ਪੰਜਾਬ ਡੈਸਕ : ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਸਬੰਧੀ ਵੱਖ-ਵੱਖ ਰਾਜਾਂ ਨੂੰ ਚਿੱਠੀ ਜਾਰੀ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ‘ਤੇ ਗੰਭੀਰ ਚਿੰਤਾ ਜਤਾਈ ਹੈ। SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਸਪੱਸ਼ਟ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਦੇ ਨਾਂ ‘ਤੇ ਜਥਿਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਣਾ ਸਰਕਾਰ ਦੀ ਵੱਡੀ ਨਾਕਾਮੀ ਹੈ।ਪ੍ਰਤਾਪ ਸਿੰਘ ਨੇ ਕਿਹਾ ਕਿ ਚਿੱਠੀ ਸਿੱਧੀ SGPC ਨੂੰ ਨਹੀਂ ਆਈ, ਸਗੋਂ ਵੱਖ-ਵੱਖ ਰਾਜ ਸਰਕਾਰਾਂ ਨੂੰ ਭੇਜੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੋਕਿਆ ਗਿਆ ਹੈ। ਇਸ ‘ਤੇ ਉਹਨਾਂ ਨੇ ਕਿਹਾ ਕਿ ਜੇ ਪਾਕਿਸਤਾਨੀ ਸਰਕਾਰ ਨੂੰ ਸੁਰੱਖਿਆ ਦੇ ਪ੍ਰਬੰਧ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਤਾਂ ਉਹ ਖੁਦ ਹੀ ਜਥੇ ਨੂੰ ਇਜਾਜ਼ਤ ਨਾ ਦਿੰਦੇ। ਜੇਕਰ ਪਾਕਿਸਤਾਨੀ ਸਰਕਾਰ ਸਿੱਖ ਯਾਤਰੀਆਂ ਨੂੰ ਆਉਣ ਦੇਣ ਲਈ ਤਿਆਰ ਹੈ, ਤਾਂ ਭਾਰਤ ਸਰਕਾਰ ਵੱਲੋਂ ਰੋਕਣਾ ਅਨੁਚਿਤ ਹੈ।ਉਹਨਾਂ ਨੇ ਦਲੀਲ ਦਿੱਤੀ ਕਿ ਸਿੱਖ ਕੌਮ ਦਾ ਕਿਸੇ ਵੀ ਕੌਮ ਜਾਂ ਧਰਮ ਨਾਲ ਵਿਰੋਧ ਨਹੀਂ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਇਸੇ ਸੰਦੇਸ਼ ਅਨੁਸਾਰ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਜਾਂਦੇ ਹਨ। ਇਸ ਲਈ ਜਥੇ ਨੂੰ ਰੋਕਣਾ ਧਾਰਮਿਕ ਆਜ਼ਾਦੀ ‘ਤੇ ਸਿੱਧਾ ਨਿਸ਼ਾਨਾ ਹੈ।
SGPC ਸਕੱਤਰ ਨੇ ਭਾਰਤ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੇ ਕ੍ਰਿਕਟ ਟੀਮਾਂ ਪਾਕਿਸਤਾਨ ਨਾਲ ਖੇਡ ਸਕਦੀਆਂ ਹਨ, ਤਾਂ ਸਿੱਖਾਂ ਦੇ ਜਥੇ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਕਿਉਂ ਨਹੀਂ ਜਾ ਸਕਦੇ? ਉਹਨਾਂ ਅਨੁਸਾਰ ਇਹ ਸਰਕਾਰ ਦੀ ਫੇਲ੍ਹ ਹੈ ਕਿ ਆਪਣੇ ਹੀ ਧਰਮਿਕ ਯਾਤਰੀਆਂ ਨੂੰ ਸੁਰੱਖਿਆ ਦੇਣ ਵਿੱਚ ਅਸਮਰਥ ਰਹੀ।ਪ੍ਰਤਾਪ ਸਿੰਘ ਨੇ ਕਿਹਾ ਕਿ ਜੰਗੀ ਮਾਹੌਲ ਦੇ ਦੌਰਾਨ ਰੋਕਾਂ ਸਮਝ ਆ ਸਕਦੀਆਂ ਹਨ, ਪਰ ਅਮਨ-ਸ਼ਾਂਤੀ ਦੇ ਸਮੇਂ ਧਾਰਮਿਕ ਦਰਸ਼ਨਾਂ ਤੋਂ ਰੋਕਣਾ ਬਿਲਕੁਲ ਨਾਜ਼ਾਇਜ਼ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੀ ਆਮ ਜਨਤਾ ਸ਼ਾਂਤੀ ਚਾਹੁੰਦੀ ਹੈ। ਲੋਕਾਂ ਨੂੰ ਨਾ ਤਾਂ ਜੰਗ ਚਾਹੀਦੀ ਹੈ ਤੇ ਨਾ ਹੀ ਵਪਾਰਕ ਸੰਬੰਧ ਤੋੜਨ ਦੀ ਇੱਛਾ। ਇਹ ਸਿਰਫ ਸਿਆਸੀ ਨੇਤਾਵਾਂ ਦੀਆਂ ਨੀਤੀਆਂ ਹਨ ਜੋ ਤਣਾਅ ਪੈਦਾ ਕਰਦੀਆਂ ਹਨ।