Asia Cup Rising Stars 2026: ਏਸੀਸੀ ਪੁਰਸ਼ ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ 2026 ਵਿੱਚ ਭਾਰਤ-ਏ ਨੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਦੌਰਾਨ ਭਾਰਤੀ ਟੀਮ ਨੇ ਨੇਪਾਲ ਨੂੰ 306 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਭਾਰਤ ਵੱਲੋਂ ਦਿੱਤੇ 333 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੇਪਾਲ ਦੀ ਪੂਰੀ ਟੀਮ ਮਹਿਜ਼ 26 ਦੌੜਾਂ ’ਤੇ ਸਿਮਟ ਗਈ।
ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਦੀ ਬੱਲੇਬਾਜ਼ੀ ਭਾਰਤੀ ਗੇਂਦਬਾਜ਼ਾਂ ਸਾਹਮਣੇ ਪੂਰੀ ਤਰ੍ਹਾਂ ਨਾਕਾਮ ਰਹੀ। ਟੀਮ ਦਾ ਕੋਈ ਵੀ ਖਿਡਾਰੀ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕਿਆ, ਜਦਕਿ ਪੰਜ ਬੱਲੇਬਾਜ਼ ਬਿਨਾਂ ਕੋਈ ਦੌੜ ਬਣਾਏ ਹੀ ਆਊਟ ਹੋ ਗਏ। ਭਾਰਤ ਵੱਲੋਂ ਪ੍ਰਿੰਸ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 5 ਓਵਰਾਂ ਵਿੱਚ ਸਿਰਫ਼ 6 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਹರ್ಷਿਤ ਰਾਣਾ ਨੇ ਵੀ 6 ਓਵਰਾਂ ਵਿੱਚ 14 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ।
ਇਸ ਤੋਂ ਪਹਿਲਾਂ ਟਾਸ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਭਾਰਤ-ਏ ਨੇ 50 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 332 ਦੌੜਾਂ ਬਣਾਈਆਂ। ਭਾਰਤੀ ਪਾਰੀ ਦੀ ਸ਼ੁਰੂਆਤ ਉਮੀਦ ਮੁਤਾਬਕ ਨਹੀਂ ਰਹੀ। ਅਭਿਸ਼ੇਕ ਸ਼ਰਮਾ 9 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਆਯੂਸ਼ ਬਡੋਨੀ ਦੇ ਬੱਲੇ ਤੋਂ ਸਿਰਫ਼ 2 ਦੌੜਾਂ ਹੀ ਨਿਕਲੀਆਂ। ਵੈਭਵ ਸੂਰਯਵੰਸ਼ੀ ਵੀ 32 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤਰ੍ਹਾਂ 42 ਦੌੜਾਂ ’ਤੇ ਤਿੰਨ ਵਿਕਟਾਂ ਡਿੱਗਣ ਕਾਰਨ ਭਾਰਤੀ ਟੀਮ ਦਬਾਅ ਵਿੱਚ ਆ ਗਈ ਸੀ।
ਮੁਸ਼ਕਲ ਸਥਿਤੀ ਵਿੱਚੋਂ ਟੀਮ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਕਪਤਾਨ ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗ੍ਰ ਨੇ ਸੰਭਾਲੀ। ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 191 ਗੇਂਦਾਂ ਵਿੱਚ 206 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਕਰਕੇ ਭਾਰਤ ਦੀ ਪਾਰੀ ਨੂੰ ਮਜ਼ਬੂਤੀ ਦਿੱਤੀ। ਤਿਲਕ ਵਰਮਾ ਨੇ 113 ਗੇਂਦਾਂ ਦਾ ਸਾਹਮਣਾ ਕਰਦਿਆਂ 107 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਦੂਜੇ ਪਾਸੇ ਕੁਮਾਰ ਕੁਸ਼ਾਗ੍ਰ ਨੇ 102 ਗੇਂਦਾਂ ਵਿੱਚ 117 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਦੌਰਾਨ 10 ਚੌਕੇ ਅਤੇ 5 ਛੱਕੇ ਜੜੇ।
ਹੋਰ ਬੱਲੇਬਾਜ਼ਾਂ ਵਿੱਚ ਰਿੰਕੂ ਸਿੰਘ ਨੇ 9 ਦੌੜਾਂ ਬਣਾਈਆਂ, ਜਦਕਿ ਸ਼ਹਬਾਜ਼ ਅਹਿਮਦ 8 ਦੌੜਾਂ ਬਣਾ ਕੇ ਆਊਟ ਹੋਏ। ਪਾਰੀ ਦੇ ਆਖਰੀ ਓਵਰਾਂ ਵਿੱਚ ਸੂਰਿਆਂਸ਼ ਸ਼ੇਡਗੇ ਨੇ ਤੇਜ਼ ਬੱਲੇਬਾਜ਼ੀ ਕਰਦਿਆਂ ਮਹਿਜ਼ 14 ਗੇਂਦਾਂ ਵਿੱਚ 36 ਦੌੜਾਂ ਠੋਕ ਦਿੱਤੀਆਂ। ਨੇਪਾਲ ਵੱਲੋਂ ਸੰਦੀਪ ਲਾਮਿਛਾਨੇ ਅਤੇ ਲਲਿਤ ਰਾਜਬੰਸ਼ੀ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ। ਭਾਰਤ ਦੀ ਇਸ ਵੱਡੀ ਜਿੱਤ ਵਿੱਚ ਤਿਲਕ ਵਰਮਾ ਅਤੇ ਕੁਮਾਰ ਕੁਸ਼ਾਗ੍ਰ ਦੀਆਂ ਸੈਂਕੜੇ ਵਾਲੀਆਂ ਪਾਰੀਆਂ ਦੇ ਨਾਲ ਪ੍ਰਿੰਸ ਯਾਦਵ ਅਤੇ ਹਰਸ਼ਿਤ ਰਾਣਾ ਦੀ ਗੇਂਦਬਾਜ਼ੀ ਨੇ ਅਹਿਮ ਭੂਮਿਕਾ ਨਿਭਾਈ।

