Bird Flu Vaccine: ਭਾਰਤ ਵਿੱਚ ਪੋਲਟਰੀ ਖੇਤਰ ਨੂੰ ਬਰਡ ਫਲੂ ਵਰਗੀ ਗੰਭੀਰ ਬਿਮਾਰੀ ਤੋਂ ਬਚਾਉਣ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ੁੱਕਰਵਾਰ ਨੂੰ ਦੇਸ਼ ਦੀ ਪਹਿਲੀ ਸਵਦੇਸ਼ੀ ਇਨਐਕਟੀਵੇਟਿਡ H5N1 ਹਾਈਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ (HPAI) ਵੈਕਸੀਨ ਲਾਂਚ ਕਰਨਗੇ। ਇਹ ਟੀਕਾ ਖ਼ਾਸ ਤੌਰ ’ਤੇ ਮੁਰਗੀਆਂ ਅਤੇ ਪੋਲਟਰੀ ਖੇਤਰ ਲਈ ਤਿਆਰ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ, ਭੋਪਾਲ ਸਥਿਤ ICAR-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼ (NIHSAD) ਨੇ ਇਸ ਵੈਕਸੀਨ ਨੂੰ ਵਿਕਸਿਤ ਕੀਤਾ ਹੈ।
ਹਾਈਲੀ ਪੈਥੋਜੈਨਿਕ ਏਵੀਅਨ ਇਨਫਲੂਐਂਜ਼ਾ ਨੂੰ ਆਮ ਤੌਰ ’ਤੇ ਬਰਡ ਫਲੂ ਕਿਹਾ ਜਾਂਦਾ ਹੈ। ਇਹ ਬਿਮਾਰੀ ਮੁਰਗੀਆਂ ਸਮੇਤ ਹੋਰ ਪੰਛੀਆਂ ਲਈ ਬੇਹੱਦ ਖ਼ਤਰਨਾਕ ਮੰਨੀ ਜਾਂਦੀ ਹੈ, ਕਿਉਂਕਿ ਇਸ ਦੇ ਫੈਲਣ ਨਾਲ ਪੂਰੇ ਝੁੰਡ ਦੀ ਮੌਤ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਪੰਛੀਆਂ ਨੂੰ ਮਾਰਨਾ ਪੈ ਸਕਦਾ ਹੈ ਅਤੇ ਪੋਲਟਰੀ ਕਾਰੋਬਾਰ ’ਤੇ ਪਾਬੰਦੀਆਂ ਲਗਾਉਣੀਆਂ ਪੈਂਦੀਆਂ ਹਨ। ਇਸ ਦਾ ਅਸਰ ਕੌਮਾਂਤਰੀ ਵਪਾਰ ’ਤੇ ਵੀ ਪੈਂਦਾ ਹੈ, ਜਦਕਿ ਪੋਲਟਰੀ ਉਤਪਾਦਾਂ ਦੀਆਂ ਕੀਮਤਾਂ ਵਧਣ ਦੇ ਨਾਲ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਸਹਿਣਾ ਪੈਂਦਾ ਹੈ।
ਭਾਰਤ ਵਿੱਚ ਬਰਡ ਫਲੂ ਦਾ ਪਹਿਲਾ ਮਾਮਲਾ ਸਾਲ 2006 ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਦੇਸ਼ ਵਿੱਚ H5N1 ਅਤੇ H5N8 ਸਬਟਾਈਪ ਦੇ 500 ਤੋਂ ਵੱਧ ਪ੍ਰਕੋਪ ਦਰਜ ਕੀਤੇ ਜਾ ਚੁੱਕੇ ਹਨ। ਸਰਕਾਰੀ ਅਨੁਮਾਨਾਂ ਮੁਤਾਬਕ, ਜੇਕਰ ਬਿਮਾਰੀ ਦਾ ਵੱਡਾ ਪ੍ਰਕੋਪ ਫੈਲਦਾ ਹੈ ਤਾਂ ਦੇਸ਼ ਦੀ ਜੀਡੀਪੀ ਵਿਕਾਸ ਦਰ ਵਿੱਚ 1.5 ਫ਼ੀਸਦੀ ਤੱਕ ਕਮੀ ਆ ਸਕਦੀ ਹੈ ਅਤੇ ਪੋਲਟਰੀ ਦੀ 20 ਫ਼ੀਸਦੀ ਤੋਂ ਵੱਧ ਆਬਾਦੀ ਖ਼ਤਰੇ ਵਿੱਚ ਪੈ ਸਕਦੀ ਹੈ। ਸਾਲ 2006 ਦੇ ਪ੍ਰਕੋਪ ਕਾਰਨ ਸਿੱਧੇ ਅਤੇ ਅਸਿੱਧੇ ਤੌਰ ’ਤੇ ਲਗਭਗ 2,200 ਕਰੋੜ ਤੋਂ 3,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸੇ ਤਰ੍ਹਾਂ ਮਣੀਪੁਰ ਵਿੱਚ ਇੱਕ ਹੋਰ ਪ੍ਰਕੋਪ ਕਾਰਨ ਸੂਬੇ ਦੀ ਜੀਡੀਪੀ ਦੇ 0.5 ਫ਼ੀਸਦੀ ਦੇ ਬਰਾਬਰ ਆਰਥਿਕ ਨੁਕਸਾਨ ਦਰਜ ਕੀਤਾ ਗਿਆ ਸੀ।
