
Young Athletes Shine Across Multiple Sports : ਸ੍ਰੀ ਮੁਕਤਸਰ ਸਾਹਿਬ। ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਖੇਡ ਭਾਵਨਾ ਅਤੇ ਉਤਸ਼ਾਹ ਨਾਲ ਸੰਪੰਨ ਹੋਏ। ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ ਵਿੱਚ ਅੰਡਰ-14 ਅਤੇ ਅੰਡਰ-17 ਵਰਗ ਦੇ ਖਿਡਾਰੀਆਂ ਨੇ ਕਿੱਕਬਾਕਸਿੰਗ, ਫੁੱਟਬਾਲ, ਵਾਲੀਬਾਲ ਅਤੇ ਬੈਡਮਿੰਟਨ ਸਮੇਤ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਗਏ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਕਈ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਿਖਾਈ। ਜ਼ਿਲ੍ਹਾ ਖੇਡ ਅਧਿਕਾਰੀ ਅਨਿੰਦਰਵੀਰ ਕੌਰ ਬਰਾੜ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਪੋਰਟਸ ਸਟੇਡੀਅਮ ਵਿੱਚ ਮੁਕਾਬਲਿਆਂ ਦੇ ਤੀਜੇ ਦਿਨ ਅੰਡਰ-14 ਅਤੇ ਅੰਡਰ-17 ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਖਿਡਾਰੀਆਂ ਵਿਚਾਲੇ ਵੱਖ-ਵੱਖ ਖੇਡਾਂ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ।
ਅੰਡਰ-14 ਲੜਕਿਆਂ ਦੀ ਕਿੱਕਬਾਕਸਿੰਗ ਪ੍ਰਤੀਯੋਗਤਾ ਵਿੱਚ 28 ਕਿਲੋਗ੍ਰਾਮ ਵਰਗ ਵਿੱਚ ਅਮਨਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰਨੂਰ ਸਿੰਘ ਦੂਜੇ ਅਤੇ ਨਵੀਨ ਕੁਮਾਰ ਤੀਜੇ ਸਥਾਨ ’ਤੇ ਰਹੇ। 32 ਕਿਲੋਗ੍ਰਾਮ ਵਰਗ ਵਿੱਚ ਅਮ੍ਰਿਤਪਾਲ ਸਿੰਘ ਜੇਤੂ ਬਣੇ, ਜਦਕਿ ਏਕਮਜੋਤ ਸਿੰਘ ਨੇ ਦੂਜਾ ਅਤੇ ਨਵਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 37 ਕਿਲੋਗ੍ਰਾਮ ਵਰਗ ਵਿੱਚ ਗੁਰਪ੍ਰੀਤ ਸਿੰਘ ਪਹਿਲੇ, ਆਰਵ ਦੂਜੇ ਅਤੇ ਹਰਸਾਹਿਬ ਸਿੰਘ ਤੀਜੇ ਸਥਾਨ ’ਤੇ ਰਹੇ। 42 ਕਿਲੋਗ੍ਰਾਮ ਵਰਗ ਵਿੱਚ ਹਿਮਾਂਸ਼ੂ ਨੇ ਬਾਜ਼ੀ ਮਾਰੀ। ਬੌਬੀ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅਨੰਤਵੀਰ ਅਤੇ ਮਨਵੀਰ ਸਿੰਘ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ।
ਅੰਡਰ-17 ਲੜਕਿਆਂ ਦੀ ਫੁੱਟਬਾਲ ਪ੍ਰਤੀਯੋਗਤਾ ਵਿੱਚ ਭੁਲੇਰੀਆਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਭਲਾਈਆਣਾ ਦੀ ਟੀਮ ਉਪ-ਜੇਤੂ ਰਹੀ, ਜਦਕਿ ਐੱਫਏ ਮੁਕਤਸਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਦੀ ਵਾਲੀਬਾਲ ਸਮੈਸ਼ਿੰਗ ਪ੍ਰਤੀਯੋਗਤਾ ਵਿੱਚ GSSS ਸਿੱਖਵਾਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਮਲੋਟ ਪਿੰਡ ਦੀ ਟੀਮ ਦੂਜੇ ਅਤੇ ਸਿੱਖਵਾਲਾ ਪਿੰਡ ਦੀ ਟੀਮ ਤੀਜੇ ਸਥਾਨ ’ਤੇ ਰਹੀ।
