Stock Market: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਬੁੱਧਵਾਰ ਨੂੰ ਖਰੀਦਦਾਰੀ ਦਾ ਜ਼ੋਰ ਦੇਖਣ ਨੂੰ ਮਿਲਿਆ ਅਤੇ ਦੋਵੇਂ ਪ੍ਰਮੁੱਖ ਸੂਚਕ ਅੰਕ ਵਾਧੇ ਨਾਲ ਕਾਰੋਬਾਰ ਮੁਕਾ ਕੇ ਬੰਦ ਹੋਏ। ਦਿਨ ਦੇ ਅੰਤ ‘ਤੇ ਸੈਂਸੈਕਸ 772.75 ਅੰਕ ਜਾਂ 0.95 ਫੀਸਦੀ ਦੀ ਛਾਲ ਨਾਲ 81,879.40 ‘ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ ਨੇ ਵੀ 210.40 ਅੰਕ ਜਾਂ 0.84 ਫੀਸਦੀ ਦਾ ਵਾਧਾ ਦਰਜ ਕਰਦਿਆਂ 25,255.05 ਦੇ ਪੱਧਰ ‘ਤੇ ਕਾਰੋਬਾਰ ਸਮਾਪਤ ਕੀਤਾ।
ਬਾਜ਼ਾਰ ਵਿੱਚ ਵੱਖ-ਵੱਖ ਖੇਤਰਾਂ ਦੇ ਸ਼ੇਅਰਾਂ ਵਿੱਚ ਖਰੀਦਦਾਰੀ ਰਹੀ, ਜਿਸ ਵਿੱਚ ਬੈਂਕਿੰਗ ਸਟਾਕ ਸਭ ਤੋਂ ਅੱਗੇ ਰਹੇ। ਨਿਫਟੀ ਬੈਂਕ 1.76 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਇਆ, ਜਦਕਿ ਨਿਫਟੀ ਪੀਐੱਸਯੂ ਬੈਂਕ ਵਿੱਚ 2.94 ਫੀਸਦੀ ਅਤੇ ਨਿਫਟੀ ਪ੍ਰਾਈਵੇਟ ਬੈਂਕ ਵਿੱਚ 1.14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਨਿਫਟੀ ਆਟੋ 2.14 ਫੀਸਦੀ, ਨਿਫਟੀ ਕੰਜੰਪਸ਼ਨ 1.23 ਫੀਸਦੀ, ਨਿਫਟੀ ਐੱਫਐੱਮਸੀਜੀ 1.13 ਫੀਸਦੀ, ਨਿਫਟੀ ਇੰਡੀਆ ਮੈਨੂਫੈਕਚਰਿੰਗ 1.06 ਫੀਸਦੀ, ਨਿਫਟੀ ਐਨਰਜੀ 1.03 ਫੀਸਦੀ ਅਤੇ ਨਿਫਟੀ ਮੈਟਲ 0.96 ਫੀਸਦੀ ਚੜ੍ਹ ਕੇ ਬੰਦ ਹੋਏ।
ਦੂਜੇ ਪਾਸੇ ਕੁਝ ਖੇਤਰਾਂ ਵਿੱਚ ਵਿਕਰੀ ਦਾ ਦਬਾਅ ਵੀ ਦੇਖਣ ਨੂੰ ਮਿਲਿਆ। ਨਿਫਟੀ ਆਈਟੀ ਵਿੱਚ 0.53 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸੇ ਤਰ੍ਹਾਂ ਨਿਫਟੀ ਰੀਅਲਟੀ 0.42 ਫੀਸਦੀ, ਨਿਫਟੀ ਫਾਰਮਾ 0.41 ਫੀਸਦੀ ਅਤੇ ਨਿਫਟੀ ਹੈਲਥਕੇਅਰ 0.32 ਫੀਸਦੀ ਦੀ ਕਮਜ਼ੋਰੀ ਨਾਲ ਬੰਦ ਹੋਏ। ਵੱਡੀਆਂ ਕੰਪਨੀਆਂ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿੱਚ ਵੀ ਚੰਗੀ ਖਰੀਦਦਾਰੀ ਰਹੀ। ਨਿਫਟੀ ਮਿਡਕੈਪ 100 ਇੰਡੈਕਸ 496.55 ਅੰਕ ਜਾਂ 0.81 ਫੀਸਦੀ ਵਧ ਕੇ 61,519.10 ਅਤੇ ਨਿਫਟੀ ਸਮਾਲਕੈਪ 100 ਇੰਡੈਕਸ 304.30 ਅੰਕ ਜਾਂ 1.59 ਫੀਸਦੀ ਚੜ੍ਹ ਕੇ 19,489.35 ‘ਤੇ ਪਹੁੰਚ ਗਿਆ।
