Stock Market: ਭਾਰਤੀ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵੱਡੇ ਉਛਾਲ ਨਾਲ ਕੀਤੀ। ਸੈਂਸੈਕਸ 1,142.03 ਅੰਕ ਜਾਂ 1.41 ਫੀਸਦੀ ਦੀ ਤੇਜ਼ੀ ਨਾਲ 82,248.68 ਦੇ ਪੱਧਰ ’ਤੇ ਪਹੁੰਚ ਗਿਆ। ਇਸੇ ਤਰ੍ਹਾਂ ਨਿਫਟੀ ਨੇ ਵੀ 293.15 ਅੰਕ ਜਾਂ 1.17 ਫੀਸਦੀ ਦੀ ਛਾਲ ਮਾਰੀ ਅਤੇ 25,337.80 ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਬਾਜ਼ਾਰ ਵਿੱਚ ਖਰੀਦਦਾਰੀ ਦਾ ਰੁਝਾਨ ਲਾਰਜਕੈਪ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿੱਚ ਵੀ ਦੇਖਣ ਨੂੰ ਮਿਲਿਆ।
ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵੀ ਹਰੇ ਨਿਸ਼ਾਨ ਵਿੱਚ ਖੁੱਲ੍ਹੇ। ਨਿਫਟੀ ਮਿਡਕੈਪ 100 ਵਿੱਚ 403.85 ਅੰਕ ਜਾਂ 0.66 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 61,426.40 ’ਤੇ ਪਹੁੰਚ ਗਿਆ। ਦੂਜੇ ਪਾਸੇ, ਨਿਫਟੀ ਸਮਾਲਕੈਪ 100 ਨੇ 133.25 ਅੰਕ ਜਾਂ 0.69 ਫੀਸਦੀ ਦੀ ਮਜ਼ਬੂਤੀ ਹਾਸਲ ਕਰਦਿਆਂ 19,318.30 ਦਾ ਪੱਧਰ ਛੂਹਿਆ।
ਸੈਂਸੈਕਸ ਵਿੱਚ ਸ਼ਾਮਲ ਸਾਰੇ 30 ਸ਼ੇਅਰਾਂ ਨੇ ਹਰੇ ਨਿਸ਼ਾਨ ਨਾਲ ਕਾਰੋਬਾਰ ਸ਼ੁਰੂ ਕੀਤਾ। ਬਜਾਜ ਫਾਈਨਾਂਸ, ਆਈਸੀਆਈਸੀਆਈ ਬੈਂਕ, ਏਸ਼ੀਅਨ ਪੇਂਟਸ, ਬੀਈਐਲ, ਇੰਡੀਗੋ, ਭਾਰਤੀ ਏਅਰਟੈੱਲ, ਬਜਾਜ ਫਿਨਸਰਵ, ਐਚਡੀਐਫਸੀ ਬੈਂਕ, ਮਾਰੂਤੀ ਸੁਜ਼ੂਕੀ, ਐਮਐਂਡਐਮ ਅਤੇ ਐਕਸਿਸ ਬੈਂਕ ਪ੍ਰਮੁੱਖ ਤੇਜ਼ੀ ਵਾਲੇ ਸ਼ੇਅਰਾਂ ਵਿੱਚ ਸ਼ਾਮਲ ਰਹੇ। ਸੈਕਟਰਲ ਸੂਚਕਾਂਕਾਂ ਵਿੱਚ ਕੰਜ਼ਿਊਮਰ ਡਿਊਰੇਬਲਜ਼, ਪੀਐਸਯੂ ਬੈਂਕ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਨੇ ਵੀ ਮਜ਼ਬੂਤੀ ਦਿਖਾਈ।
