ਜੇਕਰ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ (ITR) ਦਾਖਲ ਕਰ ਦਿੱਤੀ ਹੈ ਪਰ ਉਹ ਹਾਲੇ ਤੱਕ ਸੈਂਟਰਲਾਈਜ਼ਡ ਪ੍ਰੋਸੈਸਿੰਗ ਸੈਂਟਰ (CPC) ਵੱਲੋਂ ਪ੍ਰੋਸੈਸ ਨਹੀਂ ਹੋਈ, ਤਾਂ 31 ਦਸੰਬਰ 2025 ਦੀ ਤਾਰੀਕ ਤੁਹਾਡੇ ਲਈ ਬੇਹੱਦ ਅਹਿਮ ਹੈ। ਟੈਕਸ ਮਾਹਿਰਾਂ ਮੁਤਾਬਕ, ਇਸ ਤਾਰੀਕ ਤੋਂ ਬਾਅਦ ਕਰਦਾਤਾ ਰਿਵਾਈਜ਼ਡ ITR (ਸੋਧੀ ਹੋਈ ਰਿਟਰਨ) ਦਾਖਲ ਨਹੀਂ ਕਰ ਸਕਣਗੇ, ਭਾਵੇਂ ਰਿਟਰਨ ਦੀ ਪ੍ਰੋਸੈਸਿੰਗ ਇਸ ਤੋਂ ਬਾਅਦ ਹੀ ਕਿਉਂ ਨਾ ਹੋਵੇ।
ਆਮ ਤੌਰ ’ਤੇ ਜੇਕਰ ਕਰਦਾਤਾ ਵੱਲੋਂ ਭਰਿਆ ਗਿਆ ਟੈਕਸ ਉਸ ਦੀ ਅਸਲ ਟੈਕਸ ਦੇਣਦਾਰੀ ਨਾਲੋਂ ਵੱਧ ਹੁੰਦਾ ਹੈ, ਤਾਂ ਉਹ ਟੈਕਸ ਰਿਫੰਡ ਦਾ ਹੱਕਦਾਰ ਹੁੰਦਾ ਹੈ। ਪਰ ਕਈ ਮਾਮਲਿਆਂ ਵਿੱਚ ਇਨਕਮ ਟੈਕਸ ਵਿਭਾਗ ਪਿਛਲੇ ਸਾਲ ਦੀ ਬਕਾਇਆ ਟੈਕਸ ਮੰਗ ਨੂੰ ਮੌਜੂਦਾ ਸਾਲ ਦੇ ਰਿਫੰਡ ਨਾਲ ਜੋੜ ਦਿੰਦਾ ਹੈ। ਇਸੇ ਕਾਰਨ ਚਾਰਟਰਡ ਅਕਾਊਂਟੈਂਟ 31 ਦਸੰਬਰ 2025 ਨੂੰ ਲੈ ਕੇ ਕਰਦਾਤਿਆਂ ਨੂੰ ਸਾਵਧਾਨ ਕਰ ਰਹੇ ਹਨ।
31 ਦਸੰਬਰ 2025 ਕਿਉਂ ਹੈ ਇੰਨੀ ਅਹਿਮ?
ਚਾਰਟਰਡ ਅਕਾਊਂਟੈਂਟ ਹਿਮਾਂਕ ਸਿੰਗਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸੈਸਮੈਂਟ ਈਅਰ 2025-26 ਲਈ ਰਿਵਾਈਜ਼ਡ ITR ਫਾਈਲ ਕਰਨ ਦੀ ਆਖ਼ਰੀ ਮਿਤੀ 31 ਦਸੰਬਰ 2025 ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੀਆਂ ਓਰੀਜਨਲ ITR ਦੀ ਪ੍ਰੋਸੈਸਿੰਗ ਬਾਕੀ ਹੈ ਅਤੇ ਸੰਭਾਵਨਾ ਹੈ ਕਿ ਕਈ ਰਿਟਰਨਾਂ ਇਸ ਮਿਆਦ ਤੋਂ ਬਾਅਦ ਪ੍ਰੋਸੈਸ ਕੀਤੀਆਂ ਜਾਣ।
READ ALSO : ਸਰਦੀ ਦਾ ਅਸਲੀ ਇਮਤਿਹਾਨ: ਸਭ ਤੋਂ ਕਠਿਨ 40 ਦਿਨਾਂ ਦੀ ਐਂਟਰੀ,ਕਰ ਲਓ ਪਹਿਲਾਂ ਹੀ ਤਿਆਰੀਆਂ