ਸੈਂਸੈਕਸ ਦੀਆਂ ਕੰਪਨੀਆਂ ਵਿੱਚ ਐੱਮਐਂਡਐੱਮ, ਇੰਡੀਗੋ, ਟ੍ਰੈਂਟ, ਟਾਟਾ ਸਟੀਲ, ਬੀਐੱਸਈ, ਪਾਵਰ ਗ੍ਰਿਡ, ਆਈਟੀਸੀ, ਮਾਰੂਤੀ ਸੁਜ਼ੂਕੀ, ਐਕਸਿਸ ਬੈਂਕ, ਐੱਸਬੀਆਈ, ਭਾਰਤੀ ਏਅਰਟੈੱਲ, ਕੋਟਕ ਮਹਿੰਦਰਾ ਬੈਂਕ, ਏਸ਼ੀਅਨ ਪੇਂਟਸ, ਐੱਚਡੀਐੱਫਸੀ ਬੈਂਕ ਅਤੇ ਅਲਟਰਾਟੈਕ ਸੀਮੈਂਟ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ। ਇਸ ਦੇ ਉਲਟ ਟੈਕ ਮਹਿੰਦਰਾ, ਐੱਚਸੀਐੱਲ ਟੈਕ, ਆਈਸੀਆਈਸੀਆਈ ਬੈਂਕ, ਟਾਈਟਨ, ਐੱਨਟੀਪੀਸੀ, ਇਟਰਨਲ, ਸਨ ਫਾਰਮਾ, ਇੰਫੋਸਿਸ ਅਤੇ ਟੀਸੀਐੱਸ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ।
ਬਾਜ਼ਾਰ ਮਾਹਿਰਾਂ ਮੁਤਾਬਕ ਵਿਸ਼ਵ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਅਤੇ ਅਮਰੀਕੀ ਟੈਕਨਾਲੋਜੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਆਈ ਤੇਜ਼ੀ ਨੇ ਭਾਰਤੀ ਬਾਜ਼ਾਰ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਹਾਲਾਂਕਿ, ਵਿਸ਼ਵ ਪੱਧਰ ‘ਤੇ ਵਿਆਜ ਦਰਾਂ ਲੰਬੇ ਸਮੇਂ ਤੱਕ ਉੱਚੀਆਂ ਰਹਿਣ ਦੀ ਸੰਭਾਵਨਾ ਕਾਰਨ ਆਈਟੀ ਸ਼ੇਅਰਾਂ ‘ਤੇ ਦਬਾਅ ਬਣਿਆ ਰਿਹਾ। ਇਸ ਕਾਰਨ ਵੱਡੀਆਂ ਕੰਪਨੀਆਂ ਦੇ ਕਈ ਸ਼ੇਅਰਾਂ ਨੇ ਆਪਣੀ ਸ਼ੁਰੂਆਤੀ ਤੇਜ਼ੀ ਦਾ ਕੁਝ ਹਿੱਸਾ ਗੁਆ ਦਿੱਤਾ। ਇਸ ਦੇ ਬਾਵਜੂਦ ਸਮਾਲਕੈਪ ਸ਼ੇਅਰਾਂ ਦੀ ਮਜ਼ਬੂਤੀ ਨੇ ਸਮੁੱਚੇ ਬਾਜ਼ਾਰ ਨੂੰ ਸਹਾਰਾ ਦਿੱਤਾ।
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਨਿਵੇਸ਼ਕਾਂ ਵੱਲੋਂ ਫਾਰਮਾ ਵਰਗੇ ਸੁਰੱਖਿਅਤ ਮੰਨੇ ਜਾਣ ਵਾਲੇ ਸ਼ੇਅਰਾਂ ਤੋਂ ਪੈਸਾ ਕੱਢ ਕੇ ਆਟੋ ਅਤੇ ਬੈਂਕਿੰਗ ਸੈਕਟਰ ਵਿੱਚ ਲਗਾਉਣਾ ਬਾਜ਼ਾਰ ਵਿੱਚ ਵਧ ਰਹੇ ਭਰੋਸੇ ਅਤੇ ਜੋਖਮ ਲੈਣ ਦੀ ਇੱਛਾ ਦਾ ਸੰਕੇਤ ਹੈ। ਹਾਲਾਂਕਿ, ਇਹ ਤੇਜ਼ੀ ਅੱਗੇ ਵੀ ਜਾਰੀ ਰਹੇਗੀ ਜਾਂ ਨਹੀਂ, ਇਸ ਬਾਰੇ ਤਸਵੀਰ ਭਾਰਤ ਦੇ ਅਕਤੂਬਰ ਮਹੀਨੇ ਦੇ ਮਹਿੰਗਾਈ ਅੰਕੜਿਆਂ ਅਤੇ ਅਮਰੀਕਾ ਦੇ ਪ੍ਰੋਡਿਊਸਰ ਪ੍ਰਾਈਸ ਇੰਡੈਕਸ (PPI) ਦੇ ਨਤੀਜਿਆਂ ਤੋਂ ਸਪੱਸ਼ਟ ਹੋਵੇਗੀ। ਇਨ੍ਹਾਂ ਅੰਕੜਿਆਂ ਦਾ ਅਸਰ ਘਰੇਲੂ ਮਹਿੰਗਾਈ ਅਤੇ ਦੁਨੀਆ ਭਰ ਵਿੱਚ ਵਿਆਜ ਦਰਾਂ ਦੀ ਅਗਲੀ ਦਿਸ਼ਾ ‘ਤੇ ਪੈ ਸਕਦਾ ਹੈ।

