Site icon Dainik Savera Punjab

Robbery Case: ਲੁੱਟਮਾਰ ਦਾ ਵਿਰੋਧ ਕਰਨ ‘ਤੇ ਨੌਜਵਾਨ ਨੂੰ ਗੋਲੀ ਮਾਰਨ ਵਾਲੇ ਦੋ ਮੁਲਜ਼ਮ ਪੁਲਿਸ ਨੇ ਕੀਤੇ ਗ੍ਰਿਫ਼ਤਾਰ

Ludhiana Robbery Case: ਲੁਧਿਆਣਾ ਦੇ ਰਾਮਗੜ੍ਹ ਇਲਾਕੇ ਵਿੱਚ ਲੁੱਟ-ਖੋਹ ਦੀ ਕੋਸ਼ਿਸ਼ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਕਮਿਸ਼ਨਰੇਟ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੀ ਪਛਾਣ ਸੂਰਜ ਸਿੰਘ ਉਰਫ਼ ਬਾਬੂ ਅਤੇ ਵਿਸ਼ਾਲ ਕੁਮਾਰ ਉਰਫ਼ ਅੰਡਾ ਵਜੋਂ ਕੀਤੀ ਹੈ। ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ, ਕਾਰਤੂਸ, ਲੋਹੇ ਦੀ ਰਾਡ ਅਤੇ ਬਿਨਾਂ ਨੰਬਰ ਵਾਲਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, 17 ਨਵੰਬਰ ਨੂੰ ਪ੍ਰਮੋਦ ਸਿੰਘ ਆਪਣੀ ਐਕਟਿਵਾ ’ਤੇ ਦਫ਼ਤਰ ਜਾ ਰਿਹਾ ਸੀ। ਉਹ ਇੱਕ ਨਿੱਜੀ ਕੰਪਨੀ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੈ। ਰਸਤੇ ਵਿੱਚ ਪੰਜ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਪੈਸੇ ਤੇ ਮੋਬਾਈਲ ਫੋਨ ਦੀ ਮੰਗ ਕੀਤੀ। ਜਦੋਂ ਪ੍ਰਮੋਦ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਇੱਕ ਮੁਲਜ਼ਮ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜੋ ਉਸ ਦੀ ਖੱਬੀ ਪੱਟ ਵਿੱਚ ਲੱਗੀ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਮਾਮਲੇ ਦੀ ਜਾਂਚ ਲਈ ਪੁਲਿਸ ਟੀਮਾਂ ਨੇ ਵਿਗਿਆਨਕ ਤਰੀਕਿਆਂ ਅਤੇ ਖੁਫ਼ੀਆ ਜਾਣਕਾਰੀ ਦੀ ਮਦਦ ਲਈ। ਜਾਂਚ ਦੌਰਾਨ ਕਾਰਵਾਈ ਕਰਦਿਆਂ ਸੂਰਜ ਸਿੰਘ ਉਰਫ਼ ਬਾਬੂ ਅਤੇ ਵਿਸ਼ਾਲ ਕੁਮਾਰ ਉਰਫ਼ ਅੰਡਾ ਨੂੰ ਕਾਬੂ ਕਰ ਲਿਆ ਗਿਆ।

ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 315 ਬੋਰ ਦੀ ਇੱਕ ਦੇਸੀ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਇਸ ਤੋਂ ਇਲਾਵਾ ਇੱਕ ਲੋਹੇ ਦੀ ਰਾਡ ਅਤੇ ਬਿਨਾਂ ਰਜਿਸਟ੍ਰੇਸ਼ਨ ਨੰਬਰ ਵਾਲਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ। ਬਰਾਮਦ ਕੀਤੇ ਹਥਿਆਰਾਂ ਅਤੇ ਹੋਰ ਸਾਮਾਨ ਦੀ ਮਾਮਲੇ ਨਾਲ ਸਬੰਧਤ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦੀ ਉਮਰ ਕਰੀਬ 18 ਸਾਲ ਹੈ। ਸੂਰਜ ਸਿੰਘ ਉਰਫ਼ ਬਾਬੂ ਪੁੱਤਰ ਪੱਪੂ ਸਿੰਘ, ਮਹਾਵੀਰ ਕਾਲੋਨੀ, ਗਲੀ ਨੰਬਰ 2, ਮਾਤਾ ਗੁਜਰੀ ਸਕੂਲ ਨੇੜੇ, ਗੋਬਿੰਦਗੜ੍ਹ, ਲੁਧਿਆਣਾ ਦਾ ਰਹਿਣ ਵਾਲਾ ਹੈ। ਦੂਜਾ ਮੁਲਜ਼ਮ ਵਿਸ਼ਾਲ ਕੁਮਾਰ ਉਰਫ਼ ਅੰਡਾ, ਪੁੱਤਰ ਹਰਿੰਦਰ ਸਾਹ, ਮੂਲ ਰੂਪ ਵਿੱਚ ਪਿੰਡ ਬਹਰੋਲੀ, ਜ਼ਿਲ੍ਹਾ ਸਾਰਣ, ਬਿਹਾਰ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਵਿੱਚ ਗੋਬਿੰਦਗੜ੍ਹ ਦੀ ਆਦਰਸ਼ ਕਾਲੋਨੀ ਵਿੱਚ ਰਹਿੰਦਾ ਹੈ।

ਇਸ ਮਾਮਲੇ ਵਿੱਚ ਸੰਦੀਪ ਅਤੇ ਦਲੀਪ ਸਮੇਤ ਹੋਰ ਮੁਲਜ਼ਮ ਅਜੇ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਅਤੇ ਜਾਂਚ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

Exit mobile version