Site icon Dainik Savera Punjab

ਗੁਰਦਾਸਪੁਰ: ਰਣਜੀਤ ਸਿੰਘ ਦੀ ਮੌਤ ਨੇ ਖੜ੍ਹੇ ਕੀਤੇ ਸਵਾਲ—ਆਗੂਆਂ ਨੇ ਮਾਨ ਸਰਕਾਰ ਨੂੰ ਘੇਰਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਗੁਰਦਾਸਪੁਰ ਜ਼ਿਲ੍ਹੇ ਵਿੱਚ ਨੌਜਵਾਨ ਰਣਜੀਤ ਸਿੰਘ ਦੀ ਝੂਠੇ ਮੁਕਾਬਲੇ ਵਿੱਚ ਕੀਤੀ ਗਈ ਹੱਤਿਆ ਨੂੰ ਗੰਭੀਰਤਾ ਨਾਲ ਲੈਂਦਿਆਂ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਅਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਤਿੱਖੀ ਨਿੰਦਾ ਕੀਤੀ ਹੈ। ਆਗੂਆਂ ਨੇ ਕਿਹਾ ਕਿ ਗੈਂਗਸਟਰਾਂ ਦੇ ਨਾਮ ‘ਤੇ ਪੁਲਿਸ ਨੂੰ ਬੇਰੋਕ-ਟੋਕ ਗੈਰਅਦਾਲਤੀ ਹੱਤਿਆਵਾਂ ਕਰਨ ਦੀ ਛੁੱਟੀ ਦੇਣਾ ਪੰਜਾਬ ਸਰਕਾਰ ਦਾ ਬਹੁਤ ਹੀ ਖ਼ਤਰਨਾਕ ਰਵੱਈਆ ਹੈ, ਜਿਸਦਾ ਸਾਰੇ ਇਨਸਾਫ਼ਪਸੰਦ ਅਤੇ ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਆਗੂਆਂ ਨੇ ਕਿਹਾ ਕਿ ਕੋਈ ਵੀ ਨੌਜਵਾਨ ਜਨਮ ਤੋਂ ਗੈਂਗਸਟਰ ਨਹੀਂ ਹੁੰਦਾ; ਇਹ ਹਾਕਮ ਵਰਗ ਦੀ ਸਿਆਸਤ ਹੈ ਜੋ ਆਪਣੇ ਫਾਇਦੇ ਲਈ ਗੁੰਡਾ ਗਿਰੋਹਾਂ ਨੂੰ ਪੈਦਾ ਕਰਦੀ ਅਤੇ ਉਨ੍ਹਾਂ ਨੂੰ ਰਾਜਨੀਤਕ ਸਹਾਰਾ ਦਿੰਦੀ ਹੈ।
ਹਾਕਮ ਵਰਗ ਦਾ ਮਤਲਬ ਹੈ —
ਉਹ ਲੋਕ ਜਾਂ ਗਿਰੋਹ ਜੋ ਸਮਾਜ, ਅਰਥਵਿਵਸਥਾ ਅਤੇ ਰਾਜਨੀਤੀ ‘ਤੇ ਕਾਬੂ ਰੱਖਦੇ ਹਨ। ਇਹ ਉਹ ਵਰਗ ਹੁੰਦਾ ਹੈ ਜਿਸਦੇ ਹੱਥ ਵਿੱਚ ਤਾਕਤ, ਪੈਸਾ, ਸਰੋਤ ਅਤੇ ਫ਼ੈਸਲੇ ਕਰਨ ਦੀ ਸਮਰੱਥਾ ਹੁੰਦੀ ਹੈ।
