ ਕਿ ਇਸ ਨਾਲ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨ, ਵਿਹਾਰਕ ਹੁਨਰ ਵਿਕਸਤ ਕਰਨ ਅਤੇ ਉੱਦਮਤਾ ਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਭਵਿੱਖ ਦੇ ਮੌਕਿਆਂ ਨੂੰ ਜਾਣਨ ਲਈ ਇੱਕ ਮੰਚ ਮਿਲੇਗਾ।