ਇਸ ਤੋਂ ਇਲਾਵਾ ਪ੍ਰਾਈਵੇਟ ਬੈਂਕ, ਆਟੋ, ਸਰਵਿਸਿਜ਼, ਕੰਜ਼ੰਪਸ਼ਨ, ਇਨਫ੍ਰਾਸਟਰੱਕਚਰ ਅਤੇ ਐਨਰਜੀ ਸੈਕਟਰਾਂ ਦੇ ਸੂਚਕਾਂਕਾਂ ਵਿੱਚ ਵੀ ਚੰਗੀ ਤੇਜ਼ੀ ਰਹੀ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਟੋਕਿਓ, ਤਾਈਪੇ, ਬੈਂਕਾਕ ਅਤੇ ਸਿਓਲ ਵਿੱਚ ਹਰੇ ਨਿਸ਼ਾਨ ’ਤੇ ਕਾਰੋਬਾਰ ਹੋਇਆ, ਜਦਕਿ ਸ਼ੰਘਾਈ, ਹਾਂਗਕਾਂਗ ਅਤੇ ਜਕਾਰਤਾ ਦੇ ਬਾਜ਼ਾਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਉਲਟ, ਅਮਰੀਕੀ ਬਾਜ਼ਾਰ ਮੰਗਲਵਾਰ ਨੂੰ ਕਮਜ਼ੋਰੀ ਨਾਲ ਬੰਦ ਹੋਏ ਸਨ। ਡਾਓ ਜੋਨਸ 0.30 ਫੀਸਦੀ ਅਤੇ ਨੈਸਡੈਕ 0.74 ਫੀਸਦੀ ਹੇਠਾਂ ਰਿਹਾ।
ਬਾਜ਼ਾਰ ਮਾਹਿਰਾਂ ਮੁਤਾਬਕ ਇਸ ਮਹੀਨੇ ਦੇ ਸਿਰਫ਼ ਛੇ ਕਾਰੋਬਾਰੀ ਦਿਨਾਂ ਵਿੱਚ ਨਿਫਟੀ ਨੇ 8.6 ਫੀਸਦੀ ਦੀ ਤੇਜ਼ੀ ਦਰਜ ਕੀਤੀ ਹੈ। ਇਸ ਉਛਾਲ ਪਿੱਛੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਦੀ ਵੱਡੀ ਖਰੀਦਦਾਰੀ ਅਹਿਮ ਕਾਰਨ ਰਹੀ ਹੈ। ਇਨ੍ਹਾਂ ਨਿਵੇਸ਼ਕਾਂ ਨੇ ਇਸ ਮਹੀਨੇ ਹੁਣ ਤੱਕ 53,170 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ। ਵਿਸ਼ਵ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਅਤੇ ਏਆਈ ਟ੍ਰੇਡ ਵਿੱਚ ਆਈ ਕਮਜ਼ੋਰੀ ਨੇ ਵੀ ਭਾਰਤੀ ਬਾਜ਼ਾਰ ਦੇ ਰੁਖ ਨੂੰ ਪ੍ਰਭਾਵਿਤ ਕੀਤਾ ਹੈ।
ਮਾਹਿਰਾਂ ਨੇ ਦੱਸਿਆ ਕਿ ਬਾਜ਼ਾਰ ਦੀ ਤੇਜ਼ੀ ਨੂੰ ਸਭ ਤੋਂ ਮਜ਼ਬੂਤ ਆਧਾਰ ਦੂਜੀ ਤਿਮਾਹੀ ਦੇ ਉਮੀਦ ਨਾਲੋਂ ਬਿਹਤਰ ਵਿੱਤੀ ਨਤੀਜਿਆਂ ਤੋਂ ਮਿਲਿਆ ਹੈ। ਇਸ ਦੌਰਾਨ ਨਿਫਟੀ ਕੰਪਨੀਆਂ ਦੀ ਕਮਾਈ ਵਿੱਚ ਲਗਭਗ 24 ਫੀਸਦੀ ਵਾਧਾ ਹੋਇਆ, ਜੋ ਪਿਛਲੀਆਂ 12 ਤਿਮਾਹੀਆਂ ਵਿੱਚ ਸਭ ਤੋਂ ਉੱਚਾ ਵਾਧਾ ਹੈ। ਇਸ ਨਾਲ ਨਿਫਟੀ 50 ਦਾ ਫਾਰਵਰਡ ਪੀਈ ਅਨੁਪਾਤ ਵੀ ਵਾਜਬ ਪੱਧਰ ’ਤੇ ਆ ਗਿਆ ਹੈ। ਮੌਜੂਦਾ ਅਨੁਕੂਲ ਮਾਹੌਲ ਕਾਰਨ ਐਫਆਈਆਈ ਦੀ ਖਰੀਦਦਾਰੀ ਜਾਰੀ ਰਹਿਣ ਦੀ ਉਮੀਦ ਹੈ, ਜਿਸ ਨਾਲ ਬੈਂਕਿੰਗ, ਵਿੱਤੀ ਸੇਵਾਵਾਂ, ਟੈਲੀਕਾਮ, ਕੈਪੀਟਲ ਗੁਡਜ਼ ਅਤੇ ਚੋਣਵੇਂ ਆਟੋ ਤੇ ਫਾਰਮਾ ਸ਼ੇਅਰਾਂ ਨੂੰ ਫਾਇਦਾ ਮਿਲ ਸਕਦਾ ਹੈ।