ਅੰਡਰ-14 ਲੜਕਿਆਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਸਮਰਪ੍ਰਤਾਪ ਸਿੰਘ ਵੜਿੰਗ ਜੇਤੂ ਬਣੇ। ਅਰਿਹੰਤ ਗੋਇਲ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜੈਵਿਨ ਸਿੰਘ ਅਤੇ ਰੇਹਾਨ ਗਰਗ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਅੰਡਰ-14 ਲੜਕੀਆਂ ਦੇ ਵਰਗ ਵਿੱਚ ਅਨੁਰਿਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਵੰਸ਼ਜੋਤ ਕੌਰ ਦੂਜੇ ਸਥਾਨ ’ਤੇ ਰਹੀ, ਜਦਕਿ ਸਾਰਾ ਅਤੇ ਸੁਗੰਧਾ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕਿਆਂ ਵਿੱਚ ਵੈਭਵ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ। ਮਨਜੋਤ ਸਿੰਘ ਦੂਜੇ ਅਤੇ ਅਮੋਲਿਕ ਡਾਬਰਾ ਤੇ ਸਮਰੱਥ ਗਰਗ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਅੰਡਰ-17 ਵਰਗ ਵਿੱਚ ਤਨਵੀਰ ਕੌਰ ਬਰਾੜ ਨੇ ਪਹਿਲਾ ਸਥਾਨ ਹਾਸਲ ਕੀਤਾ। ਯਸ਼ਸਵੀ ਦੂਜੇ ਸਥਾਨ ’ਤੇ ਰਹੀ, ਜਦਕਿ ਸੁਖਵੀਰ ਕੌਰ ਅਤੇ ਸਹਿਜਦੀਪ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਪੱਧਰੀ ਪ੍ਰਤੀਯੋਗਤਾਵਾਂ ਦੌਰਾਨ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਮੁਕਾਬਲਾ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਵਿੱਚ ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ਿੰਗ, ਖੋ-ਖੋ, ਕਬੱਡੀ ਦੇ ਸਰਕਲ ਅਤੇ ਨੈਸ਼ਨਲ ਸਟਾਈਲ, ਐਥਲੈਟਿਕਸ, ਫੁੱਟਬਾਲ, ਹੈਂਡਬਾਲ, ਬੈਡਮਿੰਟਨ, ਬਾਸਕਟਬਾਲ, ਕਿੱਕਬਾਕਸਿੰਗ, ਬਾਕਸਿੰਗ, ਕੁਸ਼ਤੀ, ਪਾਵਰਲਿਫਟਿੰਗ, ਵੇਟਲਿਫਟਿੰਗ, ਗਤਕਾ, ਰੋਲਰ ਸਕੇਟਿੰਗ ਅਤੇ ਸ਼ੂਟਿੰਗ ਸ਼ਾਮਲ ਰਹੇ।
ਪ੍ਰਬੰਧਕਾਂ ਅਨੁਸਾਰ, ਮੁਕਾਬਲਿਆਂ ਦਾ ਉਦੇਸ਼ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਬਿਹਤਰ ਮੰਚ ਮੁਹੱਈਆ ਕਰਵਾਉਣਾ ਅਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨਾ ਹੈ। ਮੁਕਾਬਲਿਆਂ ਦੌਰਾਨ ਖੇਡ ਵਿਭਾਗ ਦੇ ਕੋਚ ਅਤੇ ਦਫ਼ਤਰੀ ਕਰਮਚਾਰੀ, ਸਿੱਖਿਆ ਵਿਭਾਗ ਦੇ DPE ਅਤੇ PTI, ਸਿਹਤ ਵਿਭਾਗ ਦੀ ਟੀਮ, ਸੁਰੱਖਿਆ ਕਰਮਚਾਰੀ ਅਤੇ ਹੋਰ ਸਬੰਧਤ ਅਧਿਕਾਰੀ ਤੇ ਪਤਵੰਤੇ ਮੌਜੂਦ ਰਹੇ।
मेष: दिन शुभ रहेगा...