Site icon Dainik Savera Punjab

Illegal Arms Supply Network: ਨਾਬਾਲਿਗ ਸਮੇਤ 8 ਮੁਲਜ਼ਮ ਗ੍ਰਿਫ਼ਤਾਰ, 15 ਪਿਸਤੌਲ ਬਰਾਮਦ

Chandigarh/Amritsar: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਏ ਜਾ ਰਹੇ ਅਭਿਆਨ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਿਗ ਸਮੇਤ ਅੱਠ ਵਿਅਕਤੀਆਂ ਨੂੰ 15 ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਪੁਲਿਸ ਮਹਾਨਿਰਦੇਸ਼ਕ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਤਨਾਮ ਸਿੰਘ ਉਰਫ਼ ਸੁੱਖਾ (20), ਵਾਸੀ ਪਿੰਡ ਪਾਟੋ ਹੀਰਾ ਸਿੰਘ (ਮੋਗਾ), ਭੱਲਾ ਸਿੰਘ (26), ਵਾਸੀ ਪਿੰਡ ਮਾਣੂਕੇ ਗਿੱਲ (ਮੋਗਾ), ਗੌਤਮ ਸਿੰਘ ਉਰਫ਼ ਬਿੱਲਾ (23), ਵਾਸੀ ਪਿੰਡ ਅਹਿਮਦਪੁਰਾ (ਤਰਨਤਾਰਨ), ਮਨਵੀਰ ਸਿੰਘ ਉਰਫ਼ ਗੁਰਵੀਰ ਸਿੰਘ (24), ਵਾਸੀ ਵਿਸ਼ਾਲ ਨਗਰ (ਲੁਧਿਆਣਾ), ਜਸਕਰਨਦੀਪ ਸਿੰਘ ਉਰਫ਼ ਜੱਸਾ (23), ਵਾਸੀ ਪਿੰਡ ਭੁੱਚਰ ਕਲਾਂ (ਤਰਨਤਾਰਨ), ਸਿਮਰਨਜੀਤ ਸੰਧੂ ਉਰਫ਼ ਬਿੱਲਾ (27), ਵਾਸੀ ਨੀਵੇਂ ਤੁੰਗ (ਅੰਮ੍ਰਿਤਸਰ), ਅਭੀ ਉਰਫ਼ ਬਾਵਾ (25), ਵਾਸੀ ਵੱਡਾ ਹਰੀਪੁਰਾ (ਅੰਮ੍ਰਿਤਸਰ) ਅਤੇ ਇੱਕ 17 ਸਾਲਾ ਨਾਬਾਲਿਗ ਵਜੋਂ ਹੋਈ ਹੈ।

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇਟਲੀ ਵਿੱਚ ਬਣੀਆਂ ਤਿੰਨ .30 ਬੋਰ ਬੇਰੇਟਾ ਪਿਸਤੌਲਾਂ, ਇੱਕ .30 ਬੋਰ PX5 Storm, ਚੀਨ ਵਿੱਚ ਬਣੀ ਇੱਕ .30 ਬੋਰ ਪਿਸਤੌਲ, ਅੱਠ .30 ਬੋਰ ਅਤੇ ਦੋ .32 ਬੋਰ ਪਿਸਤੌਲਾਂ ਸ਼ਾਮਲ ਹਨ। ਇਸ ਤੋਂ ਇਲਾਵਾ 15 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਹਥਿਆਰ ਬਰਾਮਦ ਕਰਨ ਦੇ ਨਾਲ-ਨਾਲ ਪੁਲਿਸ ਟੀਮਾਂ ਨੇ ਅਪਰਾਧਿਕ ਗਤੀਵਿਧੀਆਂ ਲਈ ਵਰਤੀਆਂ ਜਾ ਰਹੀਆਂ ਉਨ੍ਹਾਂ ਦੀਆਂ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਵਿਦੇਸ਼ੀ ਹਥਿਆਰ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਗੈਰ-ਕਾਨੂੰਨੀ ਹਥਿਆਰ ਖਰੀਦ ਕੇ ਉਨ੍ਹਾਂ ਨੂੰ ਅੱਗੇ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਨਾਲ ਵੀ ਸਬੰਧ ਸਨ।

ਡੀਜੀਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਅੱਗੇ-ਪਿੱਛੇ ਦੇ ਸਬੰਧਾਂ ਦੀਆਂ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਜਾਰੀ ਹੈ। ਪਹਿਲੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (CP) ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਖ਼ਤਾ ਸੂਚਨਾ ਅਤੇ ਯੋਜਨਾਬੱਧ ਜਾਂਚ ਤੋਂ ਬਾਅਦ ਪੁਲਿਸ ਟੀਮਾਂ ਨੇ ਕਾਰ ਵਿੱਚ ਜਾ ਰਹੇ ਸਤਨਾਮ ਉਰਫ਼ ਸੁੱਖਾ ਅਤੇ ਭੱਲਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਪਿਸਤੌਲ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇੱਕ ਹੋਰ ਆਪਰੇਸ਼ਨ ਵਿੱਚ ਪੁਲਿਸ ਨੇ ਗੌਤਮ ਉਰਫ਼ ਬਿੱਲਾ, ਮਨਵੀਰ ਉਰਫ਼ ਗੁਰਵੀਰ ਸਿੰਘ ਅਤੇ ਜਸਕਰਨਦੀਪ ਉਰਫ਼ ਜੱਸਾ ਨੂੰ ਸੱਤ ਗੈਰ-ਕਾਨੂੰਨੀ ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੀ ਕਾਰ ਵੀ ਜ਼ਬਤ ਕਰ ਲਈ।

CP ਨੇ ਅੱਗੇ ਦੱਸਿਆ ਕਿ ਤੀਜੇ ਆਪਰੇਸ਼ਨ ਵਿੱਚ ਪੁਖ਼ਤਾ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਸਿਮਰਨਜੀਤ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਬਾਅਦ ਉਸ ਦੇ ਸਾਥੀ ਅਭੀ ਉਰਫ਼ ਬਾਵਾ ਅਤੇ ਇੱਕ ਨਾਬਾਲਿਗ ਨੂੰ ਵੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲ ਵੀ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਇੱਕ ਸਾਂਝੇ ਸਰੋਤ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕਰਕੇ ਇਨ੍ਹਾਂ ਹਥਿਆਰਾਂ ਨੂੰ ਅੱਗੇ ਸਪਲਾਈ ਕਰ ਰਹੇ ਸਨ।

ਇਸ ਸਬੰਧ ਵਿੱਚ ਤਿੰਨ ਵੱਖ-ਵੱਖ ਮਾਮਲੇ—FIR ਨੰਬਰ 184, ਮਿਤੀ 02.10.2026, ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(6,7,8) ਤਹਿਤ ਪੁਲਿਸ ਥਾਣਾ ਛਾਉਣੀ ਵਿੱਚ; FIR ਨੰਬਰ 301, ਮਿਤੀ 03.10.2026, ਅਸਲਾ ਐਕਟ ਦੀ ਧਾਰਾ 25(8) ਤਹਿਤ ਪੁਲਿਸ ਸਟੇਸ਼ਨ ਇਸਲਾਮਾਬਾਦ ਵਿੱਚ ਅਤੇ FIR ਨੰਬਰ 235, ਮਿਤੀ 04.10.2026, ਅਸਲਾ ਐਕਟ ਦੀਆਂ ਧਾਰਾਵਾਂ 25(6,7,8) ਤਹਿਤ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਛੇਹਰਟਾ ਵਿੱਚ ਦਰਜ ਕੀਤੇ ਗਏ ਹਨ।

Exit mobile version