ਬਰਡ ਫਲੂ ਦਾ ਖ਼ਤਰਾ ਸਿਰਫ਼ ਪਸ਼ੂ-ਪੰਛੀਆਂ ਅਤੇ ਖੇਤੀਬਾੜੀ ਕਾਰੋਬਾਰ ਤੱਕ ਸੀਮਤ ਨਹੀਂ ਹੈ, ਸਗੋਂ ਇਹ ਮਨੁੱਖੀ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਅਨੁਸਾਰ, ਸਾਲ 2003 ਤੋਂ ਹੁਣ ਤੱਕ ਭਾਰਤ ਸਮੇਤ 25 ਦੇਸ਼ਾਂ ਵਿੱਚ H5N1 ਦੇ ਮਨੁੱਖਾਂ ਵਿੱਚ 1,003 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 479 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰੋਲੋਜੀਕਲ ਅਧਿਐਨਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਰਗੀਆਂ ਵਿੱਚ ਬਿਮਾਰੀ ਦੇ ਜ਼ਿਆਦਾਤਰ ਪ੍ਰਕੋਪਾਂ ਪਿੱਛੇ H5N1 ਕਲੇਡ 2.3.2.1a ਸਟ੍ਰੇਨ ਦੀ ਭੂਮਿਕਾ ਰਹੀ ਹੈ।
ਹਾਲ ਹੀ ਦੇ ਸਮੇਂ ਵਿੱਚ ਮੁਰਗੀਆਂ ਤੋਂ ਇਲਾਵਾ ਥਣਧਾਰੀ ਜਾਨਵਰਾਂ ਵਿੱਚ ਵੀ ਇਸ ਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮਨੁੱਖਾਂ ਵਿੱਚ ਵੀ ਇਸ ਦੇ ਤਿੰਨ ਮਾਮਲੇ ਦਰਜ ਕੀਤੇ ਗਏ ਹਨ। ਹੁਣ ਤੱਕ ਮੁਰਗੀਆਂ ਨੂੰ H5N1 ਦੇ ਕਲੇਡ 2.3.2.1a ਸਟ੍ਰੇਨ ਤੋਂ ਬਚਾਉਣ ਲਈ ਕੋਈ ਖ਼ਾਸ ਵਪਾਰਕ ਵੈਕਸੀਨ ਉਪਲਬਧ ਨਹੀਂ ਸੀ। ਇਸ ਕਾਰਨ ਬਿਮਾਰੀ ਦੀ ਰੋਕਥਾਮ ਅਤੇ ਪੋਲਟਰੀ ਖੇਤਰ ਦੀ ਸੁਰੱਖਿਆ ਲਈ ਨਵੇਂ ਟੀਕੇ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ICAR-NIHSAD ਵੱਲੋਂ ਤਿਆਰ ਕੀਤੀ ਗਈ ਸਵਦੇਸ਼ੀ ਵੈਕਸੀਨ ਇਸ ਘਾਟ ਨੂੰ ਪੂਰਾ ਕਰਨ ਵੱਲ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਇਹ ਟੀਕਾ ਮੁਰਗੀਆਂ ਨੂੰ H5N1 ਦੇ ਸਬੰਧਤ ਸਟ੍ਰੇਨ ਤੋਂ ਬਚਾਉਣ ਵਿੱਚ ਮਦਦ ਕਰੇਗਾ। ਇਸ ਨਾਲ ਬਰਡ ਫਲੂ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਘਟਾਉਣ ਅਤੇ ਵਾਇਰਸ ਦੇ ਮੁਰਗੀਆਂ ਤੋਂ ਹੋਰ ਜਾਨਵਰਾਂ ਤੇ ਮਨੁੱਖਾਂ ਤੱਕ ਫੈਲਣ ਦੇ ਖ਼ਤਰੇ ਨੂੰ ਸੀਮਤ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ।

