Ludhiana Gold Theft: ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਠੱਗੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਦਰਮਿਆਨ ਤਾਜਪੁਰ ਰੋਡ ਤੋਂ ਧੋਖਾਧੜੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਾਧੂਆਂ ਦਾ ਭੇਸ ਧਾਰ ਕੇ ਆਏ ਦੋ ਵਿਅਕਤੀਆਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਕਥਿਤ ਤੌਰ ‘ਤੇ ਤਾਂਤਰਿਕ ਵਿਦਿਆ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਜਾਣਕਾਰੀ ਮੁਤਾਬਕ, ਦੋਵੇਂ ਮੁਲਜ਼ਮ ਸਾਧੂਆਂ ਵਾਲਾ ਪਹਿਰਾਵਾ ਪਾ ਕੇ ਸੁਨਿਆਰੇ ਦੀ ਦੁਕਾਨ ਵਿੱਚ ਪਹੁੰਚੇ ਸਨ। ਉਨ੍ਹਾਂ ਨੇ ਕਥਿਤ ਤੌਰ ‘ਤੇ ਤਾਂਤਰਿਕ ਸ਼ਕਤੀਆਂ ਦਾ ਹਵਾਲਾ ਦੇ ਕੇ ਦੁਕਾਨਦਾਰ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ। ਇਸ ਦੌਰਾਨ ਦੁਕਾਨਦਾਰ ਇੰਨਾ ਪ੍ਰਭਾਵਿਤ ਹੋ ਗਿਆ ਕਿ ਉਹ ਉਨ੍ਹਾਂ ਦੇ ਕਹਿਣ ਮੁਤਾਬਕ ਗਹਿਣੇ ਦਿੰਦਾ ਰਿਹਾ। ਮੌਕਾ ਮਿਲਦਿਆਂ ਹੀ ਦੋਵੇਂ ਵਿਅਕਤੀ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦੇ ਗਹਿਣੇ ਲੈ ਕੇ ਉੱਥੋਂ ਚਲੇ ਗਏ।
ਦੁਕਾਨ ਦੇ ਮਾਲਕ ਮਨੀਸ਼ ਨੇ ਦੱਸਿਆ ਕਿ ਲਗਭਗ 30 ਦਿਨ ਪਹਿਲਾਂ ਇਹ ਦੋਵੇਂ ਵਿਅਕਤੀ ਪਹਿਲੀ ਵਾਰ ਉਸ ਦੀ ਦੁਕਾਨ ‘ਤੇ ਆਏ ਸਨ। ਸ਼ੁਰੂਆਤ ਵਿੱਚ ਉਹ ਖਾਣਾ ਮੰਗਣ ਦੇ ਬਹਾਨੇ ਆਉਂਦੇ ਸਨ ਅਤੇ ਹੌਲੀ-ਹੌਲੀ ਦੁਕਾਨਦਾਰ ਨਾਲ ਜਾਣ-ਪਛਾਣ ਵਧਾਉਣ ਲੱਗੇ। ਬਾਅਦ ਵਿੱਚ ਉਨ੍ਹਾਂ ਨੇ ਆਪਣੀਆਂ ਗੱਲਾਂ ਅਤੇ ਕਥਿਤ ਤਾਂਤਰਿਕ ਵਿਦਿਆ ਦੇ ਜ਼ਰੀਏ ਉਸ ਨੂੰ ਅਜਿਹੇ ਜਾਲ ਵਿੱਚ ਫਸਾਇਆ ਕਿ ਉਹ ਉਨ੍ਹਾਂ ਦੀ ਹਰ ਗੱਲ ਮੰਨਦਾ ਚਲਾ ਗਿਆ। ਮਨੀਸ਼ ਮੁਤਾਬਕ, ਉਸ ਸਮੇਂ ਉਸ ਨੂੰ ਸਹੀ ਢੰਗ ਨਾਲ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ।
ਇਸ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆਇਆ, ਜਦੋਂ ਦੁਕਾਨਦਾਰ ਮਨੀਸ਼ ਨੇ ਦੋਵਾਂ ਸ਼ੱਕੀਆਂ ਨੂੰ ਸਰਾਫ਼ਾ ਬਾਜ਼ਾਰ ਵਿੱਚ ਦੇਖ ਲਿਆ। ਉਸ ਨੇ ਤੁਰੰਤ ਉਨ੍ਹਾਂ ਦੀ ਪਛਾਣ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤਰ੍ਹਾਂ ਪੁਲਿਸ ਦੀ ਜਾਂਚ ਜਾਰੀ ਰਹਿਣ ਦੌਰਾਨ ਹੀ ਦੁਕਾਨਦਾਰ ਦੀ ਚੌਕਸੀ ਕਾਰਨ ਕਥਿਤ ਮੁਲਜ਼ਮ ਫੜੇ ਗਏ। ਹੁਣ ਪੁਲਿਸ ਵੱਲੋਂ ਦੋਵਾਂ ਤੋਂ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦੁਕਾਨਦਾਰ ਮਨੀਸ਼ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੜੇ ਗਏ ਦੋਵਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਦਾ ਕਹਿਣਾ ਹੈ ਕਿ ਅਜਿਹੇ ਲੋਕ ਧਾਰਮਿਕ ਭੇਸ ਅਤੇ ਅੰਧਵਿਸ਼ਵਾਸ ਦਾ ਸਹਾਰਾ ਲੈ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਸ ਲਈ ਇਨ੍ਹਾਂ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਜ਼ਰੂਰੀ ਹਨ, ਤਾਂ ਜੋ ਭਵਿੱਖ ਵਿੱਚ ਹੋਰ ਦੁਕਾਨਦਾਰ ਅਤੇ ਆਮ ਲੋਕ ਅਜਿਹੀ ਠੱਗੀ ਦਾ ਸ਼ਿਕਾਰ ਨਾ ਹੋਣ।

