ਅੰਮ੍ਰਿਤਸਰ : ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਅੱਧੀ ਰਾਤ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਨੇ ਸਥਾਨਕ ਲੋਕਾਂ ‘ਚ ਦਹਿਸਤ ਪੈਦਾ ਕਰ ਦਿੱਤੀ ਹੈ। ਮ੍ਰਿਤਕ ਧਰਮਾ, ਜੋ 2012 ‘ਚ ਏਐਸਆਈ ਰਵਿੰਦਰਪਾਲ ਸਿੰਘ ਦੇ ਕਤਲ ‘ਚ ਦੋਸ਼ੀ ਸੀ, 14 ਦਿਨਾਂ ਲਈ ਪੈਰੋਲ ‘ਤੇ ਰਿਹਾਅ ਹੋਇਆ ਹੋਇਆ ਸੀ। ਰਾਤ 12 ਵਜੇ ਦੇ ਕਰੀਬ, ਜਦੋਂ ਉਹ ਆਪਣੀ ਕ੍ਰੇਟਾ ਕਾਰ ਘਰ ਦੇ ਬਾਹਰ ਲਾ ਰਿਹਾ ਸੀ, ਤਿੰਨ ਹਮਲਾਵਰ ਮੋਟਰਸਾਈਕਲ ‘ਤੇ ਆਏ ਅਤੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ।ਪੁਲਿਸ ਨੂੰ ਰਾਤ 12:15 ਵਜੇ ਸੂਚਨਾ ਮਿਲੀ, ਜਿਸ ਤੋਂ ਬਾਅਦ ਏਸੀਪੀ ਸ਼ਿਵਦਰਸ਼ਨ ਸਿੰਘ ਦੀ ਅਗਵਾਈ ‘ਚ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

ਧਰਮਾ ਦੀ ਪਤਨੀ ਨੇ ਦੱਸਿਆ ਕਿ ਜੇਲ੍ਹ ‘ਚ ਉਸ ਦੀ ਜੱਗੂ ਭਗਵਾਨਪੁਰੀਆ ਗੈਂਗ ਨਾਲ ਲੜਾਈ ਹੋਈ ਸੀ ਅਤੇ ਉਹ ਪਹਿਲਾਂ ਹੀ ਹਮਲੇ ਦੀ ਚੇਤਾਵਨੀ ਦੇ ਚੁੱਕੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਇਹ ਹੱਤਿਆ ਪੂਰੀ ਤਰ੍ਹਾਂ ਯੋਜਨਾਬੱਧ ਸੀ। ਇਸ ਘਟਨਾ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਇੱਕ ਵਾਇਰਲ ਪੋਸਟ ਰਾਹੀਂ ਲਈ ਗਈ ਹੈ, ਜਿਸ ‘ਚ ਕਿਹਾ ਗਿਆ ਕਿ ਮ੍ਰਿਤਕ “ਦੇਸ਼ ਵਿਰੋਧੀ ਸਮੂਹ” ਨਾਲ ਜੁੜਿਆ ਹੋਇਆ ਸੀ ਅਤੇ ਇਹ ਕਤਲ “ਸੁਨੇਹਾ” ਦੇਣ ਲਈ ਕੀਤਾ ਗਿਆ। ਪੋਸਟ ‘ਚ ਹੋਰ ਵੀ ਚਿਤਾਵਨੀਆਂ ਦਿੱਤੀਆਂ ਗਈਆਂ ਹਨ, ਜੋ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਗੈਂਗ ਦੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਕਾਰਵਾਈ ਜਾਰੀ ਹੈ।