Site icon Dainik Savera Punjab

Jalandhar Crime: ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਵਿੱਚ ਜਲੰਧਰ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ

Drug Money and Pistol Recovered: ਜਲੰਧਰ। ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 2 ਕਿਲੋ ਹੈਰੋਇਨ, 7.80 ਲੱਖ ਰੁਪਏ ਦੀ ਡਰੱਗ ਮਨੀ, 32 ਬੋਰ ਦੀ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਮੁਲਜ਼ਮਾਂ ਖ਼ਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।

ADCP ਇਨਵੈਸਟੀਗੇਸ਼ਨ ਦੇਵ ਸਿੰਘ ਨੇ ਦੱਸਿਆ ਕਿ SI ਮਨਜਿੰਦਰ ਸਿੰਘ, ਇੰਚਾਰਜ ਸਪੈਸ਼ਲ ਸੈੱਲ ਕਮਿਸ਼ਨਰੇਟ ਦੀ ਅਗਵਾਈ ਹੇਠ ਟੀਮ ਨੇ ਇਹ ਕਾਰਵਾਈ ਕੀਤੀ। ਪੁਲਿਸ ਮੁਤਾਬਕ ਸਪੈਸ਼ਲ ਸੈੱਲ ਦੀ ਟੀਮ ਤਿਲਕ ਨਗਰ ਸਥਿਤ ਟੀ-ਪੁਆਇੰਟ ਨਾਖਾਂ ਵਾਲਾ ਬਾਗ ਨੇੜੇ ਨਾਕਾਬੰਦੀ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੇ ਹੁੰਡਈ ਆਈ-20 ਕਾਰ ਨੰਬਰ PB-91-6313 ਨੂੰ ਰੋਕ ਕੇ ਤਲਾਸ਼ੀ ਲਈ। ਕਾਰ ਵਿੱਚੋਂ ਕਾਲੇ ਲਿਫ਼ਾਫ਼ੇ ਵਿੱਚ ਲੁਕਾ ਕੇ ਰੱਖੀ 1 ਕਿਲੋ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਇਸ ਸਬੰਧੀ NDPS ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਨੰਬਰ 267, ਮਿਤੀ 26 ਸਤੰਬਰ 2026 ਨੂੰ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਦੀ ਪਛਾਣ ਦੀਪਕ ਵਜੋਂ ਕੀਤੀ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਦੀਪਕ ਉਰਫ਼ ਦੀਪੂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸਾਹਿਲ ਪੁੱਤਰ ਰਵੀ ਕੁਮਾਰ, ਵਾਸੀ ਅੰਮ੍ਰਿਤਸਰ, ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ 30 ਸਤੰਬਰ ਨੂੰ ਜਲੰਧਰ ਦੇ ਕਰੋਲ ਬਾਗ ਤੋਂ ਸਾਹਿਲ ਨੂੰ ਹੁੰਡਈ ਵਰਨਾ ਕਾਰ ਨੰਬਰ PB08-FM-7999 ਸਮੇਤ ਗ੍ਰਿਫ਼ਤਾਰ ਕੀਤਾ। ਉਸ ਦੇ ਕਬਜ਼ੇ ਵਿੱਚੋਂ 1 ਕਿਲੋ ਹੈਰੋਇਨ, 32 ਬੋਰ ਦੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।

Exit mobile version