ਜਲੰਧਰ: ਜਲੰਧਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ‘ਤੇ ਨਜ਼ਰ ਰੱਖਣ ਅਤੇ ਤੁਰੰਤ ਕਾਰਵਾਈ ਕਰਨ ਲਈ ਅੱਜ ਤੋਂ E-Challan ਸਿਸਟਮ ਲਾਗੂ ਕਰ ਦਿੱਤਾ ਗਿਆ ਹੈ। ਇਹ ਤਕਨਾਲੋਜੀ-ਅਧਾਰਤ ਪ੍ਰਣਾਲੀ CCTV ਕੈਮਰਿਆਂ ਰਾਹੀਂ ਨਿਯਮ ਤੋੜਨ ਵਾਲਿਆਂ ਦੀ ਪਛਾਣ ਕਰੇਗੀ ਅਤੇ ਉਨ੍ਹਾਂ ਨੂੰ ਚਲਾਨ ਸਿੱਧਾ ਘਰ ਭੇਜਿਆ ਜਾਵੇਗਾ।

ਇਸ ਨਵੇਂ ਸਿਸਟਮ ਦਾ ਉਦਘਾਟਨ ਪੰਜਾਬ ਦੇ DGP ਗੌਰਵ ਯਾਦਵ ਵੱਲੋਂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜੈਬਰਾ ਲਾਈਨ ਤੋਂ ਅੱਗੇ ਵਾਹਨ ਖੜਾ ਕਰਨਾ, ਹੈਲਮੈਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣਾ, ਰੌਂਗ ਸਾਈਡ ਡ੍ਰਾਈਵਿੰਗ ਅਤੇ ਰੈੱਡ ਲਾਈਟ ਜੰਪ ਕਰਨਾ ਵਰਗੀਆਂ ਉਲੰਘਣਾਂ ‘ਤੇ ਤੁਰੰਤ ਚਲਾਨ ਜਾਰੀ ਕੀਤਾ ਜਾਵੇਗਾ।

ਸ਼ਹਿਰ ਦੇ ਵੱਖ-ਵੱਖ ਚੌਕਾਂ, ਬਾਜ਼ਾਰਾਂ ਅਤੇ ਆਵਾਜਾਈ ਵਾਲੀਆਂ ਸੜਕਾਂ ‘ਤੇ 1000 ਤੋਂ ਵੱਧ CCTV ਕੈਮਰੇ ਲਗਾਏ ਗਏ ਹਨ। ਇਹ ਨਿਯਮ PAP ਚੌਕ, BSF ਚੌਕ, BMC ਚੌਕ, ਗੁਰੂ ਨਾਨਕ ਮਿਸ਼ਨ ਚੌਕ ਅਤੇ ਨਕੋਦਰ ਚੌਕ ਸਮੇਤ ਹੋਰ ਸਥਾਨਾਂ ‘ਤੇ ਲਾਗੂ ਹੋਣਗੇ।

ਪੁਲਿਸ ਵੱਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸੜਕ ਸੁਰੱਖਿਆ ‘ਚ ਆਪਣਾ ਯੋਗਦਾਨ ਪਾਉਣ। ਇਹ ਕਦਮ ਜਲੰਧਰ ਨੂੰ ਇੱਕ ਹੋਰ ਪੜਾਅ ‘ਤੇ ਲੈ ਜਾਂਦਾ ਹੈ, ਜਿੱਥੇ ਆਧੁਨਿਕਤਾ ਅਤੇ ਜ਼ਿੰਮੇਵਾਰੀ ਇਕੱਠੇ ਨਜ਼ਰ ਆਉਂਦੇ ਹਨ।