ਉਨ੍ਹਾਂ ਮੁਤਾਬਕ, ਜੇਕਰ CPC ਵੱਲੋਂ ਆਉਣ ਵਾਲੀ ਇੰਟੀਮੇਸ਼ਨ (Intimation) ਵਿੱਚ ਕੋਈ ਗਲਤੀ ਸਾਹਮਣੇ ਆਉਂਦੀ ਹੈ ਅਤੇ 31 ਦਸੰਬਰ ਦੀ ਮਿਆਦ ਲੰਘ ਚੁੱਕੀ ਹੋਵੇ, ਤਾਂ ਰਿਵਾਈਜ਼ਡ ITR ਦਾਖਲ ਕਰਨ ਦਾ ਵਿਕਲਪ ਨਹੀਂ ਰਹੇਗਾ। ਅਜਿਹੀ ਸਥਿਤੀ ਵਿੱਚ ਕਰਦਾਤਾ ਨੂੰ ਸਿਰਫ਼ ITR-U ਦਾਖਲ ਕਰਨੀ ਪਵੇਗੀ, ਜਿਸ ਵਿੱਚ ਰਿਫੰਡ ਕਲੇਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ।
ITR ਪ੍ਰੋਸੈਸਿੰਗ ਦੀ ਮੌਜੂਦਾ ਸਥਿਤੀ
ਈ-ਫਾਈਲਿੰਗ ਪੋਰਟਲ ਦੇ ਅਨੁਸਾਰ, 16 ਦਸੰਬਰ 2025 ਸ਼ਾਮ 6:39 ਵਜੇ ਤੱਕ 8.34 ਕਰੋੜ ਵੈਰੀਫਾਈਡ ITR ਵਿੱਚੋਂ 7.68 ਕਰੋੜ ਰਿਟਰਨ ਪ੍ਰੋਸੈਸ ਕੀਤੀਆਂ ਜਾ ਚੁੱਕੀਆਂ ਹਨ। ਇਸਦਾ ਅਰਥ ਹੈ ਕਿ ਲੱਖਾਂ ਰਿਟਰਨ ਅਜੇ ਵੀ CPC ਕੋਲ ਲੰਬਿਤ ਪਈਆਂ ਹਨ।
31 ਦਸੰਬਰ ਤੋਂ ਬਾਅਦ ਕੀ ਰਹੇਗਾ ਵਿਕਲਪ?
ਚਾਰਟਰਡ ਅਕਾਊਂਟੈਂਟ ਸੁਰੇਸ਼ ਸੁਰਾਨਾ ਮੁਤਾਬਕ, ਇਨਕਮ ਟੈਕਸ ਐਕਟ ਦੀ ਧਾਰਾ 139(5) ਅਨੁਸਾਰ ਰਿਵਾਈਜ਼ਡ ITR ਦਾਖਲ ਕਰਨ ਦੀ ਮਿਆਦ 31 ਦਸੰਬਰ 2025 ਨੂੰ ਸਮਾਪਤ ਹੋ ਜਾਂਦੀ ਹੈ। ਇਸ ਤੋਂ ਬਾਅਦ ਰਿਟਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਕਰਨਾ ਸੰਭਵ ਨਹੀਂ ਰਹੇਗਾ।
ਹਾਲਾਂਕਿ, ਜੇਕਰ ਰਿਟਰਨ 31 ਦਸੰਬਰ ਤੋਂ ਬਾਅਦ ਪ੍ਰੋਸੈਸ ਹੁੰਦੀ ਹੈ ਅਤੇ CPC ਵੱਲੋਂ ਗਣਨਾ ਵਿੱਚ ਗਲਤੀ, TDS ਮਿਸਮੈਚ ਜਾਂ ਵਿਆਜ ਦੀ ਗਲਤ ਗਣਨਾ ਵਰਗੀ ਕੋਈ ਸਪੱਸ਼ਟ ਗਲਤੀ ਦਰਸਾਈ ਜਾਂਦੀ ਹੈ, ਤਾਂ ਕਰਦਾਤਾ ਕੋਲ ਹੋਰ ਕਾਨੂੰਨੀ ਉਪਾਅ ਮੌਜੂਦ ਰਹਿੰਦੇ ਹਨ।
ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ 31 ਦਸੰਬਰ 2025 ਤੋਂ ਪਹਿਲਾਂ ਆਪਣੀ ITR ਦੀ ਜਾਂਚ ਜ਼ਰੂਰ ਕਰ ਲਓ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੋਂ ਬਚਿਆ ਜਾ ਸਕੇ।
VD : ਸੜਕ ਵਿਚਾਲੇ ਪਲਟਿਆ ਟਰੱਕ,ਦੇਖੋ ਮੌਕੇ ਦੀਆਂ ਤਸਵੀਰਾਂ

