ਕਾਨਪੁਰ, ਉੱਤਰ ਪ੍ਰਦੇਸ਼: “ਆਈ ਲਵ ਮੁਹੰਮਦ” ਪੋਸਟਰ ਵਿਵਾਦ ਨੇ ਰਾਜ ‘ਚ ਮਾਹੌਲ ਗਰਮਾ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਖ਼ਤ ਰੁਖ਼ ਤੋਂ ਬਾਅਦ, ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਨਪੁਰ ਦੇ ਸੁਜਾਤਗੰਜ ਖੇਤਰ ਵਿੱਚ 26 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਇੱਕ ਭੜਕਾਊ ਆਡੀਓ ਕਲਿੱਪ ਚਲਾਉਣ ਦੇ ਮਾਮਲੇ ‘ਚ ਕੀਤੀ ਗਈ।ਪੁਲਿਸ ਰਿਪੋਰਟਾਂ ਅਨੁਸਾਰ, ਅਜਮੇਰੀ ਮਸਜਿਦ ਤੋਂ ਨਮਾਜ਼ ਤੋਂ ਬਾਅਦ ਨਿਕਲ ਰਹੇ ਲੋਕਾਂ ‘ਚੋਂ ਇੱਕ ਵਿਅਕਤੀ — ਜ਼ੁਬੈਰ ਅਹਿਮਦ ਖਾਨ ਉਰਫ਼ ਜ਼ੁਬੈਰ ਗਾਜ਼ੀ — ਨੇ ਮਦਾਰ ਹੋਟਲ ਚੌਰਾਹੇ ‘ਤੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਭੜਕਾਊ ਆਡੀਓ ਚਲਾਈ। ਇਸ ਕਾਰਨ 20-25 ਨੌਜਵਾਨ ਇਕੱਠ ਹੋ ਗਏ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਹਾਲਾਂਕਿ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਭੀੜ ਨੂੰ ਸ਼ਾਂਤ ਕੀਤਾ ਅਤੇ ਵੱਡੀ ਗੜਬੜ ਤੋਂ ਬਚਾਅ ਹੋਇਆ।
ਸੁਜਾਤਗੰਜ ਚੌਕੀ ਇੰਚਾਰਜ ਰਾਜਮੋਹਨ ਮਿਸ਼ਰਾ ਨੇ ਦੱਸਿਆ ਕਿ ਆਡੀਓ ਚਲਾਉਣ ਦਾ ਉਦੇਸ਼ ਲੋਕਾਂ ਨੂੰ ਭੜਕਾਉਣਾ ਅਤੇ ਦੰਗਾ ਕਰਵਾਉਣਾ ਸੀ। ਰੇਲਬਾਜ਼ਾਰ ਪੁਲਿਸ ਸਟੇਸ਼ਨ ਦੇ ਇੰਚਾਰਜ ਜਤਿੰਦਰ ਪ੍ਰਤਾਪ ਸਿੰਘ ਚੌਹਾਨ ਨੇ ਪੁਸ਼ਟੀ ਕੀਤੀ ਕਿ ਜ਼ੁਬੈਰ ਅਤੇ ਹੋਰ 25 ਅਣਪਛਾਤੇ ਵਿਅਕਤੀਆਂ ਵਿਰੁੱਧ IPC ਦੀ ਧਾਰਾ 192 ਅਤੇ 189(2) ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਅਖਿਲ ਕੁਮਾਰ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ‘ਚ ਰਾਜਨੀਤਿਕ ਗਤੀਵਿਧੀਆਂ ਵੀ ਤੇਜ਼ ਹੋ ਗਈਆਂ ਹਨ। ਸਮਾਜਵਾਦੀ ਪਾਰਟੀ ਦੇ ਵਿਧਾਇਕ ਅਮਿਤਾਭ ਬਾਜਪਾਈ, ਹਸਨ ਰੂਮੀ ਅਤੇ ਨਸੀਮ ਸੋਲੰਕੀ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੁਲਿਸ ਨੂੰ ਨਿਰਦੋਸ਼ ਲੋਕਾਂ ਨੂੰ ਫਸਾਉਣ ਦੀ ਬਜਾਏ ਅਸਲ ਦੋਸ਼ੀਆਂ ਵਿਰੁੱਧ ਹੀ ਕਾਰਵਾਈ ਕਰਨੀ ਚਾਹੀਦੀ ਹੈ।
ਵਿਧਾਇਕ ਅਮਿਤਾਭ ਬਾਜਪਾਈ ਨੇ ਦੰਗਾਕਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਘਟਨਾ ਦੇ 5 ਦਿਨ ਬਾਅਦ ਐਫਆਈਆਰ ਕਿਉਂ ਦਰਜ ਹੋਈ ਅਤੇ ਕਾਨਪੁਰ ਤੋਂ ਬਾਹਰ ਤੇ ਵਿਦੇਸ਼ਾਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਕਿਉਂ ਹੋ ਰਹੇ ਹਨ।
ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।