ਗੈਂਗਸਟਰਾਂ ਦੇ ਵਰਤਾਰੇ ਦੇ ਅਸਲ ਕਾਰਨਾਂ ਨੂੰ ਸਮਝਣ ਦੀ ਬਜਾਏ, ਭਗਵੰਤ ਮਾਨ ਸਰਕਾਰ ਕਥਿਤ ਮੁਕਾਬਲੇ ਬਣਾਕੇ ਸਮਾਜ ਵਿੱਚ ਪੁਲਸੀ ਦਹਿਸ਼ਤ ਅਤੇ ਖ਼ੌਫ਼ ਦਾ ਮਾਹੌਲ ਤਿਆਰ ਕਰ ਰਹੀ ਹੈ। ਜਿਨ੍ਹਾਂ ਲੋਕਾਂ ਨੂੰ ਪੁਲਿਸ ਆਸਾਨੀ ਨਾਲ ਗ੍ਰਿਫ਼ਤਾਰ ਕਰ ਸਕਦੀ ਹੈ, ਉਨ੍ਹਾਂ ਨੂੰ ਵੀ ਸਰਕਾਰ ਦੀ ਸ਼ਹਿ ਨਾਲ ਮੁਕਾਬਲਿਆਂ ਵਿੱਚ ਮਾਰਿਆ ਜਾਂ ਜ਼ਖ਼ਮੀ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਦਰਅਸਲ ਲੋਕਾਂ ਦੇ ਸੰਘਰਸ਼ਾਂ ਅਤੇ ਜਥੇਬੰਦਕ ਤਾਕਤ ਨੂੰ ਦਬਾਉਣ ਲਈ ਦਹਿਸ਼ਤ ਦਾ ਮਾਹੌਲ ਬਣਾਉਣ ਅਤੇ ਪੁਲਿਸ ਰਾਜ ਵੱਲ ਵਧਣ ਦੀ ਵੱਡੀ ਪ੍ਰਕਿਰਿਆ ਦਾ ਹਿੱਸਾ ਹੈ। ਨੌਜਵਾਨ ਨੂੰ ਘਰੋਂ ਪੁਲਿਸ ਵੱਲੋਂ ਲੈ ਜਾਣਾ, ਹਥਿਆਰ ਬਰਾਮਦਗੀ ਦੌਰਾਨ ਉਸਨੂੰ ਫਰਾਰ ਦਿਖਾਉਣਾ, ਹਥਿਆਰ ਹਾਸਲ ਕਰਕੇ ਗੋਲੀ ਚਲਾਉਣ ਦਾ ਦਾਅਵਾ ਕਰਨਾ ਅਤੇ ਮੁਕਾਬਲਾ ਬਣਾਉਣ ਤੋਂ ਬਾਅਦ ਸੀਸੀਟੀਵੀ ਹਟਾ ਕੇ ਲੈ ਜਾਣਾ—ਇਹ ਸਾਰੇ ਹਾਲਾਤ ਗੰਭੀਰ ਸਵਾਲ ਖੜੇ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਦੋ ਪੁਲਿਸ ਕਰਮਚਾਰੀਆਂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਅਸਲ ਕਾਰਨਾਂ ਨੂੰ ਛੁਪਾਉਣ ਲਈ ਮੁਕਾਬਲੇ ਦੀ ਕਹਾਣੀ ਘੜੀ ਗਈ ਅਤੇ ਇੱਕ ਬੇਗੁਨਾਹ ਨੌਜਵਾਨ ਦੀ ਜਾਨ ਲੈ ਲਈ ਗਈ।
ਉਨ੍ਹਾਂ ਮੰਗ ਕੀਤੀ ਕਿ ‘ਮੁਕਾਬਲੇ’ ਦੀ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਉੱਚ ਪੱਧਰੀ ਜਾਂਚ ਕਰਾਏ ਜਾਵੇ, ਭਗਵੰਤ ਮਾਨ ਸਰਕਾਰ ਮੁਕਾਬਲਿਆਂ ਦਾ ਡਰਾਮਾ ਬੰਦ ਕਰੇ ਅਤੇ ਮੁਕਾਬਲੇ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

gurdaspur-ranjit-singh-death-questions-mann-government

Exit mobile version