ਕੋਨਸੀਮਾ (ਆਂਧਰਾ ਪ੍ਰਦੇਸ਼), – ਕੋਨਸੀਮਾ ਜ਼ਿਲ੍ਹੇ ਦੇ ਰਾਮਚੰਦਰਪੁਰਮ ਇਲਾਕੇ ਵਿੱਚ ਸੋਮਵਾਰ ਸਵੇਰੇ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਗੰਭੀਰ ਤੌਰ ‘ਤੇ ਜ਼ਖਮੀ ਹੋਏ ਹਨ। ਦੋ ਗੰਭੀਰ ਰੂਪ ਵਿੱਚ ਜ਼ਖਮੀ ਲੋਕਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਹੋਰਾਂ ਦਾ ਇਲਾਜ ਨਿੱਜੀ ਹਸਪਤਾਲਾਂ ਵਿੱਚ ਜਾਰੀ ਹੈ। ਪੁਲਿਸ ਮੁਤਾਬਕ, ਵਕਤੇ ਹਾਦਸਾ ਫੈਕਟਰੀ ਵਿੱਚ ਲਗਭਗ 40 ਮਜ਼ਦੂਰ ਮੌਜੂਦ ਸਨ। ਧਮਾਕੇ ਕਾਰਨ ਫੈਕਟਰੀ ਦੀ ਇੱਕ ਕੰਧ ਢਹਿ ਪਈ ਅਤੇ ਕਈ ਮਜ਼ਦੂਰ ਮਲਬੇ ਹੇਠ ਆ ਗਏ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਬਿਜਲੀ ਦੇ ਕੱਟਾਂ ਤੋਂ ਮਿਲੇਗੀ ਰਾਹਤ
ਅੱਗ ਉੱਤੇ ਕਾਬੂ, ਕਾਰਨ ਅਜੇ ਵੀ ਅਣਜਾਣ
ਧਮਾਕੇ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਗਿਆ। ਅਜੇ ਤੱਕ ਅੱਗ ਲੱਗਣ ਦੇ ਕਾਰਨ ਦੀ ਪੁਸ਼ਟੀ ਨਹੀਂ ਹੋਈ, ਪਰ ਮਾਮਲੇ ਦੀ ਜਾਂਚ ਜਾਰੀ ਹੈ।
ਸੂਬਾ ਸਰਕਾਰ ਦੀ ਤੁਰੰਤ ਕਾਰਵਾਈ
ਜ਼ਿਲ੍ਹਾ ਮੈਜਿਸਟ੍ਰੇਟ ਅਖਿਲਾ ਅਤੇ ਕੁਲੈਕਟਰ ਕੇ. ਮਹੇਸ਼ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਸਿਰਫ਼ ਇੱਕ ਹਫ਼ਤਾ ਪਹਿਲਾਂ ਸਥਾਨਕ ਅਧਿਕਾਰੀਆਂ ਵੱਲੋਂ ਫੈਕਟਰੀ ਦਾ ਨਿਰੀਖਣ ਕਰਕੇ ਸੁਰੱਖਿਆ ਉਪਾਅ ਠੀਕ ਦੱਸੇ ਗਏ ਸਨ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਅੱਗ ਬੁਝਾਉਣ ਵਾਲੀਆਂ ਸਹੂਲਤਾਂ ਅਤੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।
ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵੱਲੋਂ ਦੁੱਖ ਪ੍ਰਗਟ
ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਜ਼ਖਮੀਆਂ ਨੂੰ ਸਮੁੱਚੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਹਾਦਸੇ ਦੀ ਜਾਂਚ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕੀਤਾ।
ਰਾਜ ਦੀ ਗ੍ਰਹਿ ਮੰਤਰੀ ਅਨੀਤਾ ਨੇ ਵੀ ਘਟਨਾ ‘ਤੇ ਅਫ਼ਸੋਸ ਜਤਾਇਆ ਅਤੇ ਜ਼ਖਮੀਆਂ ਲਈ ਸਭ ਤੋਂ ਵਧੀਆ ਇਲਾਜ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ, “ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ।”