SGPC ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਅਤੇ ਜਥਿਆਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਕੌਮ ਲਗਾਤਾਰ ਅਰਦਾਸ ਕਰਦੀ ਆ ਰਹੀ ਹੈ ਕਿ ਜਿਨ੍ਹਾਂ ਗੁਰਧਾਮਾਂ ਨੂੰ ਵੰਡ ਸਮੇਂ ਸਿੱਖ ਪੰਥ ਤੋਂ ਵੱਖ ਕੀਤਾ ਗਿਆ ਸੀ, ਉਹਨਾਂ ਦੇ ਦਰਸ਼ਨ ਬਿਨਾਂ ਕਿਸੇ ਰੁਕਾਵਟ ਦੇ ਹੋਣ।ਉਹਨਾਂ ਨੇ ਦੁਹਰਾਇਆ ਕਿ ਜਦੋਂ ਖੇਡਾਂ ਅਤੇ ਵਪਾਰਿਕ ਗਤੀਵਿਧੀਆਂ ਦੋਨੋਂ ਦੇਸ਼ਾਂ ਵਿੱਚ ਸੰਭਵ ਹੋ ਸਕਦੀਆਂ ਹਨ, ਤਾਂ ਧਾਰਮਿਕ ਯਾਤਰਾ ਰੋਕਣਾ ਨਾ ਸਿਰਫ਼ ਗਲਤ ਹੈ ਸਗੋਂ ਸਰਕਾਰ ਦੀ ਵੱਡੀ ਨਾਕਾਮੀ ਵੀ ਹੈ।
ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬੇਈਮਾਨ:ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਰ ਸਾਲ ਦੀ ਤਰਾਂ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਕੇਂਦਰ ਸਰਕਾਰ ਵਲੋਂ ਇਜਾਜ਼ਤ ਨਾ ਦਿੱਤੇ ਜਾਣ ਦੀ ਸਖ਼ਤ ਆਲੋਚਨਾ ਕੀਤੀ ਹੈ। ਓਹਨਾ ਕਿਹਾ ਕਿ ਜੇ ਭਾਰਤ-ਪਾਕਿਸਤਾਨ ਦਰਮਿਆਨ ਮੈਚ ਹੋ ਸਕਦਾ ਤਾਂ ਸਿੱਖ ਯਾਤਰੀਆਂ ਤੇ ਪਾਬੰਦੀ ਕਿਉਂ ਲਗਾਈ ਗਈ।ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ,ਜੰਗ ਦੀ ਆੜ ਵਿਚ ਕਰਤਾਰਪੁਰ ਕੋਰੀਡੋਰ ਨਾ ਖੋਲ੍ਹਣਾ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਬੇਈਮਾਨੀ ਨੂੰ ਪੇਸ਼ ਕਰਦੀ ਤਸਵੀਰ ਹੈ। ਓਹਨਾ ਭਾਰਤ ਸਰਕਾਰ ਨੂੰ ਧਿਆਨ ਦਿਵਾਉਂਦੇ ਕਿਹਾ ਕਿ, ਭਾਰਤ ਪਾਕਿਸਤਾਨ ਵਿਚਕਾਰ ਹੋਈਆਂ ਤਿੰਨ ਜੰਗਾਂ ਦੌਰਾਨ ਵੀ ਯਾਤਰਾ ਨਹੀ ਰੋਕੀ ਗਈ ਸੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਭਾਰਤ ਸਰਕਾਰ ਨੂੰ ਮਿਸ ਲੀਡ ਕਰ ਰਹੀਆਂ ਹਨ। ਓਹਨਾ ਕਿਹਾ ਕਿ ਇਸ ਤਰਾਂ ਦੀ ਪਾਬੰਦੀ ਮੁਗਲ ਕਾਲ ਸਮੇਂ ਵੀ ਨਹੀਂ ਲੱਗੀ।ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਹੀ ਭਾਰਤ ਸਰਕਾਰ ਸਿੱਖਾਂ ਭਾਈਚਾਰੇ ਨਾਲ ਵਿਤਕਰੇਬਾਜੀ ਦੂਰ ਕਰਦੇ ਹੋਏ ਤੁਰੰਤ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਇਜਾਜਤ ਦੇਵੇ ਅਤੇ ਕਰਤਾਰਪੁਰ ਕੋਰੀਡੋਰ ਤੁਰੰਤ ਖੋਲ੍ਹੇ ਜਾਣ । ਇਸ ਦੇ ਨਾਲ ਓਹਨਾ ਕਿਹਾ ਕਿ, ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਵਿੱਚ ਸ਼ਾਮਿਲ ਸੰਗਤ ਨੂੰ ਕਿਸੇ ਤਰਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਕੇਂਦਰ ਸਰਕਾਰ ਤੁਰੰਤ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰੇ।






